ਹਾਈਕੋਰਟ ਦੇ ਜਸਟਿਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

Saturday, Mar 09, 2019 - 10:05 AM (IST)

ਹਾਈਕੋਰਟ ਦੇ ਜਸਟਿਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
ਕਪੂਰਥਲਾ (ਸੋਢੀ/ਜੋਸ਼ੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐੱਚ. ਐੱਸ. ਮਦਾਨ ਪਰਿਵਾਰ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ, ਜਿਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਤੋਂ ਇਲਾਵਾ ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀ ਕਿਸ਼ੋਰ ਕੁਮਾਰ ਤੇ ਉਨ੍ਹਾਂ ਦੀ ਧਰਮ ਪਤਨੀ ਤੇ ਐਡੀਸ਼ਨਲ ਸਿਵਲ ਜੱਜ ਸ਼੍ਰੀ ਰਛਪਾਲ ਸਿੰਘ, ਸੀ. ਜੀ. ਐੱਮ. ਸ਼੍ਰੀ ਸੰਜੀਵ ਕੁੰਦੀ ਨੇ ਵੀ ਹਾਜ਼ਰੀ ਭਰੀ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਸਿਰੋਪਾਓ ਤੇ ਤਸਵੀਰ ਦੇ ਕੇ ਹਾਈਕੋਰਟ ਦੇ ਜੱਜ ਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਕੀਤਾ। ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗਡ਼੍ਹ ਵਾਲਿਆਂ ਨੇ ਜੱਜ ਸਾਹਿਬਾਨ ਨੂੰ ਸੁਲਤਾਨਪੁਰ ਲੋਧੀ ਦੇ ਸਮੂਹ ਗੁਰਦੁਆਰਾ ਸਾਹਿਬ ਬਾਰੇ ਇਤਿਹਾਸ ਦਾ ਲਿਟਰੇਚਰ ਵੀ ਸੌਂਪਿਆ। ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਹਾਈਕੋਰਟ ਦੇ ਮਾਣਯੋਗ ਜੱਜ ਸ. ਮਦਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤਾਂ-ਮਹਾਪੁਰਸ਼ਾਂ ਵੱਲੋਂ ਸੰਗਤਾਂ ਦੀ ਸਹੂਲਤ ਲਈ ਨਿਰਮਾਣ ਕੀਤੀਆਂ ਜਾ ਰਹੀਆਂ ਰਿਹਾਇਸ਼ੀ ਸਰਾਵਾਂ ਤੇ ਗੁਰੂ ਕੇ ਲੰਗਰ ਬਾਰੇ ਵੀ ਦੱਸਿਆ। ਸ. ਮਦਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਨਗਰੀ ’ਚ ਸਤਿਗੁਰੂ ਜੀ ਦੀ ਆਪਣੇ ਹੱਥੀਂ ਲਗਾਈ ਬੇਰੀ ਸਾਹਿਬ ਦੇ ਦਰਸ਼ਨ ਕਰਕੇ ਮਨ ਸ਼ਾਂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਸਭ ਕੁਝ ਮਿਲਦਾ ਹੈ, ਬੱਸ ਸ਼ਰਧਾ ਭਾਵ ਧਾਰ ਕੇ ਚੇਤੇ ਕਰਨ ਦੀ ਲੋਡ਼ ਹੈ। ਇਸ ਸਮੇਂ ਸਮੂਹ ਜੱਜ ਸਾਹਿਬਾਨ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ, ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਤੇ ਗੁਰਦੁਆਰਾ ਸੰਤਘਾਟ ਸਾਹਿਬ (ਸ੍ਰੀ ਮੂਲ ਮੰਤਰ ਅਸਥਾਨ) ਅਤੇ ਪਵਿੱਤਰ ਵੇਈਂ ਦੇ ਵੀ ਦਰਸ਼ਨ ਕੀਤੇ। ਇਸ ਮੌਕੇ ਭਾਈ ਹਰਜਿੰਦਰ ਸਿੰਘ ਚੰਡੀਗਡ਼੍ਹ, ਨਾਜਰ ਅਮਨਦੀਪ ਸਿੰਘ, ਗੁਣਦੀਪ ਸਿੰਘ, ਸੰਦੀਪ ਕੁਮਾਰ, ਗੁਰਦਿੱਤ ਭੱਟ, ਦੀਪਕ, ਅਮਿਤ ਤੋਂ ਇਲਾਵਾ ਭਾਈ ਚੈਂਚਲ ਸਿੰਘ, ਅਮਨਦੀਪ ਸਿੰਘ ਬੂਲੇ, ਵਿਜੇ ਕੁਮਾਰ, ਭਾਈ ਗੁਰਦੀਪ ਸਿੰਘ, ਏ. ਐੱਸ. ਆਈ. ਠਾਕਰ ਸਿੰਘ ਸਿਟੀ ਇੰਚਾਰਜ, ਦਿਲਬਾਗ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ।

Related News