ਨਹੀਂ ਸੁਧਰੀ ਕੰਗਨਾ, ਦਿਲਜੀਤ ਨਾਲ ਭਿੜਨ ਤੋਂ ਬਾਅਦ ਮੁੜ ਕੀਤੇ ਕਿਸਾਨ ਅੰਦੋਲਨ ’ਤੇ ਟਵੀਟਸ

12/06/2020 8:27:48 PM

ਜਲੰਧਰ (ਬਿਊਰੋ)– ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦਾ ਟਵਿਟਰ ਯੁੱਧ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਅਦਾਕਾਰਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਮੁੜ ਟਵੀਟਸ ਕਰ ਦਿੱਤੇ ਹਨ। ਕੰਗਨਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ’ਤੇ ਹਨੇਰੇ ’ਚ ਰੱਖਣ ਵਾਲੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ।

ਕੰਗਨਾ ਨੇ ਇਕ ਲਿੰਕ ਸ਼ੇਅਰ ਕੀਤਾ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਅਮਰੀਕਾ ਦੀ ਨਵੀਂ ਚੁਣੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ’ਤੇ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਹਨ। ਇਨ੍ਹਾਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਕਮਲਾ ਹੈਰਿਸ ਭਾਰਤ ਸਰਕਾਰ ਦੀ ਨਿੰਦਿਆਂ ਕਰਦਿਆਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਕੰਗਨਾ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ।

ਕੰਗਨਾ ਨੇ ਲਿਖਿਆ, ‘ਇਸ ਏਜੰਡੇ ਦਾ ਕੰਮ ਹੈ ਦੇਸ਼ ’ਚ ਅਸ਼ਾਂਤੀ ਪੈਦਾ ਕਰਕੇ ਭਾਰਤ ਦੇ ਮਾਣ/ਵਪਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨੁਕਸਾਨ ਪਹੁੰਚਾਇਆ ਜਾਵੇ। ਇਹ ਏਜੰਡਾ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਹਰ ਕੁਝ ਮਹੀਨਿਆਂ ’ਚ ਦੰਗੇ, ਹਮਲੇ ਤੇ ਵਿਰੋਧ ਪ੍ਰਦਰਸ਼ਨ ਹੁੰਦੇ ਹਨ। ਇਸ ਤਰ੍ਹਾਂ ਨਾਲ ਭਾਰਤ ਦੀ ਤਰੱਕੀ ਨਹੀਂ ਹੋ ਸਕਦੀ, ਜਿਥੇ ਜ਼ਮੀਨ ਤੇ ਨਾਗਰਿਕਤਾ ਖੁੱਸਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।’

ਕੰਗਨਾ ਨੇ ਇਕ ਹੋਰ ਟਵੀਟ ’ਚ ਲਿਖਿਆ, ‘ਪਿਆਰੇ ਭਾਰਤ, ਉਨ੍ਹਾਂ ਲੋਕਾਂ ਨੂੰ ਜਿੱਤਣ ਨਾ ਦਿਓ, ਜੋ ਸਾਨੂੰ ਹਰਾਉਣਾ ਚਾਹੁੰਦੇ ਹਨ। ਇਸ ਦੇਸ਼ ਦੇ ਹੋਰ ਜ਼ਿਆਦਾ ਟੁਕੜਿਆਂ ਨਾਲ ਕੁਝ ਨੂੰ ਫਾਇਦਾ ਹੋਵੇਗਾ ਪਰ ਸਾਡੇ ’ਚੋਂ ਹਰ ਇਕ ਨੂੰ ਨੁਕਸਾਨ ਹੀ ਹੋਵੇਗਾ। ਇਕੱਠੇ ਉਠੋ ਤੇ ਆਪਣੇ ਦੁਸ਼ਮਣਾਂ ਨੂੰ ਪਛਾਣੋ। ਉਨ੍ਹਾਂ ਨੂੰ ਜਿੱਤਣ ਨਾ ਦਿਓ।’

ਦੱਸਣਯੋਗ ਹੈ ਕਿ ਵੀਰਵਾਰ ਨੂੰ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿਟਰ ’ਤੇ ਭਿੜਤ ਹੋਈ ਸੀ। ਕੰਗਨਾ ਨੇ ਆਪਣੇ ਇਕ ਟਵੀਟ ’ਚ ਦਾਅਵਾ ਕੀਤਾ ਸੀ ਕਿ ਸ਼ਾਹੀ ਬਾਗ ਵਾਲੀ ਬਿਲਕਿਸ ਬਾਨੋ ਕਿਸਾਨਾਂ ਦੇ ਪ੍ਰਦਰਸ਼ਨ ’ਚ ਸ਼ਾਮਲ ਹੋਈ ਸੀ। ਇਸ ਤੋਂ ਇਲਾਵਾ ਉਸ ਨੇ ਲਿਖਿਆ ਸੀ ਕਿ ਉਹ 100 ਰੁਪਏ ਲਈ ਕਿਤੇ ਵੀ ਆ-ਜਾ ਸਕਦੀ ਹੈ। ਕੰਗਨਾ ਦੇ ਇਸ ਟਵੀਟ ’ਤੇ ਕਾਫੀ ਹੰਗਾਮਾ ਹੋਇਆ ਤੇ ਫਿਰ ਦਿਲਜੀਤ ਨੇ ਇਸ ਨੂੰ ਲੈ ਕੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।

ਨੋਟ– ਕੰਗਨਾ ਰਣੌਤ ਵਲੋਂ ਮੁੜ ਕਿਸਾਨ ਅੰਦੋਲਨ ’ਤੇ ਕੀਤੇ ਟਵੀਟਸ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News