ਥੰਮ੍ਹਣ ’ਚ ਨਹੀਂ ਆ ਰਿਹਾ ਭਾਰਤੀ ਰੇਲਾਂ ’ਚ ਹਾਦਸਿਆਂ ਦਾ ਸਿਲਸਿਲਾ

06/04/2024 3:56:20 AM

ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਹਾਲਾਂਕਿ ਇਸ ਸਾਲ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਪਰ ਲਗਾਤਾਰ ਹੋ ਰਹੇ ਛੋਟੇ-ਮੋਟੇ ਹਾਦਸੇ ਸੁਚੇਤ ਕਰ ਰਹੇ ਹਨ ਕਿ ਭਾਰਤੀ ਰੇਲਾਂ ਦੀ ਆਵਾਜਾਈ ਪ੍ਰਣਾਲੀ ’ਚ ਸਭ ਠੀਕ ਨਹੀਂ ਹੈ, ਜੋ ਪਿਛਲੇ ਲਗਭਗ ਇਕ ਹਫਤੇ ’ਚ ਹੀ ਹੋਏ ਰੇਲ ਹਾਦਸਿਆਂ ਤੋਂ ਸਪੱਸ਼ਟ ਹੈ :

* 28 ਮਈ, 2024 ਨੂੰ ਮਹਾਰਾਸ਼ਟਰ ’ਚ ‘ਪਨਵੇਲ’ ਜਾ ਰਹੀ ਇਕ ਮਾਲਗੱਡੀ ਦੇ 7 ਡੱਬੇ ਪਾਲਘਰ ਰੇਲਵੇ ਸਟੇਸ਼ਨ ’ਤੇ ਪਟੜੀ ਤੋਂ ਉੱਤਰ ਜਾਣ ਕਾਰਨ ਗੁਜਰਾਤ ਤੋਂ ਮੁੰਬਈ ਆਉਣ-ਜਾਣ ਵਾਲੀਆਂ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।

* 30 ਮਈ ਨੂੰ ਅੰਬਾਲਾ-ਲੁਧਿਆਣਾ ਸੈਕਸ਼ਨ ’ਤੇ ਸਰਹਿੰਦ ਨੇੜੇ ਇਕ ਮਾਲਗੱਡੀ ਦੇ ਕਈ ਡੱਬੇ ਪਟੜੀ ਤੋਂ ਉੱਤਰ ਗਏ, ਜਿਸ ਨਾਲ ਅੰਮ੍ਰਿਤਸਰ ਅਤੇ ਜੰਮੂ ਨੂੰ ਜਾਣ ਵਾਲੀਆਂ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਉਨ੍ਹਾਂ ਦੇ ਰੂਟ ਬਦਲਣੇ ਪਏ।

* 1 ਜੂਨ ਨੂੰ ਦੱਖਣ-ਪੂਰਬ ਰੇਲਵੇ ਦੇ ‘ਸੂਈਸਾ’ ਰੇਲਵੇ ਸਟੇਸ਼ਨ ਦੇ ਨੇੜੇ ‘ਲੇਂਗਡੀਹ’ ’ਚ ‘ਨੀਲਾਂਚਲ ਐਕਸਪ੍ਰੈੱਸ’ ਦੇ ਉੱਪਰ ਓਵਰਹੈੱਡ ਤਾਰ ਟੁੱਟ ਕੇ ਡਿੱਗ ਜਾਣ ਨਾਲ ਇਕ ਵਿਅਕਤੀ ਦੀ ਮੌਤ ਅਤੇ 2 ਹੋਰ ਲੋਕ ਜ਼ਖਮੀ ਹੋ ਗਏ ਅਤੇ ਆਵਾਜਾਈ ’ਚ ਵਿਘਨ ਪੈਣ ਨਾਲ ਕਈ ਰੇਲਗੱਡੀਆਂ ਨੂੰ ਡਾਇਵਰਟ ਕਰਨਾ ਪਿਆ।

*1 ਜੂਨ ਨੂੰ ਹੀ ਓਡੀਸ਼ਾ ਦੇ ਸੰਬਲਪੁਰ ਡਿਵੀਜ਼ਨ ’ਚ ‘ਕਾਂਟਾਬਾਂਜੀ’ ਰੇਲਵੇ ਸਟੇਸ਼ਨ ਦੇ ਨੇੜੇ ਇਕ ਮਾਲਗੱਡੀ ਦੇ 4 ਡੱਬੇ ਪਟੜੀ ਤੋਂ ਉੱਤਰ ਗਏ, ਜਿਸ ਨਾਲ ਦੋਵਾਂ ਟ੍ਰੈਕਾਂ ’ਤੇ ਰੇਲਾਂ ਦੀ ਆਵਾਜਾਈ ਕਾਫੀ ਦੇਰ ਤੱਕ ਰੁਕੀ ਰਹੀ।

