ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਕਬੱਡੀ ਫੈੱਡਰੇਸ਼ਨਾਂ ਨੇ ਲਿਆ ਵੱਡਾ ਫ਼ੈਸਲਾ

Tuesday, Mar 15, 2022 - 05:04 PM (IST)

ਜਲੰਧਰ (ਸੋਨੂੰ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਜਿਥੇ ਪੂਰੀ ਦੁਨੀਆ ’ਚ ਕਬੱਡੀ ਪ੍ਰੇਮੀਆਂ ’ਚ ਦੁੱਖ ਦੀ ਲਹਿਰ ਹੈ, ਉਥੇ ਹੀ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਮਗਰੋਂ ਬਹੁਤ ਰੋਸ ਵੀ ਹੈ। ਅੱਜ ਜਲੰਧਰ ਵਿਖੇ ਵੱਖ-ਵੱਖ ਕਬੱਡੀ ਫੈੱਡਰੇਸ਼ਨਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਇੰਗਲੈਂਡ ਕਬੱਡੀ ਫੈੱਡਰੇਸ਼ਨ ਵੀ ਸ਼ਾਮਿਲ ਹੈ, ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਕਬੱਡੀ ਫੈੱਡਰੇਸ਼ਨਾਂ ਨੇ ਸੰਦੀਪ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕਬੱਡੀ ਫੈੱਡਰੇਸ਼ਨਾਂ ਨੇ ਫ਼ੈਸਲਾ ਕੀਤਾ ਕਿ ਨੰਗਲ ਅੰਬੀਆਂ ਦੇ ਕਤਲ ਦੇ ਰੋਸ ’ਚ ਇਕ ਹਫ਼ਤੇ ਲਈ ਜਿੰਨੇ ਵੀ ਕਬੱਡੀ ਟੂਰਨਾਮੈਂਟ ਇਨ੍ਹਾਂ ਫੈੱਡਰੇਸ਼ਨਾਂ ਵੱਲੋਂ ਕਰਵਾਏ ਜਾਣੇ ਸਨ, ਉਹ ਰੱਦ ਕਰ ਦਿੱਤੇ ਗਏ ਹਨ। ਇੰਗਲੈਂਡ ਕਬੱਡੀ ਫੈੱਡਰੇਸ਼ਨ ਵੱਲੋਂ ਵੀ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਪੰਜਾਬ ’ਚ ਕਰਵਾਏ ਜਾਣ ਵਾਲੇ ਦੋ ਮੁੱਖ ਕਬੱਡੀ ਟੂਰਨਾਮੈਂਟ, ਜਿਨ੍ਹਾਂ ’ਚੋਂ ਇਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲਾ ਕਬੱਡੀ ਟੂਰਨਾਮੈਂਟ ਵੀ ਸ਼ਾਮਲ ਹੈ, ਨੂੰ ਰੱਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਮਾਰੀਆਂ ਗੋਲੀਆਂ, ਮੌਤ (ਵੀਡੀਓ)

ਇਸ ਬਾਰੇ ਦੱਸਦਿਆਂ ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਨੇ ਕਿਹਾ ਕਿ ਸੰਦੀਪ ਸਿੰਘ ਇਕ ਸ਼ਾਨਦਾਰ ਕਬੱਡੀ ਖਿਡਾਰੀ ਸੀ, ਜੋ ਅੰਤਰਰਾਸ਼ਟਰੀ ਪੱਧਰ ’ਤੇ ਕਈ ਟੂਰਨਾਮੈਂਟ ਖੇਡ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ, ਇਸ ਲਈ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਵੇਗੀ ਕਿ ਪੰਜਾਬ ’ਚ ਸੰਦੀਪ ਸਿੰਘ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਹਰ ਸਾਲ ਇੰਗਲੈਂਡ ਤੋਂ ਪੰਜਾਬ ਕਬੱਡੀ ਟੂਰਨਾਮੈਂਟਾਂ ’ਚ ਹਿੱਸਾ ਲੈਣ ਲਈ ਆਉਂਦਾ ਸੀ ਅਤੇ ਉਸ ਦਾ ਪਰਿਵਾਰ ਇੰਗਲੈਂਡ ’ਚ ਹੀ ਰਹਿੰਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਟਾਂਡਾ ਉੜਮੁੜ ’ਚ ਹੋਏ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਵੱਖ-ਵੱਖ ਫੈੱਡਰੇਸ਼ਨਾਂ ਵੱਲੋਂ ਵੀ ਇਹ ਐਲਾਨ ਕੀਤਾ ਕਿ ਅਗਲੇ ਹਫ਼ਤੇ ਇਕ ਮੀਟਿੰਗ ਕੀਤੀ ਜਾਵੇਗੀ, ਜਿਸ ’ਚ ਸੰਦੀਪ ਸਿੰਘ ਦੇ ਕਤਲ ’ਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ, ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ ਕਿ ਟੂਰਨਾਮੈਂਟ ਕਿਸ ਤਰ੍ਹਾਂ ਹੋਣਗੇ। ਉਨ੍ਹਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਟੂਰਨਾਮੈਂਟਾਂ ’ਚ ਜਿਥੇ ਕਬੱਡੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਸਰਕਾਰਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਸਕਿਓਰਿਟੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਕਬੱਡੀ ਤੇ ਕਬੱਡੀ ਖਿਡਾਰੀ ਖ਼ਤਮ ਨਾ ਹੋਣ ਬਲਕਿ ਉਹ ਲੋਕ ਖ਼ਤਮ ਹੋਣ, ਜੋ ਕਬੱਡੀ ਤੇ ਕਬੱਡੀ ਖਿਡਾਰੀਆਂ ਲਈ ਮਾੜੀ ਸੋਚ ਰੱਖਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੀਆਂ ਹੋਰ ਕਈ ਕਬੱਡੀ ਫੈੱਡਰੇਸ਼ਨਾਂ ਦੇ ਆਗੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜ ਸੂਬਿਆਂ ’ਚ ਕਾਂਗਰਸ ਦੀ ਕਰਾਰੀ ਹਾਰ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ


Manoj

Content Editor

Related News