ਕਾਕੀ, ਸੇਖਵਾਂ, ਲੰਗਾਹ  ਸਮੇਤ ਕੋਈ ਵੀ ਨਹੀਂ ਲਵੇਗਾ ਜ਼ਮਾਨਤ, ਸ਼ੁਰੂ ਹੋਵੇਗਾ ਗ੍ਰਿਫਤਾਰੀਆਂ ਦਾ ਸਿਲਸਿਲਾ

08/22/2017 7:38:06 AM

ਅੰਮ੍ਰਿਤਸਰ, (ਪ੍ਰਵੀਨ ਪੁਰੀ, ਛੀਨਾ)- ਗੁਰਦੁਆਰਾ ਛੋਟਾ ਘੱਲੂਘਾਰਾ ਦੇ ਮਾਮਲੇ 'ਚ ਦੋ ਵੱਖ-ਵੱਖ ਥਾÎਿਣਆਂ 'ਚ ਦਰਜ ਕੀਤੇ ਗਏ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਅਕਾਲੀ ਆਗੂ ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲਗਾਹ ਸਮੇਤ 250 ਹੋਰ ਵਿਅਕਤੀਆਂ 'ਤੇ ਕੀਤੇ ਗਏ ਪਰਚਿਆਂ ਦੇ ਮਾਮਲੇ 'ਚ ਕੋਈ ਵੀ ਜ਼ਮਾਨਤ ਨਹੀਂ ਲਵੇਗਾ। ਸਾਰੇ ਗ੍ਰਿਫਤਾਰੀਆਂ ਦੇਣਗੇ ਅਤੇ ਉਦੋਂ ਤੱਕ ਗ੍ਰਿਫਤਾਰੀਆਂ ਦਿੰਦੇ ਰਹਿਣਗੇ ਜਦੋਂ ਤੱਕ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਅਤੇ ਦੋਸ਼ੀਆਂ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਅਪੀਲ ਕਰ ਦਿੱਤੀ ਗਈ ਹੈ ਕਿ ਉਹ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਉਨ੍ਹਾਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੇ ਅਖੰਡ ਪਾਠਾਂ ਨੂੰ ਖੰਡਿਤ ਕੀਤਾ ਹੈ ਅਤੇ ਮਰਿਆਦਾਵਾਂ ਦੀਆਂ ਧੱਜੀਆਂ ਉਡਾਈਆਂ ਹਨ। 
ਗੁਰਦੁਆਰਾ ਛੋਟਾ ਘੱਲੂਘਾਰਾ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਮੰਚ ਤੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਸਮੇਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਰਟੀ ਮਾਂਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਸੇਵਾ ਸਿੰਘ ਸੇਖਵਾਂ, ਸੁੱਚਾ ਸਿੰਘ ਲੰਗਾਹ ਤੋਂ ਇਲਾਵਾ ਉਹ ਲੋਕ ਵੀ ਹਾਜ਼ਰ ਸਨ ਜਿਨ੍ਹਾਂ 'ਤੇ ਕੱਲ ਪਰਚੇ ਦਰਜ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲਸ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਕ ਧਾਰਮਿਕ ਸਮਾਗਮ 'ਚ ਜਾਣ ਤੋਂ ਰੋਕਿਆ ਹੋਵੇ। ਉਨ੍ਹਾਂ ਕਿਹਾ ਕਿ ਇਹ ਨਾ ਤਾਂ ਮੁਗਲਾਂ ਦੇ ਰਾਜ 'ਚ ਹੋਇਆ ਅਤੇ ਨਾ ਹੀ ਅੰਗਰੇਜ਼ਾਂ ਦੇ ਰਾਜ ਵਿਚ। ਉਨ੍ਹਾਂ ਕਿਹਾ ਕਿ ਤਿੰਨ ਨਾਕਿਆਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰੋਕਿਆ।
