ਕਬੱਡੀ ਖਿਡਾਰੀ ਦੀ ਹੱਤਿਆ ਕਰਨ ਵਾਲੇ ASI ਨੂੰ ਦਿੱਤੀ ਜਾਵੇ ਸਖਤ ਸਜ਼ਾ : ਬੀਬੀ ਜਗੀਰ ਕੌਰ
Saturday, May 09, 2020 - 01:53 AM (IST)

ਬੇਗੋਵਾਲ,(ਰਜਿੰਦਰ)- ਕੌਮਾਂਤਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਪੰਜਾਬ ਪੁਲਸ ਦੇ ਏ. ਐੱਸ. ਆਈ. ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਮੰਗ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦਰਜੀਤ ਹਲਕਾ ਭੁਲੱਥ ਦੇ ਪਿੰਡ ਲੱਖਣ-ਕੇ-ਪੱਡਾ ਦਾ ਰਹਿਣ ਵਾਲਾ ਹੈ ਤੇ ਇਸ ਦਾ ਪਿਤਾ ਬਲਵੀਰ ਸਿੰਘ ਪਹਿਲਵਾਨ ਵੀ ਕਬੱਡੀ ਖਿਡਾਰੀ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਪਰਿਵਾਰ ਦੀ ਕਬੱਡੀ ਖੇਡ ਨੂੰ ਬਹੁਤ ਵੱਡੀ ਦੇਣ ਹੈ, ਅਰਵਿੰਦਰਜੀਤ ਕਬੱਡੀ ਦਾ ਨਾਮਵਰ ਖਿਡਾਰੀ ਸੀ। ਜਿਸ ਨੇ ਅੰਤਰ ਰਾਸ਼ਟਰੀ ਪੱਧਰ 'ਤੇ ਆਪਣੇ ਪਿੰਡ ਦੇ ਨਾਲ-ਨਾਲ ਹਲਕਾ ਭੁਲੱਥ ਦਾ ਨਾਮ ਵੀ ਚਮਕਾਇਆ ਸੀ ਪਰ ਬੀਤੀ ਰਾਤ ਪੰਜਾਬ ਪੁਲਸ ਦੇ ਏ. ਐੱਸ. ਆਈ. ਪਰਮਜੀਤ ਸਿੰਘ ਵਲੋਂ ਇਸ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇਣਾ ਬਹੁਤ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ। ਜਿਸ ਕਰ ਕੇ ਪਰਿਵਾਰ ਨੇ ਆਪਣਾ ਇਕੋ-ਇੱਕ ਪੁੱਤ ਗਵਾ ਲਿਆ ਹੈ ਤੇ ਪਰਿਵਾਰ ਦੇ ਨਾਲ-ਨਾਲ ਕਬੱਡੀ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਨੇ ਜਿਥੇ ਇਕ ਕਬੱਡੀ ਖਿਡਾਰੀ ਦੀ ਹੱਤਿਆ ਕੀਤੀ, ਉਥੇ ਦੂਜੇ ਖਿਡਾਰੀ ਪ੍ਰਦੀਪ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਹੈ। ਜਿਸ ਲਈ ਇੰਨਾ ਵੱਡਾ ਜੁਲਮ ਕਰਨ ਵਾਲੇ ਇਸ ਏ. ਐੱਸ. ਆਈ. 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।