ਟੈਂਕਰ, ਵਿਕਰਮ, ਤ੍ਰਿਲੋਕ ਨਾਜਾਇਜ਼ ਸ਼ਰਾਬ ਦੇ ਰਹੇ ਹੋਲਸੇਲਰ, ਕਾਲੂ ਅਜੇ ਵੀ ਸ਼ਹਿਰ ’ਚ ਦੜੇ-ਸੱਟੇ ਦਾ ਕਿੰਗ

Saturday, Jun 17, 2023 - 06:26 PM (IST)

ਟੈਂਕਰ, ਵਿਕਰਮ, ਤ੍ਰਿਲੋਕ ਨਾਜਾਇਜ਼ ਸ਼ਰਾਬ ਦੇ ਰਹੇ ਹੋਲਸੇਲਰ, ਕਾਲੂ ਅਜੇ ਵੀ ਸ਼ਹਿਰ ’ਚ ਦੜੇ-ਸੱਟੇ ਦਾ ਕਿੰਗ

ਜਲੰਧਰ (ਖੁਰਾਣਾ) : ਹਾਲ ਹੀ ’ਚ ਜਲੰਧਰ ਪੁਲਸ ਨੇ ਸ਼ਹਿਰ ’ਚ ਵਿਕਦੀ ਨਾਜਾਇਜ਼ ਸ਼ਰਾਬ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਟੈਂਕਰ, ਵਿਕਰਮ ਅਤੇ ਤ੍ਰਿਲੋਕ ਸਰਾਂ ਵਰਗੇ ਨਾਮੀ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਸੋਨੂੰ ਟੈਂਕਰ, ਵਿਕਰਮ ਵਿੱਕੀ ਅਤੇ ਤ੍ਰਿਲੋਕ ਸਰਾਂ ਵਰਗੇ ਸ਼ਖਸ ਪਿਛਲੇ ਲੰਮੇ ਸਮੇਂ ਤੋਂ ਨਾਜਾਇਜ਼ ਸ਼ਰਾਬ ਦੀ ਹੋਲਸੇਲ ਵਿਕਰੀ ਨਾਲ ਸਬੰਧਤ ਰਹੇ ਹਨ, ਉਥੇ ਹੀ ਕਾਲੂ ਨਾਂ ਦਾ ਸ਼ਖਸ ਸ਼ਹਿਰ ਵਿਚ ਨਾਜਾਇਜ਼ ਢੰਗ ਨਾਲ ਖੇਡੇ ਜਾਣ ਵਾਲੇ ਦੜੇ-ਸੱਟੇ ਦਾ ਕਿੰਗ ਹੈ, ਜਿਸ ਦੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਤਾ ਨਹੀਂ ਕਿੰਨੀਆਂ ਹੀ ਦੁਕਾਨਾਂ ਅਤੇ ਕਿੰਨੇ ਹੀ ਅੱਡੇ ਚੱਲਦੇ ਹਨ। ਕਾਲੂ ਨਾਂ ਦਾ ਇਹ ਸ਼ਖਸ ਅਕਸਰ ਕਾਂਗਰਸ ਦੇ ਇਕ ਸਾਬਕਾ ਮੰਤਰੀ ਦੇ ਦਰਬਾਰ ਵਿਚ ਦੇਖਿਆ ਜਾਂਦਾ ਰਿਹਾ ਹੈ। ਜਦੋਂ ਪਿਛਲੀ ਵਾਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ, ਉਦੋਂ ਕਾਲੂ ਨਾਂ ਦੇ ਇਸ ਸੱਟਾ ਮਟਕਾ ਕਿੰਗ ਦੇ ਕਾਰਨਾਮੇ ਜਲੰਧਰ ਪੁਲਸ ਨੂੰ ਵੀ ਪਤਾ ਸਨ ਪਰ ਸਿਆਸੀ ਸ਼ਹਿ ਕਾਰਨ ਵੱਡੇ ਤੋਂ ਵੱਡਾ ਧਾਕੜ ਪੁਲਸ ਅਫਸਰ ਵੀ ਇਸ ਨਾਲ ਪੰਗਾ ਨਹੀਂ ਲੈਂਦਾ ਸੀ। ਕਾਂਗਰਸ ਸਰਕਾਰ ਚਲੇ ਜਾਣ ਦੇ ਬਾਅਦ ਵੀ ਜਿਸ ਤਰ੍ਹਾਂ ਇਨ੍ਹਾਂ ਸਭ ਲੋਕਾਂ ਦੇ ਕੰਮ ਧੰਦੇ ਬਾਦਸਤੂਰ ਚੱਲ ਰਹੇ ਹਨ ਅਤੇ ਵਧ-ਫੁੱਲ ਵੀ ਰਹੇ ਹਨ, ਉਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਅਜਿਹੇ ਲੋਕਾਂ ਦੀ ਸੈਟਿੰਗ ਹਰ ਸਰਕਾਰ ਵਿਚ ਹੋ ਹੀ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਇਨ੍ਹਾਂ ਨੂੰ ਪੋਲਿਟੀਕਲ ਸ਼ੈਲਟਰ ਵੀ ਮਿਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਮਨੋਜ ਸਿਨ੍ਹਾ ਨਾਲ ਕੀਤੀ ਮੁਲਾਕਾਤ

