ਆਸਟ੍ਰੇਲੀਆ ਰਹਿੰਦੇ ਵਿਅਕਤੀ ਨੇ ਨੜਾਂਵਾਲੀ ਦੇ ਸਰਕਾਰੀ ਸਕੂਲ ਦਾ ਬਦਲਿਆ ਮੁਹਾਂਦਰਾ

02/25/2019 11:43:15 AM

ਕਲਾਨੌਰ (ਮਨਮੋਹਨ) : ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨੜਾਂਵਾਲੀ ਦੇ ਜੰਮਪਲ ਡਾ. ਕੁਲਜੀਤ ਸਿੰਘ ਆਸਟ੍ਰੇਲੀਆ ਵਲੋਂ ਆਪਣੀ ਨੇਕ ਕਮਾਈ 'ਚੋਂ 75 ਲੱਖ ਰੁਪਏ ਖਰਚ ਕੇ ਬਿਲਡਿੰਗ ਦਾ ਨਵ-ਨਿਰਮਾਣ ਕਰਵਾਇਆ ਗਿਆ ਅਤੇ ਇਸ 'ਚ 6 ਲੱਖ ਕੀਮਤ ਦਾ ਅੰਤਰਰਾਸ਼ਟਰੀ ਪੱਧਰ ਦਾ ਫਰਨੀਚਰ ਉਪਲਬਧ ਕਰਵਾ ਕੇ ਪੰਜਾਬ ਦੇ ਨੰਬਰ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦਾ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਉਦਘਾਟਨ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਐੱਨ. ਆਰ. ਆਈ. ਡਾ. ਕੁਲਜੀਤ ਸਿੰਘ ਨੇ ਪਤਨੀ ਮਨਦੀਪ ਕੌਰ ਟੀਚਰ ਸਮੇਤ ਦੱਸਿਆ ਕਿ ਉਹ ਆਪਣੇ ਪਿੰਡ ਦੇ ਇਸ ਸਕੂਲ 'ਚ ਹੀ ਪੜ੍ਹੇ ਹਨ ਅਤੇ ਵਿਦੇਸ਼ ਜਾ ਕੇ ਆਪਣੇ ਪਿੰਡ ਲਈ ਕੁਝ ਕਰਨ ਦੀ ਸੋਚੀ ਤਾਂ ਇਸ ਸਕੂਲ ਦੀ ਖਸਤਾ ਹਾਲ ਇਮਾਰਤ ਦਾ ਦ੍ਰਿਸ਼ ਸਾਹਮਣੇ ਆਇਆ ਅਤੇ ਆਪਣੇ ਕੋਲੋਂ 75 ਲੱਖ ਰੁਪਏ ਖਰਚ ਕਰ ਕੇ ਇਸ ਸਕੂਲ ਦੀ ਸੁੰਦਰ ਬਿਲਡਿੰਗ ਦਾ ਨਿਰਮਾਣ ਕਰਵਾ ਕੇ ਪਿੰਡ ਲਈ ਇਕ ਤੋਹਫਾ ਦਿੱਤਾ ਹੈ ਅਤੇ ਪਿੰਡ ਦੇ ਵਿਕਾਸ ਲਈ ਭਵਿੱਖ 'ਚ ਵੀ ਇਸ ਪ੍ਰਕਾਰ ਦੇ ਕੰਮ ਕੀਤੇ ਜਾਣਗੇ। 

ਇਸ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਦੇਸ਼ 'ਚ ਰਹਿ ਕੇ ਵੀ ਆਪਣੇ ਦੇਸ਼ ਤੇ ਪਿੰਡ ਲਈ ਕੁਝ ਕਰਨ ਦਾ ਜਜ਼ਬਾ ਰੱਖਣਾ ਇਕ ਬਹੁਤ ਵੱਡੀ ਗੱਲ ਹੈ ਅਤੇ ਜਿਸ 'ਤੇ ਪਹਿਰਾ ਦਿੰਦੇ ਹੋਏ ਐੱਨ. ਆਰ. ਆਈ. ਡਾ. ਕੁਲਜੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਵਲੋਂ ਆਪਣੇ ਪਿੰਡ ਨੜਾਂਵਾਲੀ ਵਿਖੇ 75 ਲੱਖ ਰੁਪਏ ਲਾਗਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਵਾ ਕੇ ਜੋ ਮਿਸਾਲ ਪੈਦਾ ਕੀਤੀ ਹੈ, ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਡਾ. ਦਲਜੀਤ ਸਿੰਘ, ਡਿਪਟੀ ਡਾਇਰੈਕਟਰ ਡਾ. ਗੰਭੀਰ ਇੰਦਰ ਸਿੰਘ, ਡਾ. ਹਰਪਾਲ ਸਿੰਘ, ਡਾਇਰੈਕਟਰ ਮਾਰਕਫੈੱਡ ਡਾ. ਬਾਲ ਮੁਕੰਦ ਸ਼ਰਮਾ, ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਮੁਲਖਾ ਸਿੰਘ, ਜਸਵੰਤ ਸਿੰਘ ਬਿੱਟੂ, ਰਵੇਲ ਸਿੰਘ, ਜਗਤਾਰ ਸਿੰਘ, ਸਰਪੰਚ ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।


Baljeet Kaur

Content Editor

Related News