* 2 ਜੂਨ ਨੂੰ ਉੱਤਰ ਪ੍ਰਦੇਸ਼ ’ਚ ਦਿੱਲੀ-ਹਾਵੜਾ ਰੇਲ ਮਾਰਗ ’ਚ ਕੌਸ਼ੰਬੀ-ਫਤਿਹਪੁਰ ਸਰਹੱਦ ’ਤੇ ‘ਕਟੋਘਨ’ ਅਤੇ ‘ਫਤਿਹਪੁਰ’ ਸਟੇਸ਼ਨਾਂ ਦੇ ਦਰਮਿਆਨ ਇਕ ਮਾਲਗੱਡੀ ਦੇ ਡੱਬੇ ਦਾ ਪਹੀਆ ਬਾਹਰ ਨਿੱਕਲ ਗਿਆ। ਚੰਗੇ ਭਾਗੀਂ ਵੱਡਾ ਹਾਦਸਾ ਤਾਂ ਟਲ ਗਿਆ ਪਰ ਕਾਫੀ ਦੇਰ ਤੱਕ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਰਹੀ।

* 2 ਜੂਨ ਨੂੰ ਹੀ ਪੰਜਾਬ ’ਚ ਸਾਧੂਗੜ੍ਹ ਅਤੇ ਸਰਹਿੰਦ ਦੇ ਦਰਮਿਆਨ ਅੰਬਾਲਾ-ਲੁਧਿਆਣਾ ਟ੍ਰੈਕ ’ਤੇ ਨਿਊ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਮਾਲਗੱਡੀਆਂ ਲਈ ਬਣੇ ‘ਡੈਡੀਕੇਟਿਡ ਫ੍ਰੇਟ ਕਾਰੀਡੋਰ’ ’ਤੇ ਕੋਲੇ ਨਾਲ ਲੱਦੀਆਂ 2 ਮਾਲਗੱਡੀਆਂ ’ਚੋਂ ਇਕ ਦਾ ਇੰਜਣ ਖੁੱਲ੍ਹ ਕੇ ਦੂਜੀ ਮਾਲ ਗੱਡੀ ਨਾਲ ਜਾ ਟਕਰਾਉਣ ਪਿੱਛੋਂ ਅੱਗੇ ਤੱਕ ਜਾ ਕੇ ਉੱਥੇ ਖੜ੍ਹੀ ਸਮਰ ਸਪੈਸ਼ਲ ਪੈਸੰਜਰ ਟ੍ਰੇਨ ਦੇ ਇਕ ਕੋਚ ਨਾਲ ਜਾ ਟਕਰਾਇਆ।

ਇਸ ਨਾਲ ਪੈਸੰਜਰ ਟ੍ਰੇਨ ਦੇ ਡੱਬਿਆਂ ਨੂੰ ਕਾਫੀ ਨੁਕਸਾਨ ਪੁੱਜਾ ਅਤੇ ਯਾਤਰੀਆਂ ’ਚ ਚੀਕ ਚਿਹਾੜਾ ਪੈ ਗਿਆ। ਇਸ ਘਟਨਾ ’ਚ 2 ਲੋਕੋ ਪਾਇਲਟ ਵੀ ਜ਼ਖਮੀ ਹੋਏ ਅਤੇ ਟ੍ਰੈਕ ਨੂੰ ਵੀ ਬਹੁਤ ਨੁਕਸਾਨ ਪੁੱਜਾ ਅਤੇ ਅੰਬਾਲਾ ਤੋਂ ਲੁਧਿਆਣਾ ਤੱਕ ਰੇਲ ਲਾਈਨ 20 ਘੰਟੇ ਲਈ ਪੂਰੀ ਤਰ੍ਹਾਂ ਠੱਪ ਹੋ ਗਈ। ਲਗਭਗ 79 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਅਤੇ 62 ਗੱਡੀਆਂ ਦੇ ਰੂਟ ਬਦਲਣੇ ਪਏ।

* 3 ਜੂਨ ਨੂੰ ਦੱਖਣ-ਪੂਰਬ ਦਿੱਲੀ ਦੇ ਸਰਿਤਾ ਵਿਹਾਰ ਇਲਾਕੇ ’ਚ ਤਾਜ ਐਕਸਪ੍ਰੈੱਸ ਦੀਆਂ 3 ਬੋਗੀਆਂ ਨੂੰ ਅੱਗ ਲੱਗ ਗਈ ਜਿਨ੍ਹਾਂ ’ਚੋਂ 2 ਬੋਗੀਆਂ ਪੂਰੀ ਤਰ੍ਹਾਂ ਸੜ ਗਈਆਂ।

