ਇਕੋ ਕਰਦਾ ਮੈਂ ਫਰਿਆਦ ਸਦਾ, ਮੇਰਾ ਵਸਦਾ ਰਹੇ ਪੰਜਾਬ ਸਦਾ : ਕਲੇਰ ਕੰਠ

01/18/2017 10:25:24 PM

ਮੇਰੇ ਸੁਪਨਿਆਂ ਦਾ ਪੰਜਾਬ ਉਹ ਖੁਸ਼ਹਾਲ ਪੰਜਾਬ ਹੈ ਜਿੱਥੇ ਸਮਾਜਿਕ ਬਰਾਬਰੀ ਨਾਲ ਹਰ ਵਰਗ ਨਸ਼ਾ ਮੁਕਤ ਤੇ ਖੁਸ਼ੀ ਭਰੇ ਚਿਹਰਿਆਂ ਨਾਲ ਖੁਸ਼ੀ ਭਰੀ ਜ਼ਿੰਦਗੀ ਬਤੀਤ ਕਰਦਾ ਹੈ ਪਰ ਸੁਪਨਿਆਂ ਤੋਂ ਬਾਹਰੀ ਪੰਜਾਬ ''ਚ ਅਜੇ ਤੱਕ ਸਮਾਜਿਕ ਬਰਾਬਰੀ ਨਹੀਂ ਆ ਸਕੀ ਹੈ। ਅੱਜ ਦਾ ਦੌਰ ਆਧੁਨਿਕਤਾ ਦੇ ਨਾਲ-ਨਾਲ ਨਸ਼ਿਆਂ ਦਾ ਦੌਰ ਵੀ ਹੈ। ਮੈਂ ਖੁਦ ਨਸ਼ਾ ਛੁਡਾਓ ਕੇਂਦਰਾਂ ਦਾ ਦੌਰਾ ਕੀਤਾ ਹੈ, ਜਿੱਥੇ ਨਸ਼ਾ ਛੱਡਣ ਆਏ ਜਵਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ ਹੈ। ਮੇਰਾ ਮੰਨਣਾ ਹੈ ਕਿ ਘਰ ਦਾ ਜੇਕਰ ਇਕ ਵੀ ਜੀਅ ਨਸ਼ਾ ਕਰਦਾ ਹੈ ਤਾਂ ਉਹ ਘਰ ਪੂਰੀ ਤਰ੍ਹਾਂ ਨਾਲ ਨਸ਼ੇ ਦੀ ਚਪੇਟ ''ਚ ਆ ਚੁੱਕਾ ਹੈ ਕਿਉਂਕਿ ਨਸ਼ੇ ਵਰਗੀ ਬੀਮਾਰੀ ਹੀ ਕ੍ਰਾਈਮ ਨੂੰ ਉਤਸ਼ਾਹਿਤ ਕਰਦੀ ਹੈ ਤੇ ਸੂਬੇ ਦਾ ਮਾਹੌਲ ਵਿਗਾੜਨ ''ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅੱਜ ਲੋੜ ਹੈ ਸੂਬੇ ''ਚ ਫੈਲੇ ਨਸ਼ਿਆਂ ''ਤੇ ਰੋਕ ਲਗਾਉਣ ਦੀ। ਸਰਕਾਰ ਕੋਈ ਵੀ ਹੋਵੇ ਉਹ ਨਸ਼ਾ ਰੋਕਣ ਲਈ ਠੋਸ ਕਦਮ ਚੁੱਕੇ। ਪੰਜਾਬ ਵਿਚੋਂ ਵਿਦੇਸ਼ਾਂ ''ਚ ਜਾ ਕੇ ਵਸੇ ਪੰਜਾਬੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ''ਚ ਉਹ ਵੀ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਟੈਕਸ ਵੀ ਭਰਦੇ ਹਨ। 18 ਤੋਂ 20 ਘੰਟੇ ਕੰਮ ਕਰਦੇ ਹਨ। ਖੁਦ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਜੇਕਰ ਇਹੀ ਸਭ ਕੁਝ ਉਹ ਪੰਜਾਬ ''ਚ ਰਹਿ ਕੇ ਕਰਨ ਤਾਂ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। 