‘ਈਜ਼ੀ ਮਨੀ’ ਦੇ ਲਾਲਚ ’ਚ ਵਧਦਾ ਜਾ ਰਿਹੈ ਦੜੇ-ਸੱਟੇ, ਲਾਟਰੀ ਅਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ
ਪਿਛਲੇ ਸਮੇਂ ਦੌਰਾਨ ਰਹੀ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੌਰਾਨ ਪੰਜਾਬ ਨੂੰ ਨਸ਼ਾਮੁਕਤ ਕਰਨਾ ਅਤੇ ਨਾਜਾਇਜ਼ ਲਾਟਰੀ ਤੇ ਦੜੇ-ਸੱਟੇ ਦੇ ਧੰਦੇ ਨੂੰ ਖਤਮ ਕਰਨਾ ਸਰਕਾਰਾਂ ਦੇ ਏਜੰਡੇ ’ਤੇ ਰਿਹਾ, ਜਿਸ ਵਿਚ ਅਸਫਲਤਾ ਕਾਰਨ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸਫਲਤਾ ਮਿਲੀ ਪਰ ‘ਈਜ਼ੀ ਮਨੀ’ ਦੇ ਲਾਲਚ ਵਿਚ ਅਪਰਾਧਿਕ ਪ੍ਰਵਿਰਤੀ ਦੇ ਲੋਕ ਇਨ੍ਹਾਂ ਕੰਮਾਂ ਨੂੰ ਛੱਡ ਨਹੀਂ ਪਾ ਰਹੇ ਹਨ ਅਤੇ ਇਹ ਧੰਦੇ ਵਧਦੇ ਹੀ ਜਾ ਰਹੇ ਹਨ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਦੜੇ-ਸੱਟੇ, ਨਾਜਾਇਜ਼ ਲਾਟਰੀ ਅਤੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਚ ਕਈ ਗੁਣਾ ਵਾਧਾ ਹੋਇਆ ਹੈ। ਕਿਸੇ ਵੱਡੇ ਆਗੂ ਨੇ ਇਨ੍ਹਾਂ ਨਾਜਾਇਜ਼ ਕੰਮਾਂ ਨੂੰ ਰੋਕਣ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਸਗੋਂ ਕਈਆਂ ਦੇ ਉੱਪਰ ਤਾਂ ਇਸ ਨਾਜਾਇਜ਼ ਕਾਰੋਬਾਰ ਤੋਂ ਵਸੂਲੀ ਤਕ ਕਰਨ ਦੇ ਦੋਸ਼ ਲੱਗਦੇ ਰਹੇ। ਪਿਛਲੇ ਸਾਲਾਂ ਦੌਰਾਨ ਜਲੰਧਰ ਦਾ ਸ਼ਾਇਦ ਹੀ ਕੋਈ ਮੁਹੱਲਾ ਜਾਂ ਕਾਲੋਨੀ ਅਜਿਹੀ ਹੋਵੇਗੀ, ਜਿਥੇ ਆਲੇ-ਦੁਆਲੇ ਨਾਜਾਇਜ਼ ਢੰਗ ਨਾਲ ਆਮ ਨਾ ਮਿਲਦੀ ਹੋਵੇਗੀ।

