ਕਾਂਗਰਸ ਖੇਡੇਗੀ ਅਕਾਲੀ ਦਲ ਦੀ ਕਬੱਡੀ!

09/14/2017 8:12:06 PM

ਜਲੰਧਰ(ਰਮਨਦੀਪ ਸਿੰਘ ਸੋਢੀ)— ਕਬੱਡੀ ਦੀ ਖੇਡ ਨੂੰ ਬੁਲੰਦੀਆਂ 'ਤੇ ਲਿਜਾਉਣ ਦਾ ਸਿਹਰਾ ਲੈਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਥੋੜ੍ਹੀ ਘਬਰਾਹਟ ਦੀ ਖਬਰ ਹੈ। ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਵੀ ਇਸ ਵਾਰ ਪੰਜਾਬ 'ਚ 'ਕਬੱਡੀ ਵਰਲਡ ਕੱਪ' ਦਾ ਢਾਂਚਾ ਤਿਆਰ ਕਰ ਰਹੀ ਹੈ ਅਤੇ ਜਲਦੀ ਹੀ ਕਾਂਗਰਸ ਪਾਰਟੀ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। 


ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ 'ਚ ਸੁਖਬੀਰ ਬਾਦਲ ਵੱਲੋਂ ਕਬੱਡੀ ਵਰਲਡ ਕੱਪ ਕਰਵਾਇਆ ਜਾਂਦਾ ਰਿਹਾ ਹੈ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮੂਲਕਾ ਹਨ। ਜਦੋਂ ਤੋਂ ਪੰਜਾਬ ਦੀ ਸੱਤਾ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਵਾਲ ਕੀਤੇ ਜਾ ਰਹੇ ਸਨ ਕਿ ਕੀ ਇਸ ਵਾਰ ਕਾਂਗਰਸ ਸਰਕਾਰ ਪੰਜਾਬ 'ਚ ਕਬੱਡੀ ਵਰਲਡ ਕੱਪ ਕਰਵਾਏਗੀ? ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਕੈਪਟਨ 'ਤੇ ਇਹ ਸਵਾਲ ਚੁੱਕੇ ਸਨ ਕਿ ਉਹ ਹੀ ਇਸ ਖੇਡ ਨੂੰ ਬੁਲੰਦੀਆਂ 'ਤੇ ਲੈ ਕੇ ਆਏ ਹਨ ਅਤੇ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਇਸ ਖੇਡ ਨੂੰ ਅੱਗੇ ਕਰਵਾਉਣਗੇ ਜਾਂ ਨਹੀਂ। ਸੂਤਰਾਂ ਮੁਤਾਬਕ ਇਹ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਪਹਿਲਾਂ ਵਾਂਗ ਹੀ ਕਬੱਡੀ ਵਰਲਡ ਕੱਪ ਨੂੰ ਅੱਗੇ ਜਾਰੀ ਰੱਖੇਗੀ। ਤੁਹਾਨੂੰ ਦੱਸ ਦਈਏ ਇਸ ਖੇਡ ਦੀ ਚਰਚਾ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ 'ਚ ਵੀ ਹੈ।

ਇਸ ਖੇਡ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਵੀ  ਸ਼ਖਸੀਅਤਾਂ ਪਹੁੰਚੀਆਂ ਹਨ।


Related News