ਕਾਬੁਲ ਬੰਬ ਧਮਾਕੇ ’ਚ ਨੁਕਸਾਨੇ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ ਕਰਾਂਗੇ 10 ਲੱਖ ਦਾ ਸਹਿਯੋਗ : ਭਾਈ ਦਾਦੂਵਾਲ

Friday, Jun 24, 2022 - 05:32 PM (IST)

ਤਲਵੰਡੀ ਸਾਬੋ (ਮੁਨੀਸ਼) : ਸਿੱਖ ਪ੍ਰਚਾਰਕ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਅਫਗਾਨਿਸਤਾਨ ਦੇ ਕਾਬੁਲ ਵਿਚ ਬੰਬ ਧਮਾਕੇ ਗੋਲੀਬਾਰੀ ਕਾਰਣ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਦੀ ਮੁੜ ਉਸਾਰੀ ਕਾਰਸੇਵਾ ਵਿਚ 10 ਲੱਖ ਦਾ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਉੱਪਰ ਇਹ ਹਮਲਾ ਬਹੁਤ ਹੀ ਮੰਦਭਾਗਾ ਸੀ ਜਿਸ ਵਿਚ ਇੱਕ ਵਿਅਕਤੀ ਦੀ ਜਾਨ ਗਈ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ। ਇਸ ਹਮਲੇ ਦੀ ਅਸਲੀਅਤ ਸੰਸਾਰ ਦੇ ਸਾਹਮਣੇ ਆਉਣੀ ਚਾਹੀਦੀ ਹੈ ਇਹ ਹਮਲਾ ਤਾਲਿਬਾਨਾਂ ਦਾ ਨਹੀਂ ਕਿਸੇ ਹੋਰ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਜੋ ਕਿ ਸੰਸਾਰ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਆਖਰ ਉਹ ਕੌਣ ਲੋਕ ਹਨ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ’ਤੇ ਹਮਲਾ ਕੀਤਾ ਅਤੇ ਕਰਵਾਇਆ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕਾਬੁਲ ਵਿਚ ਵੱਸਦੇ ਸਿੱਖ ਬੜੀ ਚੜ੍ਹਦੀਕਲਾ ਵਾਲੇ ਹਨ ਅਤੇ ਗੁਰਸਿੱਖੀ ਨਾਲ ਜੁੜੇ ਹੋਏ ਹਨ। ਗੁਰੂ ਦਾ ਪਿਆਰ ਉਨ੍ਹਾਂ ਦੇ ਦਿਲ ਵਿਚ ਹੈ ਜਿਸ ਕਾਰਣ ਅਫ਼ਗ਼ਾਨਿਸਤਾਨ ਦੇ ਵਿਗੜੇ ਹਾਲਾਤ ਵਿਚ ਵੀ ਉਨ੍ਹਾਂ ਨੇ ਗੁਰੂ ਦਾ ਘਰ ਨਹੀਂ ਛੱਡਿਆ ਅਤੇ ਉਥੇ ਰਹਿ ਕੇ ਸੇਵਾ ਕੀਤੀ। ਹਮਲੇ ਦੌਰਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਜ਼ਖ਼ਮੀ ਹੋਣ ਦੀ ਹਾਲਤ ਵਿਚ ਵੀ ਸੁਰੱਖਿਅਤ ਥਾਂ ’ਤੇ ਪਹੁੰਚਾਇਆ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਤੁਰੰਤ 100 ਹਿੰਦੂ ਅਤੇ ਸਿੱਖ ਲੋਕਾਂ ਨੂੰ ਈ-ਵੀਜ਼ਾ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਇਸ ਦੇ ਨਾਲ ਹੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਥੇ ਰਹਿ ਰਹੇ ਹਿੰਦੂ ਅਤੇ ਸਿੱਖ ਲੋਕਾਂ ਦੀ ਸੁਰੱਖਿਆ ਵੀ ਤਾਲਿਬਾਨ ਸਰਕਾਰ ਨਾਲ ਗੱਲਬਾਤ ਕਰਕੇ ਯਕੀਨੀ ਬਣਾਈ ਜਾਵੇ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇ ਭਾਰਤ ਸਰਕਾਰ ਪ੍ਰਬੰਧ ਕਰੇ ਤਾਂ ਉਹ ਇਕ ਵਫ਼ਦ ਕਾਬੁਲ ਭੇਜ ਕੇ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਦੀ ਕਾਰ ਸੇਵਾ ਕਰਵਾ ਸਕਦੇ ਹਨ ਅਤੇ ਉਥੇ ਰਹਿ ਰਹੇ ਸਿੱਖਾਂ ਨਾਲ ਗੱਲਬਾਤ ਕਰਕੇ ਹਾਲਾਤ ਦੀ ਜਾਣਕਾਰੀ ਲੈ ਸਕਦੇ ਹਨ।

ਪਿਛਲੇ ਦਿਨੀਂ ਅਫ਼ਗਾਨਿਸਤਾਨ ਵਿਚ ਆਏ ਭੂਚਾਲ ਦੇ ਨਾਲ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਅਤੇ ਜ਼ਖਮੀ ਹੋਣ ਦੀ ਘਟਨਾ ’ਤੇ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇ ਭਾਰਤ ਸਰਕਾਰ ਪ੍ਰਬੰਧ ਕਰੇ ਤਾਂ ਅਫ਼ਗਾਨਿਸਤਾਨ ਪੁੱਜ ਕੇ ਭੂਚਾਲ ਦਾ ਸ਼ਿਕਾਰ ਹੋਏ ਲੋਕਾਂ ਲਈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰਬੱਤ ਦਾ ਭਲਾ ਭਾਈਚਾਰਕ ਸਾਂਝ ਦੇ ਸਿਧਾਂਤਾਂ ਅਨੁਸਾਰ ਸੇਵਾ ਕਰਨ ਲਈ ਤਿਆਰ ਹਨ ਜਿਸ ਦੇ ਨਾਲ ਗੁਰੂ ਦੇ ਸੰਦੇਸ਼ ਦੀ ਮਹਿਮਾ ਸੰਸਾਰ ਵਿਚ ਹੋਰ ਵੀ ਜਾਵੇਗੀ। ਉਨ੍ਹਾਂ ਨੇ ਸੰਸਾਰ ਵਿਚ ਵੱਸਦੀਆਂ ਸੰਗਤਾਂ ਨੂੰ ਕਾਬੁਲ ਦੇ ਸਿੱਖਾਂ ਦੀ ਹਰ ਤਰਾਂ ਨਾਲ ਮਦਦ ਕਰਨ ਦੀ ਅਪੀਲ ਕੀਤੀ।


Gurminder Singh

Content Editor

Related News