ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਹਾਦਸੇ 'ਚ ਮੌਤ (ਤਸਵੀਰਾਂ)
Thursday, Nov 28, 2019 - 10:24 AM (IST)

ਜਗਰਾਓਂ (ਰਾਜ ਬੱਬਰ) - ਜਗਰਾਓਂ ਦੇ ਪਿੰਡ ਲੀਲਾ ਮੇਘ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਗਗਨਾ ਬੀਤੀ ਰਾਤ ਮੱਲਾਂਪੁਰ ਤੋਂ ਵਾਪਸ ਆਪਣੇ ਘਰ ਜਗਰਾਓਂ ਆ ਰਿਹਾ ਸੀ ਕਿ ਪਿੰਡ ਚੌਕੀਮਾਨ ਨੇੜੇ ਟੋਲ ਪਲਾਜ਼ੇ 'ਤੇ ਬੰਦ ਕੀਤੇ ਬੈਰੀਕੇਟ ਨਾਲ ਉਸਦਾ ਬੁਲੇਟ ਮੋਟਰਸਾਈਕਲ ਟਕਰਾ ਗਿਆ। ਹਾਦਸੇ ’ਚ ਗੰਭੀਰ ਤੌਰ ’ਤੇ ਜ਼ਖਮੀ ਹੋ ਜਾਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗਗਨਦੀਪ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਕਬੱਡੀ ਖਿਡਾਰੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਹਾਦਸਾ ਟੋਲ ਪਲਾਜ਼ਾ ਵਾਲਿਆਂ ਦੀ ਗਲਤੀ ਕਰਕੇ ਹੋਇਆ ਹੈ। ਦੱਸ ਦੇਈਏ ਕਿ ਕਬੱਡੀ ਖਿਡਾਰੀ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰ ਵਾਲਿਆਂ ਵਲੋਂ ਉਸ ਦੇ ਜੱਦੀ ਪਿੰਡ ਲੀਲਾ 'ਚ ਕੀਤਾ ਗਿਆ। ਸਸਕਾਰ ਮੌਕੇ ਆਏ ਹਰ ਸ਼ਖਸ ਦੀਆਂ ਅੱਖਾਂ ਨਮ ਸਨ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਇਸ ਮੌਕੇ ਖਿਡਾਰੀ ਦੀ ਕੈਨੇਡਾ ਤੋਂ ਆਈ ਭੈਣ ਆਪਣੇ ਸ਼ੇਰ ਵਰਗੇ ਵੀਰ ਨੂੰ ਅਰਥੀ 'ਤੇ ਪਿਆ ਦੇਖ ਫੁੱਟ-ਫੁੱਟ ਰੋ ਰਹੀ ਸੀ।
ਖਿਡਾਰੀ ਦੀ ਮਾਂ ਤੋਂ ਆਪਣੇ ਪੁੱਤ ਦਾ ਵਿਛੋੜਾ ਚੱਲਿਆ ਨਹੀਂ ਸੀ ਜਾ ਰਿਹਾ ਅਤੇ ਉਹ ਆਪਣੇ ਪੁੱਤ ਨੂੰ ਵਾਰ-ਵਾਰ ਆਵਾਜ਼ ਮਾਰ ਰਹੀ ਸੀ। ਪ੍ਰਸਿੱਧ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਮੌਤ ਨਾਲ ਖੇਡ ਜਗਤ ਨੂੰ ਵੱਡਾ ਘਾਟਾ ਪਿਆ ਹੈ, ਜੋ ਕਦੇ ਪੂਰਾ ਨਹੀਂ ਹੋ ਸਕਦਾ।