ਐੱਸ. ਜੀ. ਪੀ. ਸੀ. ਕੁਝ ਇਸ ਤਰ੍ਹਾਂ ਕਰੇਗੀ ਟਰੂਡੋ ਦਾ ਸੁਆਗਤ
Sunday, Feb 18, 2018 - 03:18 PM (IST)
ਅੰਮ੍ਰਿਤਸਰ— ਭਾਰਤ ਦੌਰੇ 'ਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਟਰੂਡੋ ਦੇ ਅੰਮ੍ਰਿਤਸਰ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਟਰੂਡੋ ਦੇ ਦੌਰੇ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਪੱਬਾਂ ਭਾਰ ਹੋ ਗਈ ਹੈ। ਟਰੂਡੋ ਦਾ ਸੁਆਗਤ ਕਰਨ ਲਈ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖੁਦ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਇਕ ਘੰਟਾ ਰੁਕਣਗੇ। ਲੌਂਗੋਵਾਲ ਟਰੂਡੋ ਦਾ ਸੁਆਗਤ ਅਤੇ ਸਨਮਾਨ ਪੰਥਕ ਰਵਾਇਤਾਂ ਮੁਤਾਬਕ ਕਰਨਗੇ। ਲੌਂਗੋਵਾਲ ਗੁਲਦਸਤਾ ਭੇਟ ਕਰ ਕੇ ਟਰੂਡੋ ਦਾ ਸੁਆਗਤ ਕਰਨਗੇ। ਇਸ ਦੇ ਨਾਲ ਹੀ ਉਹ ਟਰੂਡੋ ਨੂੰ ਗੋਲਡਨ ਰੰਗ ਦੀ ਸ੍ਰੀ ਸਾਹਿਬ ਤੋਂ ਇਲਾਵਾ ਦਰਬਾਰ ਸਾਹਿਬ ਦਾ ਮਾਡਲ ਵੀ ਭੇਟ ਕਰਨਗੇ।
ਖਾਸ ਗੱਲ ਇਹ ਹੈ ਕਿ ਟਰੂਡੋ ਦੀ ਸੁਰੱਖਿਆ 3 ਲੇਅਰਾਂ 'ਚ ਹੋਵੇਗੀ। ਪਹਿਲੀ ਲੇਅਰ 'ਚ ਕੈਨੇਡੀਅਨ ਸੁਰੱਖਿਆ ਏਜੰਸੀਆਂ ਅਤੇ ਦੂਜੀ 'ਚ ਭਾਰਤੀ ਸੁਰੱਖਿਆ ਏਜੰਸੀਆਂ ਦੇ ਨੌਜਵਾਨ ਰਹਿਣਗੇ। ਤੀਜੇ ਲੇਅਰ 'ਚ ਐੱਸ. ਜੀ. ਪੀ. ਸੀ. ਦੀ ਟਾਸਕ ਫੋਰਸ ਦੇ 100 ਨੌਜਵਾਨ ਤਾਇਨਾਤ ਰਹਿਣਗੇ। ਇੱਥੇ ਦੱਸ ਦੇਈਏ ਕਿ ਟਰੂਡੋ ਸ੍ਰੀ ਹਰਿਮੰਦਰ ਸਾਹਿਬ 'ਚ ਦਰਸ਼ਨ ਕਰਨ ਵਾਲੇ ਤੀਜੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ। ਟਰੂਡੋ 7 ਦਿਨਾਂ ਦੇ ਭਾਰਤ ਦੌਰੇ 'ਤੇ ਸ਼ਨੀਵਾਰ ਭਾਵ ਕੱਲ ਸ਼ਾਮ ਪਰਿਵਾਰ ਸਮੇਤ ਪੁੱਜੇ। ਕੈਨੇਡਾ ਤੋਂ 6 ਮੈਂਬਰੀ ਵਫਦ ਵੀ ਆਇਆ ਹੈ।