ਇਕ ਪਾਸੇ ਰੇਲਵੇ ਵਿਭਾਗ ’ਚ ਅਜਿਹੀਆਂ ਲਾਪਰਵਾਹੀ ਭਰੀਆਂ ਘਟਨਾਵਾਂ ਹੋ ਰਹੀਆਂ ਹਨ, ਤਾਂ ਦੂਜੇ ਪਾਸੇ ਚੰਦ ਜਾਗਰੂਕ ਲੋਕ ਰੇਲ ਹਾਦਸੇ ਰੋਕਣ ’ਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ 1 ਜੂਨ ਨੂੰ ਸਾਹਮਣੇ ਆਈ। ਹਾਵੜਾ ਤੋਂ ਕਾਠਗੋਦਾਮ ਜਾ ਰਹੀ ‘ਬਾਘ ਐਕਸਪ੍ਰੈੱਸ’ ਸਵੇਰੇ 10.02 ਵਜੇ ਬਿਹਾਰ ਦੇ ਸਮਸਤੀਪੁਰ ਸਟੇਸ਼ਨ ਤੋਂ ਅੱਗੇ ਦੀ ਯਾਤਰਾ ’ਤੇ ਰਵਾਨਾ ਹੋਈ ਤਾਂ ਕੁਝ ਦੂਰ ਅੱਗੇ ਰੇਲ ਦੀ ਪਟੜੀ ਟੁੱਟੀ ਹੋਈ ਸੀ।

ਉਥੋਂ ਲੰਘ ਰਹੇ ਮੋ. ਸ਼ਹਿਬਾਜ਼ ਨਾਂ ਦੇ 14 ਸਾਲਾ ਲੜਕੇ ਦੀ ਨਿਗ੍ਹਾ ਉਸ ’ਤੇ ਪਈ ਤਾਂ ਉਸ ਨੇ ਆਪਣਾ ਗਮਸ਼ਾ ਲਹਿਰਾ ਕੇ ਟ੍ਰੇਨ ਰੁਕਵਾ ਦਿੱਤੀ। ਖਤਰਾ ਭਾਂਪ ਕੇ ਲੋਕੋ ਪਾਇਲਟ ਵਿਦਿਆ ਸਾਗਰ ਟ੍ਰੇਨ ਰੋਕ ਕੇ ਹੇਠਾਂ ਉਤਰਿਆ ਤਾਂ ਪਟੜੀ ਟੁੱਟੀ ਹੋਣ ਦਾ ਪਤਾ ਲੱਗਾ ਅਤੇ ਲਗਭਗ 1300 ਯਾਤਰੀ ਦੀ ਜਾਨ ਖਤਰੇ ’ਚ ਪੈਣ ਤੋਂ ਬਚ ਗਈ।

ਇਹ ਤਾਂ ਸਿਰਫ ਲਗਭਗ ਇਕ ਹਫਤੇ ਦੇ ਅੰਦਰ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਹਨ ਪਰ ਇਸੇ ਸਾਲ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਨਾਲ ਰੇਲਵੇ ਦੀ ਕਾਰਜਪ੍ਰਣਾਲੀ ਸਵਾਲਾਂ ਦੇ ਘੇਰੇ ’ਚ ਹੈ।

ਇਕ ਪਾਸੇ ਜਿੱਥੇ ਭਾਰਤੀ ਰੇਲਵੇ ਮੰਤਰਾਲਾ ਦੁਨੀਆ ਦੇ ਵਿਕਸਿਤ ਦੇਸ਼ਾਂ ਨਾਲ ਕਦਮ ਮਿਲਾ ਕੇ 'ਵੰਦੇ ਭਾਰਤ' ਵਰਗੀਆਂ ਨਵੀਆਂ ਹਾਈ ਸਪੀਡ ਟਰੇਨਾਂ ਚਲਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਉਪਰੋਕਤ ਹਾਦਸੇ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਭਾਰਤੀ ਰੇਲਵੇ ਕਿਸ ਤਰ੍ਹਾਂ ਵੱਡੇ ਹਾਦਸਿਆਂ ਦੇ ਖਤਰੇ ’ਚ ਹੈ।

ਅਜਿਹੀਆਂ ਅਣਸੁਖਾਵੀਆਂ ਸਥਿਤੀਆਂ ਪੈਦਾ ਨਾ ਹੋਣ, ਇਸ ਲਈ ਭਾਰਤੀ ਰੇਲਵੇ ਦੀ ਕਾਰਜਸ਼ੈਲੀ ਅਤੇ ਰੱਖ-ਰਖਾਅ ਵਿੱਚ ਤੁਰੰਤ ਬਹੁ-ਆਯਾਮੀ ਸੁਧਾਰ ਕਰਨ ਅਤੇ ਰੇਲ ਗੱਡੀਆਂ ਦੀ ਆਵਾਜਾਈ ਵਰਗੀ ਮਹੱਤਵਪੂਰਨ ਡਿਊਟੀ ਨਿਭਾਉਣ ਵਿੱਚ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਹਾਦਸਿਆਂ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ।

-ਵਿਜੇ ਕੁਮਾਰ


Harpreet SIngh

Content Editor

Related News