ਸੰਗਤਾਂ ਦੇ ਅੱਗੇ ਆਉਣ 'ਤੇ ਉਹ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੁਲਸ ਦਾ ਵਰਤਾਰਾ ਠੀਕ ਨਹੀਂ ਸੀ, ਪੁਲਸ ਪੂਰੀ ਤਰ੍ਹਾਂ ਦਬਾਅ ਹੇਠ ਸੀ ਅਤੇ ਸਮੁੱਚੇ ਇਲਾਕੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਤਹਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਜਾਣ ਵਾਲੀਆਂ ਸੰਗਤਾਂ ਨੂੰ ਰਸਤੇ ਵਿਚ ਹੀ ਰੋਕਣਾ ਚਾਹੁੰਦੇ ਸੀ। ਉਨ੍ਹਾਂ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਦੇ ਪੁਲਸ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਸਰਕਾਰ ਦੀ ਸ਼ਹਿ ਹੀ ਧੱਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੇ ਗੁਰਦੁਆਰਾ ਛੋਟਾ ਘੱਲੂਘਾਰਾ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਈ ਹੈ, ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜੋ ਲੋਕ ਗੁਰਦੁਆਰੇ ਦੇ ਅੰਦਰ ਵਾਪਰੀ ਮੰਦਭਾਗੀ ਘਟਨਾ ਦੇ ਵਿਰੁੱਧ ਹਨ, ਉਨ੍ਹਾਂ ਨੇ ਪਰਚੇ ਦਰਜ ਕਰ ਦਿੱਤੇ ਹਨ।
ਮਜੀਠੀਆ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਜਬਰ ਵਿਰੁੱਧ ਸੜਕਾਂ ਜਾਮ ਕਰੇਗੀ ਅਤੇ ਉਦੋਂ ਤੱਕ ਗ੍ਰਿਫਤਾਰੀਆਂ ਜਾਰੀ ਰੱਖੇਗੀ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਲਵਿੰਦਰ ਸਿੰਘ ਪਿੰਦਾ ਅਤੇ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਪੂਰੀ ਤਰ੍ਹਾਂ ਕਾਂਗਰਸ ਦੀ ਕਠਪੁਤਲੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਦਾ ਅਤੇ ਜੌਹਰ ਸਿੰਘ ਬਿਨਾਂ ਪ੍ਰਤਾਪ ਸਿੰਘ ਬਾਜਵਾ ਦੀ ਸ਼ਹਿ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਵਿਚ ਮਨਮੱਤੀਆਂ ਕਰ ਹੀ ਨਹੀਂ ਸਕਦੇ। 
ਉਨ੍ਹਾਂ ਨੇ ਇਸ ਸਮੇਂ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਰੋਕਣ, ਹੋਰ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਹੱਥੋਪਾਈ ਹੋਣ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ, ਉਥੇ ਗੁਰਦੁਆਰੇ ਵਿਚ ਬਣਾਏ ਗਏ ਅਸ਼ਲੀਲ ਪਖਾਨੇ ਅਤੇ ਇਖਲਾਖ ਦੇ ਉਲਟ ਜਾ ਕੇ 11 ਅਗਸਤ ਨੂੰ ਰਾਤ ਦੇ 11 ਵਜੇ ਕੀਤੇ ਗਏ ਗਲਤ ਕਾਰੇ ਦੀ ਅਧਿਕਾਰੀ ਵੱਲੋਂ ਮੰਗਿਆ ਗਿਆ ਮੁਆਫੀਨਾਮਾ ਅਤੇ ਪਛਤਾਵੇ ਵਜੋਂ ਰੱਖੇ ਸ੍ਰੀ ਅਖੰਡ ਸਾਹਿਬ ਪਾਠ ਨੂੰ ਖੰਡਿਤ ਕਰਦੀਆਂ ਬਲਵਿੰਦਰ ਸਿੰਘ ਦੀਆਂ ਆਡੀਓਜ਼, ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੁਲਸ ਸਰਕਾਰ ਦੇ ਇੰਨੀ ਦਬਾਅ ਵਿਚ ਹੈ ਕਿ ਸਵੇਰ ਸਾਢੇ 4 ਵਜੇ ਪਰਚੇ ਦਰਜ ਕੀਤੇ ਗਏ ਹਨ।
ਇਹ ਵੀ ਕਿਹਾ ਕਿ ਜਿੰਨਾ ਚਿਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਨਹੀਂ ਆਉਂਦਾ ਓਨਾ ਚਿਰ ਤੱਕ ਪਛਤਾਵੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਜਾਰੀ ਰਹਿਣਗੇ। 


Related News