ਦੇਸ਼ ਦੇ ਪਲੀਤ ਦਰਿਆਵਾਂ ਵਿੱਚ ਸ਼ਾਮਲ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਸੰਤ ਸੀਚੇਵਾਲ ਨੇ ਚੁੱਕਿਆ ਬੀੜਾ

Monday, Jan 06, 2025 - 11:02 PM (IST)

ਦੇਸ਼ ਦੇ ਪਲੀਤ ਦਰਿਆਵਾਂ ਵਿੱਚ ਸ਼ਾਮਲ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਸੰਤ ਸੀਚੇਵਾਲ ਨੇ ਚੁੱਕਿਆ ਬੀੜਾ

ਸੁਲਤਾਨਪੁਰ ਲੋਧੀ (ਅਸ਼ਵਨੀ)- ਪੰਜਾਬ ਦੇ ਪ੍ਰਦੂਸ਼ਿਤ ਦਰਿਆਵਾਂ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਭਾਗੀਰੱਥ ਯਤਨਾਂ ਲਈ ਜਾਣੇ ਜਾਂਦੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚਵਾਲ ਵਲੋਂ ਕੜਾਕੇ ਦੀ ਠੰਡ ਦੀ ਪਰਵਾਹ ਕੀਤੇ ਬਿਨਾਂ ਇਨ੍ਹੀਂ ਦਿਨੀਂ ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। 

ਦੇਸ਼ ਦੇ ਪਲੀਤ ਦਰਿਆਵਾਂ ਵਿੱਚ ਸ਼ਾਮਿਲ ਲੁਧਿਆਣੇ ਵਿੱਚੋਂ ਲੰਘਦੇ ਬੁੱਢੇ ਦਰਿਆ ਨੂੰ ਸਾਫ਼ ਸੁਥਰਾ ਕਰਨ ਦੀ ਸੰਤ ਸੀਚੇਵਾਲ ਵਲੋਂ ਚਲਾਈ ਮੁਹਿੰਮ ਨੂੰ ਪੰਜਾਬ ਦੇ ਵਾਤਾਵਰਣ ਪੱਖੋਂ ਇੱਕ ਹੋਰ ਵੱਡੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਦੂਸ਼ਣ ਕਾਰਣ ਇੱਕ ਤਰ੍ਹਾਂ ਨਾਲ ਮਰ ਚੁੱਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਕੇ ਦੇਸ਼ ਦੁਨੀਆ ਅੱਗੇ ਇੱਕ ਵੱਡੀ ਮਿਸਾਲ ਰੱਖੀ ਹੈ।

ਇਸ ਸੰਬੰਧੀ ਵੱਖ-ਵੱਖ ਬੁਧੀਜੀਵੀਆਂ ਤੇ ਮਾਹਿਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰਤ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੂੰ ਆਪ ਐਕਸਕੈਵੇਟਰ ਚਲਾ ਕੇ ਦਰਿਆ ਸਾਫ਼ ਜਾਂ ਹੱਥੀ ਇਸ ਤਰੀਕੇ ਨਾਲ ਕੰਮ ਕਰਦਿਆ ਨਹੀਂ ਦੇਖਿਆ ਸੀ ਅਤੇ ਨਾ ਹੀ ਅਜੇ ਤੱਕ 75 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਬਿਰਤਾਂਤ ਉਨ੍ਹਾਂ ਨੇ ਪੜ੍ਹਿਆ ਹੈ।