PunjabKesari

ਇੰਨੀ ਸ਼ਰਾਬ ਤਾਂ ਮਨਜ਼ੂਰਸ਼ੁਦਾ ਠੇਕਿਆਂ ’ਤੇ ਨਹੀਂ ਵਿਕੀ, ਜਿੰਨੀ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੇਚ ਗਏ। ਕਈ ਵਾਰ ਤਾਂ ਇਹ ਦੋਸ਼ ਵੀ ਲੱਗੇ ਕਿ ਨਾਜਾਇਜ਼ ਸ਼ਰਾਬ ਠੇਕੇਦਾਰਾਂ ਦੀ ਸਹਿਮਤੀ ਨਾਲ ਹੀ ਵਿਕੀ। ਪਿਛਲੇ ਸਾਲਾਂ ਦੌਰਾਨ ਨਾਜਾਇਜ਼ ਸ਼ਰਾਬ ਦਾ ਗੜ੍ਹ ਢੰਨ ਮੁਹੱਲਾ, ਕਿਲਾ ਮੁਹੱਲਾ, ਇੰਡਸਟਰੀਅਲ ਏਰੀਆ, ਸੋਢਲ, ਫੋਕਲ ਪੁਆਇੰਟ, ਸਲੇਮਪੁਰ-ਮੁਸਲਮਾਨਾਂ ਵਾਲੀ ਮੇਨ ਸੜਕ, ਮਕਸੂਦਾਂ ਏਰੀਆ, ਨਾਗਰਾ ਏਰੀਆ, ਬਸਤੀ ਬਾਵਾ ਖੇਲ, ਬਸਤੀ ਪੀਰਦਾਦ, ਬਸਤੀ ਦਾਨਿਸ਼ਮੰਦਾਂ, ਬਸਤੀ ਸ਼ੇਖ, ਬਸਤੀ ਨੌ, ਮਾਡਲ ਹਾਊਸ, ਬੂਟਾ ਮੰਡੀ, ਖੁਰਲਾ ਕਿੰਗਰਾ, ਆਬਾਦਪੁਰਾ, ਮਖਦੂਮਪੁਰਾ, ਲਾਡੋਵਾਲੀ ਰੋਡ, ਗੁਰੂ ਨਾਨਕਪੁਰਾ, ਚੌਗਿੱਟੀ ਚੌਕ, ਲੱਧੇਵਾਲੀ, ਲੰਮਾ ਪਿੰਡ ਚੌਕ, ਪਠਾਨਕੋਟ ਚੌਕ ਤੇ ਕਿਸ਼ਨਪੁਰਾ ਵਰਗੇ ਇਲਾਕੇ ਬਣੇ ਰਹੇ ਅਤੇ ਹੁਣ ਵੀ ਇਨ੍ਹਾਂ ਵਿਚੋਂ ਵਧੇਰੇ ਇਲਾਕੇ ਇਸ ਕਾਰੋਬਾਰ ਤੋਂ ਮੁਕਤ ਨਹੀਂ ਹੋ ਸਕੇ ਹਨ।

ਇਹ ਵੀ ਪੜ੍ਹੋ : ਨਗਰ ਨਿਗਮ ਦੀ ਨਾਕਾਮੀ ਕਾਰਨ ‘ਹਾਈਲਾਈਟ’ ਹੁੰਦੇ ਜਾ ਰਹੇ ਕਾਂਗਰਸੀ, ‘ਆਪ’ ਨੂੰ ਉਠਾਉਣਾ ਪੈ ਸਕਦੈ ਨੁਕਸਾਨ

