ਚੋਣਾਂ ਜਿੱਤਣ ''ਤੇ ਪੰਜਾਬੀਆਂ ਨੂੰ ਵੱਡਾ ਤੋਹਫਾ ਦੇਣਗੇ ਜਸਟਿਨ ਟਰੂਡੋ

Sunday, Sep 22, 2019 - 02:12 AM (IST)

ਚੋਣਾਂ ਜਿੱਤਣ ''ਤੇ ਪੰਜਾਬੀਆਂ ਨੂੰ ਵੱਡਾ ਤੋਹਫਾ ਦੇਣਗੇ ਜਸਟਿਨ ਟਰੂਡੋ

ਟੋਰਾਂਟੋ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬ ਦੇ ਅਪ੍ਰਵਾਸੀ ਉੱਦਮੀਆਂ ਨੂੰ ਮੁੜ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਸਹਿਯੋਗ ਦੇਣਾ ਦਾ ਭਰੋਸਾ ਦਿੱਤਾ ਹੈ। ਜਸਟਿਨ ਟਰੂਡੋ ਸੈਸਕਾਟੂਨ ਸ਼ਹਿਰ 'ਚ ਅਪ੍ਰਵਾਸੀ ਪੰਜਾਬੀਆਂ ਦੀ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਇਸ 'ਚ ਜਲੰਧਰ ਤੋਂ ਗਏ ਉੱਦਮੀ ਅਮਿਤ ਧਵਨ ਨੇ ਜਸਟਿਨ ਟਰੂਡੋ ਤੋਂ ਬੈਠਕ 'ਚ ਸਵਾਲ ਕੀਤਾ ਕਿ ਜੇਕਰ ਉਹ ਮੁੜ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਪੰਜਾਬੀ ਉੱਦਮੀਆਂ ਨੂੰ ਲੈ ਕੇ ਉਨ੍ਹਾਂ ਦਾ ਰਵੱਈਆ ਕਿਹੋ ਜਿਹਾ ਰਹੇਗਾ, ਜਿਸ ਦਾ ਜਵਾਬ ਦਿੰਦੇ ਹੋਏ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਭਾਰਤ ਤੋਂ ਆਏ ਛੋਟੇ ਉੱਦਮੀਆਂ ਦੇ ਹਿੱਤਾਂ ਦਾ ਵਿਸ਼ੇਸ਼ ਰੂਪ ਤੋਂ ਧਿਆਨ ਰੱਖਣਗੇ।

ਧਵਨ ਨੇ ਅੱਗੇ ਸਵਾਲ ਕਿ ਜੇਕਰ ਤੁਹਾਡੀ ਪਾਰਟੀ ਦੁਬਾਰਾ ਇਹ ਚੋਣਾਂ ਜਿੱਤਦੀ ਹੈ ਤਾਂ ਅਪ੍ਰਵਾਸੀਆਂ ਲਈ ਤੁਹਾਡੀਆਂ ਨੀਤੀਆਂ ਕਿਹੋ ਜਿਹੀਆਂ ਰਹਿਣਗੀਆਂ ਤਾਂ ਇਸ 'ਤੇ ਜਸਟਿਨ ਟਰੂਡੋ ਨੇ ਜਵਾਬ ਦਿੱਤਾ ਕਿ ਅਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਉਨ੍ਹਾਂ ਨੂੰ ਸਹਿਯੋਗ ਦਿੱਤਾ ਹੈ। ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਸਹਿਯੋਗ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਵੀ ਉਨ੍ਹਾਂ ਨੂੰ ਮਿਲੇਗਾ। ਉਨ੍ਹਾਂ ਆਖਿਆ ਕਿ ਪੰਜਾਬੀਆਂ ਨੇ ਕੈਨੇਡਾ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਧਵਨ ਨੇ ਆਖਿਆ ਕਿ ਲੋਕ ਪੰਜਾਬ ਤੋਂ ਆ ਕੇ ਕੈਨੇਡਾ 'ਚ ਘੁਲ-ਮਿਲ ਗਏ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਨਵੀਂ ਸਰਕਾਰ ਉਨ੍ਹਾਂ ਦੇ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੇਗੀ ਅਤੇ ਉਨ੍ਹਾਂ ਦਾ ਹੱਲ ਕੱਢੇਗੀ।


author

Khushdeep Jassi

Content Editor

Related News