ਇਹ ਵੀ ਪੜ੍ਹੋ- ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ

ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਵੀ ਹੱਥੀਂ ਕੰਮ ਕਰਦੇ ਦਿਖਾਈ ਦਿੰਦੇ ਹਨ ਸੀਚੇਵਾਲ : ਡਾ. ਸਵਰਾਜ
ਵਿਸ਼ਵ ਪੱਧਰ ਦੀ ਰਾਜਨੀਤੀ ਦਾ ਵਿਸ਼ੇਸ਼ਲਣ ਕਰਨ ਵਾਲੇ ਡਾ: ਸਵਰਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਨੁੰ ਉਸ ਸਮੇਂ ਤੋਂ ਜਾਣਦੇ ਹਨ ਜਦੋਂ ਉਨ੍ਹਾਂ ਨੇ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਕਾਰਸੇਵਾ ਆਰੰਭੀ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ 25 ਸਾਲਾਂ ਵਿੱਚ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿੱਚ ਸੰਤ ਸੀਚੇਵਾਲ ਨੂੰ ਹੱਥੀਂ ਕਾਰਸੇਵਾ ਰਾਹੀਂ ਕਹੀ, ਟ੍ਰੈਕਟਰ ਤੇ ਜੇ.ਸੀ.ਬੀ. ਚਲਾਉਂਦਿਆ ਦੇਖਿਆ ਸੀ ਤੇ ਹੁਣ ਜਦੋਂ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਹਨ ਤਾਂ ਅੱਜ ਵੀ ਉਸੇ ਤਰ੍ਹਾਂ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਆਪ ਐਕਸਕੈਵੇਟਰ ਚਲਾਉਂਦੇ ਦੇਖ ਰਿਹਾ ਹਾਂ। ਡਾ: ਸਵਰਾਜ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਧਰਾਤਲ ਨਾਲ ਜੁੜੇ ਮਹਾਂਪੁਰਖ ਹਨ, ਜੋ ਅਜ ਵੀ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਵੀ ਹੱਥੀਂ ਕੰਮ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਅਪੀਲ ਕੀਤੀ ਕਿ ਉਹ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਉਣ।

ਬੁੱਢਾ ਦਰਿਆ ਪੰਜਾਬ ਦੀ ਅਮੀਰ ਵਿਰਾਸਤ ਦਾ ਹਿੱਸਾ : ਡਾ. ਗੁਰਭਜਨ ਗਿੱਲ
ਪੰਜਾਬ ਦੇ ਨਾਮਵਰ ਕਵੀ ਡਾ: ਗੁਰਭਜਨ ਗਿੱਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਸਮਾਂ ਹੈ ਜਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢਾ ਦਰਿਆ ਆਪਣੀ ਪੁਰਾਤਨ ਵਿਰਾਸਤ ਵੱਲ ਪਰਤਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਰਾਹੀ ਜੋ ਕ੍ਰਿਸ਼ਮਾ ਕਰ ਕੇ ਦਿਖਾਇਆ ਹੈ, ਇਤਿਹਾਸ ਉਸ ਨੂੰ ਹਮੇਸ਼ਾ ਯਾਦ ਰੱਖੇਗਾ। ਬੁੱਢਾ ਦਰਿਆ ਪੰਜਾਬ ਦੀ ਅਮੀਰ ਵਿਰਾਸਤ ਦਾ ਹਿੱਸਾ ਹੈ ਜਿਸ ਨੂੰ ਸੰਭਾਲਣਾ ਹਰ ਪੰਜਾਬੀ ਦਾ ਮੁੱਢਲਾ ਫ਼ਰਜ਼ ‘ਤੇ ਧਰਮ ਬਣਦਾ ਹੈ।

ਇਹ ਵੀ ਪੜ੍ਹੋ- ਭਾਰਤ ਦੇ ਸਟਾਰ ਆਲਰਾਊਂਡਰ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ

