‘ਨਵੇਂ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਸੁਚੇਤ ਹੋ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ’
Wednesday, Mar 20, 2019 - 03:37 AM (IST)
ਕਪੂਰਥਲਾ (ਗੁਰਵਿੰਦਰ ਕੌਰ)-ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਵਾਬ ਜੱਸਾ ਸਿੰਘ ਆਹੂਲਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਅੱਜ ‘ਵੋਟ ਮੇਰਾ ਜਨਮ ਸਿੱਧ ਅਧਿਕਾਰ ਹੈ’ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਕਰੀਬ 15 ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿਚ ਭਾਗ ਲਿਆ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਦੇ ਨੌਜਵਾਨ ਵਰਗ ਨੂੰ ਸੁਚੇਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਕਿ ਅਸੀਂ ਇਸ ਨਵੇਂ ਸਮਾਜ ਦੀ ਸਿਰਜਣਾ ਕਰ ਸਕੀਏ। ਕਾਲਜ ਦੇ ਪ੍ਰਿੰਸੀਪਲ ਡਾ. ਵੀ. ਕੇ ਸਿੰਘ ਇਸ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਸੁਨੀਤਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਪੀ. ਕੇ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਨੌਜਵਾਨ ਨੂੰ ਆਪਣੀ ਵੋਟ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ। ਸ਼੍ਰੀਮਤੀ ਸੁਨੀਤਾ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 18 ਸਾਲ ਤੋਂ ਉੱਪਰ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਹਾਲੇ ਤੱਕ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਜ਼ਰੂਰ ਬਣਵਾਉਣ। ਵਿਭਾਗ ਦੇ ਨੋਡਲ ਅਧਿਕਾਰੀ ਕਵੀਸ਼ ਦੱਤ ਨੇ ਇਸ ਮੌਕੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਸਵੀਪ’ ਸਬੰਧੀ ਚਾਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਅੱਜ ਰਣਧੀਰ ਕਾਲਜ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਨੌਜਵਾਨਾਂ ਵਿਚ ਜਾਗਰੂਕਤਾ ਲਿਆਉਣਾ ਹੈ, ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਉਹ ਵੱਧ-ਚਡ਼੍ਹ ਕੇ ਹਿੱਸਾ ਲੈਣ। ਵਿਭਾਗ ਦੇ ਹੀ ਅਧਿਕਾਰੀ ਗੁਰਕਮਲ ਸਿੰਘ ਨੇ ਕਿਹਾ ਕਿ ਵੋਟ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਟੋਲ ਫਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਭਾਸ਼ਣ ਮੁਕਾਬਲੇ ਵਿਚ ਨੇਹਾ ਨੂੰ ਪਹਿਲਾ, ਸੁਮੀਤ ਸ਼ਰਮਾ ਨੂੰ ਦੂਸਰਾ ਅਤੇ ਜੋਤੀ ਨੂੰ ਤੀਸਰਾ ਸਥਾਨ ਮਿਲਿਆ, ਜਿਨ੍ਹਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਤਰਨਵੀਰ ਕੌਰ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਰੇਖਾ, ਪ੍ਰੋ. ਜੋਤੀ, ਪ੍ਰੋ. ਕੁਲਵਿੰਦਰ ਕੁਮਾਰ ਅਤੇ ਮਿਸ ਬਲਪ੍ਰੀਤ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।