ਸੈਕੰਡ -‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋੜਵੰਦ ਪਰਿਵਾਰਾਂ ਨੂੰ ਹਰੀਆਂ ਸਬਜ਼ੀਆਂ ਦੇ ਬੂਟੇ ਵੰਡੇ
Thursday, Mar 07, 2019 - 10:07 AM (IST)

ਕਪੂਰਥਲਾ (ਹਰਜੋਤ)-ਪੰਜਾਬ ਸਰਕਾਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਲਮ ਬਸਤੀਆਂ ਵਿਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਹਰੀਆਂ ਸਬਜ਼ੀਆਂ ਦੇ ਬੂਟੇ ਵੰਡਣ ਲਈ ਵਣ ਰੇਂਜ ਅਫਸਰ ਫਗਵਾੜਾ ਦੀ ਅਗਵਾਈ ਤਹਿਤ ਭੁੱਲਾਰਾਈ ਚੌਕ ਬਾਈਪਾਸ ਸਥਿਤ ਸਲਮ ਬਸਤੀਆਂ ਵਿਚ ਲੋੜਵੰਦਾਂ ਨੂੰ ਬੂਟਿਆਂ ਦੀ ਵੰਡ ਕੀਤੀ ਗਈ। ਇਸ ਸਮੇਂ ਜਗਜੀਵਨ ਲਾਲ ਨੇ ਲੋਕਾਂ ਨੂੰ ਜਾਗਰੂਕਤ ਕਰਦਿਆਂ ਦੱਸਿਆ ਕਿ ਮੰਡੀ ਵਿਚ ਆਉਣ ਵਾਲੀਆਂ ਜ਼ਿਆਦਾਤਰ ਸਬਜ਼ੀਆਂ ਰਸਾਇਣਿਕ ਖਾਦਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹ ਕਾਫੀ ਮਹਿੰਗੇ ਰੇਟ ਤੇ ਮਿਲਣ ਦੇ ਬਾਵਜੂਦ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੀਆਂ ਹਨ, ਜਦਕਿ ਘਰਾਂ ਵਿਚ ਆਪ ਉਗਾਈ ਜਾਣ ਵਾਲੀ ਸਬਜ਼ੀ ਜਿਥੇ ਫਰੀ ਦੇ ਭਾਅ ਪੈਂਦੀ ਹੈ, ਉੱਥੇ ਹੀ ਇਹ ਕੀਟਸ਼ਨਾਸ਼ਕ ਰਹਿਤ ਅਤੇ ਸਿਹਤ ਲਈ ਲਾਭਦਾਇਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੀਆਂ ਸਬਜ਼ੀਆਂ ਦੇ ਬੂਟਿਆਂ ਨੂੰ ਘਰਾਂ ਦੀਆਂ ਬਗੀਚੀਆਂ ਅਤੇ ਗਮਲਿਆਂ ਵਿਚ ਵੀ ਲਗਾਇਆ ਜਾ ਸਕਦਾ ਹੈ। ਬਲਾਕ ਅਫਸਰ ਫਗਵਾੜਾ ਜਗੀਰ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੀਰਥ ਸਿੰਘ ਅਤੇ ਕਿਰਨਜੀਤ ਕੌਰ ਵਨ ਗਾਰਡ ਤੋਂ ਇਲਾਵਾ ਮਹਿੰਦਰ ਪਾਲ, ਜਸਬੀਰ ਸਿੰਘ, ਰਣਜੀਵ, ਮਦਨ ਲਾਲ, ਸੰਜੇ ਕੁਮਾਰ, ਰਵੀ ਕੁਮਾਰ, ਵਿਨੋਦ ਕੁਮਾਰ, ਅਜੇ ਕੁਮਾਰ, ਮੰਗੋ, ਮੀਨਾ ਅਤੇ ਰੱਜੋ ਆਦਿ ਵੀ ਹਾਜ਼ਰ ਸਨ।