ਲੋਕਾਂ ਨੂੰ ਆਉਣ ਵਾਲੇ ਸੀਜ਼ਨ ’ਚ ਬੀਮਾਰੀਆਂ ਤੋਂ ਬਚਾਅ ਲਈ ਕੀਤਾ ਜਾਵੇ ਜਾਗਰੂਕ : ਸਿਵਲ ਸਰਜਨ

Wednesday, Mar 20, 2019 - 03:38 AM (IST)

ਲੋਕਾਂ ਨੂੰ ਆਉਣ ਵਾਲੇ ਸੀਜ਼ਨ ’ਚ ਬੀਮਾਰੀਆਂ ਤੋਂ ਬਚਾਅ ਲਈ ਕੀਤਾ ਜਾਵੇ ਜਾਗਰੂਕ : ਸਿਵਲ ਸਰਜਨ
ਕਪੂਰਥਲਾ (ਗੁਰਵਿੰਦਰ ਕੌਰ)-ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਜ਼ਿਲੇ ਦੇ ਮੇਲ ਸੁਪਰਵਾਈਜ਼ਰਾਂ (ਹੈਲਥ) ਦੀ ਇਕ ਮੀਟਿੰਗ ਲਈ ਗਈ। ਮੀਟਿੰਗ ਦੌਰਾਨ ਜ਼ਿਲਾ ਐਪੀਡੀਮਾਇਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਵੱਲੋਂ ਉਨ੍ਹਾਂ ਨੂੰ ਡੇਂਗੂ, ਮਲੇਰੀਆ ਦੇ ਸੀਜ਼ਨ ਵਿਚ ਪਹਿਲਾਂ ਹੀ ਬਚਾਅ ਦੇ ਪ੍ਰਬੰਧ ਕਰਨ ਤੇ ਲੋਕਾਂ ਨੂੰ ਜਾਗਰੂਕ ਕਰਨ ਨੂੰ ਕਿਹਾ ਗਿਆ। ਡਾ. ਰਾਜੀਵ ਭਗਤ ਨੇ ਕਿਹਾ ਕਿ ਉਹ ਆਪੋ-ਆਪਣੇ ਖੇਤਰ ’ਚ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਦੇ ਕਾਰਨਾਂ, ਲੱਛਣਾਂ ਤੇ ਬਚਾਅ ਪ੍ਰਤੀ ਪਹਿਲਾਂ ਹੀ ਜਾਗਰੂਕ ਕਰਨਾ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ’ਚ ਹੀ ਬਚਾਅ ਹੈ। ਡਾ. ਰਾਜੀਵ ਨੇ ਦੱਸਿਆ ਕਿ ਤਾਪਮਾਨ ’ਚ ਵਾਧੇ ਨਾਲ ਮੱਛਰਾਂ ਦਾ ਲਾਰਵਾ ਪੈਦਾ ਹੋਣ ਦੇ ਚਾਂਸ ਵਧ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਫ ਪਾਣੀ ’ਚ ਲਾਰਵਾ ਪੈਦਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਫੀਲਡ ’ਚ ਕੰਮ ਦੌਰਾਨ ਉਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਮੁਕਤ ਐਪ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਡਾ. ਨਵਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਆਸ-ਪਾਸ ਦੀ ਸਫਾਈ ਰੱਖਣ ਲਈ ਪ੍ਰੇਰਿਆ ਜਾਵੇ ਤੇ ਕਿਤੇ ਵੀ ਪਾਣੀ ਦਾ ਠਹਿਰਾਅ ਨਾ ਹੋਣ ਦਿੱਤਾ ਜਾਏ। ਉਨ੍ਹਾਂ ਸੁਪਰਵਾਈਜ਼ਰਾਂ ਨੂੰ ਕਿਹਾ ਕਿ ਉਹ ਆਪਣੇ ਖੇਤਰ ’ਚ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਢਕ ਕੇ ਰੱਖਣ, ਡ੍ਰਾਈ ਡੇਅ ਦੀ ਪਾਲਣਾ ਕਰਨ ਦੀ ਪ੍ਰੇਰਨਾ ਦੇਣ। ਇਸ ਤੋਂ ਇਲਾਵਾ ਸਿੱਖਿਅਕ ਸੰਸਥਾਨਾਂ ਤੇ ਸਰਕਾਰੀ ਦਫਤਰਾਂ ਵਿਚ ਵੀ ਡੇਂਗੂ ਦੇ ਸਬੰਧ ਵਿਚ ਜਾਗਰੂਕ ਰਹਿਣ ’ਤੇ ਪਾਣੀ ਆਦਿ ਦੇ ਸੋਮਿਆਂ ਨੂੰ ਢੱਕ ਕੇ ਰੱਖਣ ਤੇ ਸਾਫ-ਸਫਾਈ ਰੱਖਣ ਨੂੰ ਕਿਹਾ ਜਾਵੇ ਤਾਂ ਕਿ ਕਿਤੇ ਵੀ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ। ਇਸ ਮੌਕੇ ਗੁਰਵੀਰ ਸਿੰਘ ਤੇ ਹੋਰ ਹਾਜ਼ਰ ਸਨ।

Related News