ਕਲਯੁਗੀ ਮਾਮਾ ਨਾਬਾਲਗ ਭਾਣਜੀ ਨੂੰ ਭਜਾ ਕੇ ਲੈ ਗਿਆ

Monday, Dec 11, 2017 - 08:09 AM (IST)

ਫਿਲੌਰ/ਅੱਪਰਾ, (ਭਾਖੜੀ, ਦੀਪਾ)- ਰਿਸ਼ਤਿਆਂ ਦੀ ਮਰਿਆਦਾ ਨੂੰ ਕਲਯੁਗੀ ਮਾਮਾ ਸ਼ਰਮਸਾਰ ਕਰ ਕੇ ਆਪਣੀ ਹੀ ਨਾਬਾਲਗ ਸਕੀ ਭਾਣਜੀ ਨੂੰ ਪ੍ਰੇਮ ਜਾਲ 'ਚ ਫਸਾ ਕੇ ਵਿਆਹ ਰਚਾਉਣ ਲਈ ਘਰੋਂ ਭਜਾ ਕੇ ਲੈ ਗਿਆ, ਜਿਸ ਖਿਲਾਫ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਅੱਪਰਾ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ।
ਨੇੜਲੇ ਪਿੰਡ ਖਾਨਪੁਰ ਦੀ ਰਹਿਣ ਵਾਲੀ ਵਿਧਵਾ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਦਿਹਾਂਤ ਤੋਂ ਬਾਅਦ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਲਈ ਉਹ ਲੋਕਾਂ ਦੇ ਘਰਾਂ ਵਿਚ ਦਿਨ-ਰਾਤ ਕੰਮ ਕਰ ਕੇ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਸਕਾ ਭਰਾ ਸ਼ਿੰਦਰਪਾਲ (25) ਵਾਸੀ ਪਿੰਡ ਸ਼ੰਕਰ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਸੀ। ਉਸ ਨੂੰ ਲੱਗਦਾ ਸੀ ਕਿ ਵਿਧਵਾ ਹੋਣ ਕਾਰਨ ਉਸ ਦਾ ਭਰਾ ਉਸ ਦਾ ਅਤੇ ਉਸ ਦੇ ਬੱਚਿਆਂ ਦਾ ਧਿਆਨ ਰੱਖਣ ਲਈ ਆਉਂਦਾ ਹੋਵੇਗਾ, ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੇ ਭਰਾ ਨੇ ਰਿਸ਼ਤਿਆਂ ਦੀ ਮਰਿਆਦਾ ਪਾਰ ਕਰ ਕੇ ਆਪਣੀ ਹੀ 16 ਸਾਲਾ ਨਾਬਾਲਗ ਭਾਣਜੀ ਨੂੰ ਬਹਿਕਾ ਕੇ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ। 
ਦੋ ਹਫਤੇ ਪਹਿਲਾਂ ਜਦੋਂ ਉਹ ਕੰਮ ਕਰਨ ਲੋਕਾਂ ਦੇ ਘਰ ਗਈ ਹੋਈ ਸੀ ਤਾਂ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਛੋਟੀ ਬੇਟੀ ਘਰੋਂ ਗਾਇਬ ਸੀ, ਆਪਣੀ ਬੇਟੀ ਦੀ ਭਾਲ ਵਿਚ ਜਦੋਂ ਉਸ ਨੇ ਆਪਣੇ ਪੇਕੇ ਘਰ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਈ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸੇ ਦਿਨ ਤੋਂ ਉਸ ਦਾ ਛੋਟਾ ਭਰਾ ਵੀ ਘਰੋਂ ਗਾਇਬ ਹੈ ਤਾਂ ਉਸ ਉਪਰੰਤ ਉਸ ਨੂੰ ਪੂਰਾ ਮਾਜਰਾ ਸਮਝ ਆਇਆ ਕਿ ਉਸ ਦਾ ਛੋਟਾ ਭਰਾ ਹੀ ਆਪਣੀ ਭਾਣਜੀ ਨੂੰ ਵਿਆਹ ਕਰਵਾਉਣ ਲਈ ਉਸ ਦੀ ਗੈਰ-ਹਾਜ਼ਰੀ ਵਿਚ ਘਰੋਂ ਭਜਾ ਕੇ ਲੈ ਗਿਆ। ਕੁਲਦੀਪ ਕੌਰ ਦੀ ਸ਼ਿਕਾਇਤ 'ਤੇ ਅੱਜ ਪੁਲਸ ਨੇ ਕਲਯੁਗੀ ਮਾਮੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 363, 366 ਅਧੀਨ ਮੁਕੱਦਮਾ ਦਰਜ ਕਰ ਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News