ਡੀ. ਜੀ. ਪੀ. ਆਫਿਸ ਨੇ ਵੀ ਕੀਤੀ ਸੀ ਨਾਜਾਇਜ਼ ਲਾਟਰੀ ਅਤੇ ਦੜੇ-ਸੱਟੇ ’ਤੇ ਕਾਰਵਾਈ
ਅੱਜ ਤੋਂ ਕੁਝ ਸਾਲ ਪਹਿਲਾਂ ਜਲੰਧਰ ਵਿਚ ਸ਼ਰੇਆਮ ਚੱਲ ਰਹੇ ਦੜੇ-ਸੱਟੇ ਅਤੇ ਨਾਜਾਇਜ਼ ਲਾਟਰੀ ਦੇ ਕਾਰੋਬਾਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਹੋਈ ਸੀ, ਜਿਸ ਦਾ ਨੋਟਿਸ ਮਿਲਦੇ ਹੀ ਡੀ. ਜੀ. ਪੀ. ਆਫਿਸ ਪੰਜਾਬ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਜਲੰਧਰ ਵਿਚ ਕਈ ਜਗ੍ਹਾ ਛਾਪੇਮਾਰੀ ਕੀਤੀ ਅਤੇ ਲਗਭਗ 2 ਦਰਜਨ ਐੱਫ. ਆਈ. ਆਰਜ਼ ਦਰਜ ਕੀਤੀਆਂ। ਉਦੋਂ ਜਿਸ ਤਰ੍ਹਾਂ ਪੂਰੇ ਸ਼ਹਿਰ ਵਿਚ ਨਾਜਾਇਜ਼ ਦੜੇ-ਸੱਟੇ ਅਤੇ ਲਾਟਰੀ ਦੇ ਕਾਰੋਬਾਰ ਚੱਲ ਰਹੇ ਹੋਣ ਦੀ ਪੁਸ਼ਟੀ ਹੋਈ, ਉਸ ਤੋਂ ਲੱਗਾ ਕਿ ਹੁਣ ਇਹ ਕਾਰੋਬਾਰ ਦੁਬਾਰਾ ਨਹੀਂ ਚੱਲੇਗਾ ਪਰ ਕੁਝ ਸਮੇਂ ਬਾਅਦ ਹੀ ਪੁਲਸ ਵੱਲੋਂ ਬੰਦ ਕਰਵਾਈਆਂ ਗਈਆਂ ਲਾਟਰੀ ਦੀਆਂ ਸਾਰੀਆਂ ਦੁਕਾਨਾਂ ਦੁਬਾਰਾ ਖੁੱਲ੍ਹ ਗਈਆਂ ਹਨ ਅਤੇ ਸਿਆਸੀ ਸਰਪ੍ਰਸਤੀ ਕਾਰਨ ਚੱਲਦੇ ਇਹ ਨਾਜਾਇਜ਼ ਕਾਰੋਬਾਰ ਪਹਿਲਾਂ ਤੋਂ ਵੀ ਕਿਤੇ ਪ੍ਰਫੁੱਲਿਤ ਹੋ ਗਏ। ਅੱਜ ਵੀ ਗੜ੍ਹਾ, ਫਗਵਾੜਾ ਗੇਟ, ਭਗਤ ਸਿੰਘ ਚੌਕ, ਕਿਸ਼ਨਪੁਰਾ ਇਲਾਕਾ, ਲੰਮਾ ਪਿੰਡ ਚੌਕ, ਅਜੀਤ ਨਗਰ ਰੋਡ, ਅਮਨ ਨਗਰ, ਸੰਜੇ ਗਾਂਧੀ ਨਗਰ, ਫੋਕਲ ਪੁਆਇੰਟ ਇਲਾਕਾ, ਮਕਸੂਦਾਂ ਚੌਕ, ਨਾਗਰਾ ਰੋਡ, ਰਾਜ ਨਗਰ, ਰਾਜਾ ਗਾਰਡਨ ਵਾਲੀ ਰੋਡ, ਬਸਤੀ ਦਾਨਿਸ਼ਮੰਦਾਂ, ਬਸਤੀ ਸ਼ੇਖ, ਮਾਡਲ ਹਾਊਸ, ਭਾਰਗੋ ਕੈਂਪ, ਬੀ. ਐੱਸ. ਐੱਫ. ਚੌਕ, ਗੁਰੂ ਨਾਨਕਪੁਰਾ, ਚੌਗਿੱਟੀ ਅਤੇ ਅੰਦਰੂਨੀ ਸ਼ਹਿਰ ਦੇ ਕਈ ਮੁਹੱਲੇ ਅਜਿਹੇ ਹਨ, ਜਿਥੇ ਨਾਜਾਇਜ਼ ਢੰਗ ਨਾਲ ਲਾਟਰੀ ਦੀ ਆੜ ਵਿਚ ਦੜੇ-ਸੱਟੇ ਦਾ ਕਾਰੋਬਾਰ ਹਰ ਰੋਜ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਕੰਮ ਰੁਕ ਨਹੀਂ ਪਾ ਰਿਹਾ।

ਇਹ ਵੀ ਪੜ੍ਹੋ : ਉਲਟ ਹਾਲਾਤ ਦੇ ਬਾਵਜੂਦ ਦੇਸ਼ ਤੀਜੀ ਵੱਡੀ ਆਰਥਿਕ ਸ਼ਕਤੀ ਬਣਨ ਵੱਲ ਵਧ ਰਿਹਾ ਹੈ : ਤਰੁਣ ਚੁੱਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Anuradha

Content Editor

Related News