ਪੰਜਾਬੀ ਬੋਲੀ ਦਾ ਮਾਣ ਸਨਮਾਨ ਜ਼ਰੂਰੀ ਹੋਣਾ ਚਾਹੀਦਾ ਹੈ। ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ''ਚ ਪੰਜਾਬੀ ਭਾਸ਼ਾ ਲਾਜ਼ਮੀ ਹੋਵੇ। ਹਰ ਵਿਭਾਗ, ਹਰ ਦਫਤਰ ''ਚ ਕੰਮ ਪੰਜਾਬੀ ਭਾਸ਼ਾ ''ਚ ਹੋਣ। ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਮੌਜੂਦਾ ਪੰਜਾਬੀ ਸੱਭਿਆਚਾਰ ਬਨਾਵਟੀ ਹੀ ਰਹਿ ਗਿਆ ਹੈ। ਅੱਜ ਕਲ ਪਹਿਲਾਂ ਵਾਂਗ ਲੋਕਾਂ ਨੂੰ ਮਹਿਮਾਨ ਆਇਆਂ ਦਾ ਚਾਅ ਨਹੀਂ ਹੁੰਦਾ ਸਗੋਂ ਇਹ ਫਿਕਰ ਹੀ ਰਹਿੰਦਾ ਕਿ ਇਹ ਜਾਵੇਗਾ ਕਦੋਂ? ਅੱਜ ਲੋਕ ਵਿਆਹ ਸਮਾਗਮਾਂ ''ਤੇ ਕਈ ਕਈ ਦਿਨ ਪਹਿਲਾਂ ਨਹੀਂ ਜਾਂਦੇ ਸਗੋਂ ਟਾਈਮ ਦੀ ਟਾਈਮ ਪੁੱਜ ਕੇ ਵਾਪਸ ਪਰਤ ਆਉਂਦੇ ਹਨ। ਲੋਕਾਂ ''ਚ ਪਹਿਲਾਂ ਵਾਂਗ ਚਾਅ ਨਹੀਂ ਰਿਹਾ ਸਗੋਂ ਉਨ੍ਹਾਂ ਲਈ ਇਹ ਸਮਾਗਮ ਸਿਰਫ ਮਜਬੂਰੀ ਬਣ ਕੇ ਰਹਿ ਗਏ। ਲੋਕ ਇਹ ਭੁੱਲ ਗਏ ਹਨ ਕਿ ਨੱਚਣਾ-ਟੱਪਣਾ, ਹੱਸਣਾ-ਗਾਉਣਾ ਰੂਹ ਦੀ ਖੁਰਾਕ ਹੈ। ਜੋ ਸਾਡੀ ਜ਼ਿੰਦਗੀ ਨੂੰ ਨਵੀਂ ਊਰਜਾ ਤੇ ਤੰਦਰੁਸਤੀ ਦਿੰਦੇ ਹਨ। ਅੰਤ ''ਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਆਓ ਆਪਾਂ ਇਕ ਅਜਿਹਾ ਪੰਜਾਬ ਸਿਰਜੀਏ ਜਿਥੇ ਲੋਕ ਹੱਥੀਂ ਮਿਹਨਤ ਕਰਨ, ਬਣਦਾ ਟੈਕਸ ਅਦਾ ਕਰਨ ਤੇ ਪੰਜਾਬੀ ਭਾਸ਼ਾ ਤੇ ਮਾਂ ਬੋਲੀ ਦੇ ਸਤਿਕਾਰ ਲਈ ਡਟ ਕੇ ਪਹਿਰਾ ਦੇਣ। ਮੈਂ ਆਸ ਕਰਦਾ ਹਾਂ ਕਿ ਮੇਰਾ ਪੰਜਾਬ ਨੱਚਦਾ-ਗਾਉਂਦਾ ਤੇ ਹੱਸਦਾ ਵਸਦਾ ਰਹੇ।

Related News