ਕੈਪਟਨ ਤੇ ਉਸ ਦੇ ਚੋਣ ਮੈਨੀਫੈਸਟੋ ਨੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ : ਮਜੀਠੀਆ

03/15/2019 9:50:44 AM

ਕਾਹਨੂੰਵਾਨ(ਸੁਨੀਲ)— ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਬਜ਼ਬਾਗ ਨਾਲ ਗੁੰਮਰਾਹ ਕਰ ਕੇ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਵੱਡੇ ਬਹੁਮਤ ਨਾਲ ਸਰਕਾਰ ਕਾਇਮ ਕੀਤੀ ਸੀ ਪਰ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ, ਕਿਸਾਨਾਂ, ਜਵਾਨਾਂ, ਮੁਲਾਜ਼ਮ ਵਰਗ ਅਤੇ ਵਪਾਰੀਆਂ ਨਾਲ ਕੀਤੇ ਸਨ, ਉਹ ਪੂਰੇ ਨਹੀਂ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਇਸ ਦੇ ਚੋਣ ਮੈਨੀਫੈਸਟੋ ਨੇ ਚੋਣਾਂ 'ਚ ਪੰਜਾਬ ਵਾਸੀਆਂ ਨੂੰ ਸਿਰਫ ਗੁੰਮਰਾਹ ਕੀਤਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਦੇ ਗ੍ਰਹਿ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਮੌਕੇ ਪੰਜਾਬ ਦੇ ਕਿਸਾਨਾਂ ਦਾ 2 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਘਰ-ਘਰ ਨੌਜਵਾਨ ਵਰਗ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰੀ ਦਾਅਵਿਆਂ ਦੇ ਬਾਵਜੂਦ ਪੰਜਾਬ ਵਿਚ ਦੋ ਸਾਲਾਂ ਦਰਮਿਆਨ 920 ਕਿਸਾਨਾਂ ਨੇ ਖੇਤੀ ਗੁਰਬੱਤ ਕਾਰਨ ਆਤਮ ਹੱਤਿਆ ਕਰ ਲਈ। ਕਿਸਾਨ ਅਜੇ ਵੀ ਕਰਜ਼ੇ ਦੀ ਦਲ-ਦਲ ਵਿਚ ਫਸੇ ਹੋਏ ਹਨ। ਘਰ-ਘਰ ਨੌਕਰੀਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਕੇਵਲ ਬੇਅੰਤ ਸਿੰਘ ਦਾ ਪਰਿਵਾਰ ਹੀ ਨਜ਼ਰ ਆਇਆ, ਜਿਥੇ ਪੰਜਾਬ ਸਰਕਾਰ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਸ ਦੇ ਵੱਧ ਉਮਰ ਵਾਲੇ ਪੋਤਰੇ ਨੂੰ ਬਤੌਰ ਡੀ. ਐੱਸ. ਪੀ. ਭਰਤੀ ਕੀਤਾ।

ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਸਮੇਤ ਪੂਰੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਜ਼ਿਲਾ ਗੁਰਦਾਸਪੁਰ ਤੋਂ ਕੋਈ ਯੋਗ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਲਈ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਵੋਟਰ ਹੁਣ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਖਿਲਾਫ਼ ਭੁਗਤਦੇ ਹੋਏ ਅਕਾਲੀ ਦਲ ਅਤੇ ਉਸ ਦੀਆਂ ਹਮ ਖਿਆਲੀ ਪਾਰਟੀਆਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ, ਜ਼ਿਲਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਜਥੇਦਾਰ ਰਤਨ ਸਿੰਘ, ਕੰਵਲਪ੍ਰੀਤ ਸਿੰਘ ਕਾਕੀ,  ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਰਵੀਕਰਨ ਸਿੰਘ ਕਾਹਲੋਂ, ਹਰਪ੍ਰੀਤ ਸਿੰਘ ਲਾਲ, ਸ਼ਮਸ਼ੇਰ ਸਿੰਘ ਨੇ ਵੀ  ਸੰਬੋਧਨ ਕੀਤਾ।


cherry

Content Editor

Related News