ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਸਿੰਘ ਹਿੱਤ ਨੂੰ ਕਮੇਟੀ ’ਚ ਸ਼ਾਮਲ ਕਰਨ ’ਤੇ ਕੀਤਾ ਸਖ਼ਤ ਇਤਰਾਜ਼
Thursday, May 19, 2022 - 01:06 PM (IST)

ਜਲੰਧਰ(ਚਾਵਲਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ 9 ਮੈਂਬਰੀ ਕਮੇਟੀ ਵਿਚ ਅੱਜ ਦੋ ਮੈਂਬਰਾਂ ਵਿਚ ਜੱਥੇਦਾਰ ਅਵਤਾਰ ਸਿੰਘ ਹਿੱਤ ਨੂੰ ਸ਼ਾਮਲ ਕਰਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਕ ਬਿਆਨ ਵਿਚ ਕਾਲਕਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਨੁਮਾਇੰਦਾ ਇਸ ਕਮੇਟੀ ’ਚ ਪਾਉਣਾ ਚਾਹੁੰਦੀ ਹੈ ਤਾਂ ਜਨਰਲ ਸਕੱਤਰ, ਮੀਤ ਪ੍ਰਧਾਨ ਜਾਂ ਕੋਈ ਹੋਰ ਅਹੁਦੇਦਾਰ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਜਿਸ ਵਿਅਕਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਬਾਣੀ ਨੂੰ ਤੋੜ ਮਰੋੜ ਕੇ ਛਾਪਣ ਦਾ ਮਾਮਲਾ ਚੱਲਦਾ ਹੋਵੇ ਅਤੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਣਵਾਈ ਅਧੀਨ ਹੋਵੇ, ਉਸਨੂੰ ਸ਼ਾਮਲ ਕਰਨ ’ਤੇ ਸਾਨੂੰ ਸਖ਼ਤ ਇਤਰਾਜ਼ ਹੈ।
ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਰਹੀ ਹੈ ਉੱਚ ਪੱਧਰੀ ਕਮੇਟੀ ਦੀ ਪਲੇਠੀ ਇਕੱਤਰਤਾ
ਕਾਲਕਾ ਨੇ ਕਿਹਾ ਕਿ ਜੱਥੇਦਾਰ ਹਿੱਤ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੁੰਦਿਆਂ, ਅਮਰੀਕਾ ਨਿਵਾਸੀ ਥਮਿੰਦਰ ਸਿੰਘ ਆਨੰਦ ਅਤੇ ਕੈਨੇਡਾ ਨਿਵਾਸੀ ਓਂਕਾਰ ਸਿੰਘ ਵਾਂਗੂ ਗੁਰਬਾਣੀ ਦਾ ਨਿਰਾਦਰ ਕੀਤਾ ਸੀ , ਉਸਨੂੰ ਇਸ ਕੌਮ ਦੀ ਕਮੇਟੀ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਕਿਸੇ ਵੀ ਤਰੀਕੇ ਸਹੀ ਨਹੀਂ ਹੈ। ਉਨ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ’ਤੇ ਗੌਰ ਕਰਨ ਅਤੇ ਜਿਸ ਵਿਅਕਤੀ ’ਤੇ ਗੁਰਬਾਣੀ ਦੇ ਨਿਰਾਦਰ ਦਾ ਇਲਜ਼ਾਮ ਹੋਵੇ, ਉਸਨੂੰ ਇਸ ਕਮੇਟੀ ਵਿਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਮੁੜ ਸਮੀਖਿਆ ਕਰਨ।
ਇਹ ਵੀ ਪੜ੍ਹੋੇ- ਭਾਈ ਰਾਜੋਆਣਾ ਤੋਂ ਇਲਾਵਾ ਬਾਕੀ ਸਿੰਘਾਂ ਦੀਆਂ ਰਿਹਾਈਆਂ ਬਾਦਲਾਂ ਦੇ ਏਜੰਡੇ ’ਤੇ ਨਹੀਂ : ਭੋਮਾ
ਉਨ੍ਹਾਂ ਕਿਹਾ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਤੇ ਅਸੀਂ ਸਨਿਮਰ ਅਪੀਲ ਕਰ ਰਹੇ ਹਾਂ ਕਿ ਜੱਥੇਦਾਰ ਹਿੱਤ ਨੂੰ ਕਮੇਟੀ ਵਿਚ ਸ਼ਾਮਲ ਕਰ ਕੇ ਕੌਮ ਨੁੰ ਸ਼ਰਮਸਾਰ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਖ਼ਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਲੱਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ ਮਾਮਲੇ ਦਾ ਨਿਪਟਾਰਾ ਨਹੀਂ ਹੋ ਜਾਂਦਾ, ਉਨ੍ਹਾਂ ਦਾ ਨਾਂ ਕਿਸੇ ਵੀ ਕੌਮ ਦੀ ਕਮੇਟੀ ਵਿਚ ਨਹੀਂ ਪਾਇਆ ਜਾਣਾ ਚਾਹੀਦਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।