ਦਰਿਆਵਾਂ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ : ਸਮਾਜਸੇਵੀ ਗੜ੍ਹਦੀਵਾਲ
ਸਮਾਜ ਸੇਵੀ ਜਰਨੈਲ ਸਿੰਘ ਗੜ੍ਹਦੀਵਾਲ ਨੇ ਕਿਹਾ ਸੰਤ ਸੀਚੇਵਾਲ ਅਜਿਹੀ ਸਖ਼ਸੀਅਤ ਦੇ ਮਾਲਕ ਹਨ ਜੋ ਆਲੋਚਨਾ ਦਾ ਜਵਾਬ ਕੰਮ ਨਾਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦਰਿਆਵਾਂ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਗੋਂ ਇਨ੍ਹਾਂ ਨੂੰ ਸਾਫ਼ ਸੁਥਰਾ ਕਰਨ ਲਈ ਕੋਸ਼ਿਸ਼ਾਂ ਦੀ ਲੋੜ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਕਿਸੇ ਨੇ ਸਾਂਸਦ ਨੇ ਆਪਣੇ ਹੱਥੀ ਬੁੱਢੇ ਦਰਿਆ ਦੀ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਮੈਂਬਰ ਪਾਰਲੀਮੈਂਟ ਵਰਗੇ ਅਹੁਦੇ ਤੇ ਹੁੰਦਿਆਂ ਵੀ ਸੰਤ ਸੀਚੇਵਾਲ ਓਸੇ ਸਖ਼ਸੀਅਤ ਦੇ ਮਾਲਕ ਹਨ ਅਤੇ ਉਹ ਅਜਿਹੇ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਤੱਕ ਪਹੁੰਚ ਕਰਨਾ ਸਭ ਲਈ ਆਸਾਨ ਹੈ। ਉਨ੍ਹਾਂ ਲੁਧਿਆਣੇ ਦੀਆਂ ਧਾਰਮਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬੁੱਢੇ ਦਰਿਆ ਦੀ ਕਾਰ ਸੇਵਾ ਦੇ ਚੱਲਦੇ ਕਾਰਜਾਂ ਵਿੱਚ ਹਿੱਸਾ ਪਾਉਣ।

ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਵੇਂਈ ਦੀ ਕਾਰਸੇਵਾ ਰਾਹੀ ਨਾ-ਮੁਮਕਿਨ ਕਾਰਜ ਨੂੰ ਮੁਮਕਿਨ ਬਣਾਇਆ ਹੈ : ਸਰਾਏ
ਪੰਜਾਬੀ ਸੱਥ ਯੂ.ਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਵੇਂਈ ਦੀ ਕਾਰਸੇਵਾ ਨਾਲ ਨਾ-ਮੁਮਕਿਨ ਕਾਰਜ਼ ਨੂੰ ਮੁਮਕਿਨ ਕਰਕੇ ਦਿਖਾਇਆ ਹੈ। ਸਰਾਏ ਨੇ ਦੱਸਿਆ ਕਿ ਉਨ੍ਹਾਂ ਉਹ ਵੀ ਸਮਾਂ ਦੇਖਿਆ ਸੀ ਜਦੋਂ ਸੁਲਤਾਨਪੁਰ ਲੋਧੀ ਵਿੱਚ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਂਈ ਦੇ ਕਿਨਾਰੇ ਤੋਂ ਹਰ ਕੋਈ ਮੂੰਹ ਢੱਕ ਕਿ ਲੰਘਿਆ ਕਰਦਾ ਸੀ, ਪਰ ਕਾਰਸੇਵਾ ਰਾਹੀਂ ਵੇਂਈ ਦੇ ਬਦਲੇ ਇਸ ਰੂਪ ਨੂੰ ਦੇਖ ਕਿ ਅੱਜ ਹਰ ਗੁਰੂ ਨਾਨਕ ਨਾਮ ਲੇਵਾ ਇਸ ਵੇਂਈ ਕਿਨਾਰੇ ਸਿਰ ਢੱਕ ਕੇ ਗੁਜ਼ਰਦਾ ਹੈ ਤੇ ਵੇਂਈ ਦੇ ਇਸ ਪਵਿੱਤਰ ਜਲ ਦਾ ਚੂਲਾ ਛੱਕਦਾ ਹੈ ਅਤੇ ਦਰਸ਼ਨ ਇਸ਼ਨਾਨ ਕਰ ਕੇ ਖੁਦ ਨੂੰ ਵਡਭਾਗਾ ਸਮਝਦਾ ਹੈ।

ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News