ਇਨਸਾਫ਼ ਤਾਂ ਦੂਰ, ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਿਉਂ ਨਹੀਂ ਹਟਦੀ ਕਾਂਗਰਸ : ਪ੍ਰੋ. ਬਲਜਿੰਦਰ ਕੌਰ

10/30/2021 7:54:31 PM

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਹਾਈਕਮਾਨ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਲਈ ਸਥਾਈ ਮੈਂਬਰ ਦਾ ਅਹੁਦਾ ਦਿੱਤੇ ਜਾਣ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ‘ਆਪ’ ਨੇ ਪੰਜਾਬ ਕਾਂਗਰਸ ਨੂੰ ਵੀ ਇਸ ਮੁੱਦੇ ’ਤੇ ਘੇਰਦਿਆਂ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਇਸ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੰਗਾਰਿਆ ਹੈ।  
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਾਂਧੀ ਪਰਿਵਾਰ ਸਮੇਤ ਸਮੁੱਚੀ ਕਾਂਗਰਸ ਨੂੰ ਪੁੱਛਿਆ ਕਿ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ਼ ਤਾਂ ਨਹੀਂ ਦਿੱਤਾ ਪਰ 1984 ਦੇ ਕਤਲੇਆਮ ਦੇ ਅੱਜ ਤੱਕ ਅੱਲ਼ੇ ਪਏ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਦੋਂ ਹਟੇਗੀ?

ਇਹ ਵੀ ਪੜ੍ਹੋ : ਸੰਗਰੂਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ‘‘ਕਾਂਗਰਸ ਦੱਸੇ ਕਿ ਆਖ਼ਿਰ ਜਗਦੀਸ਼ ਟਾਈਟਲਰ ਨੇ ਗਾਂਧੀ ਪਰਿਵਾਰ ’ਤੇ ਅਜਿਹੀ ਕਿਹੜੀ ਮਿਹਰਬਾਨੀ ਕੀਤੀ ਹੋਈ ਹੈ ਕਿ ਟਾਈਟਲਰ ਨੂੰ ਵਾਰ-ਵਾਰ ਅਹੁਦੇ ਬਖ਼ਸ਼ੇ ਜਾ ਰਹੇ ਹਨ, ਜਦਕਿ ਟਾਈਟਲਰ ਦਾ ਅਪਰਾਧ ਅਹੁਦੇ ਰੁਤਬਿਆਂ ਦਾ ਨਹੀਂ, ਸਗੋਂ ਜੇਲ੍ਹ ’ਚ ਸੜਨ ਦੇ ਲਾਇਕ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਜਗਦੀਸ਼ ਟਾਈਟਲਰ ਵਰਗੇ ਗੁਨਾਹਗਾਰਾਂ ਨੂੰ ਅਹੁਦੇ ਬਖ਼ਸ਼-ਬਖ਼ਸ਼ ਕੇ ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਵਾਰ-ਵਾਰ ਨਾ ਚਿੜ੍ਹਾਇਆ ਜਾਵੇ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਗਦੀਸ਼ ਟਾਈਟਲਰ 1984 ਦੇ ਸਿੱਖ ਕਤਲੇਆਮ ਦਾ ਚਰਚਿਤ ਅਤੇ ਅਦਾਲਤੀ ਦੋਸ਼ੀ ਹੈ ਅਤੇ ਇਸ ਖ਼ਿਲਾਫ਼ ਸੀ. ਬੀ. ਆਈ. ਕੋਲ ਕਈ ਮਾਮਲੇ ਵਿਚਾਰ ਅਧੀਨ ਹਨ। ਬਦਕਿਸਮਤੀ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸ ਸੱਤਾ ’ਚ ਰਹਿੰਦਿਆਂ ਜਗਦੀਸ਼ ਟਾਈਟਲਰ ਅਤੇ ਹੋਰ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ, ਉਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਵੀ ਅਜਿਹੇ ਕਥਿਤ ਕਾਤਲਾਂ ਨੂੰ ਹੱਥ ਨਾ ਪਾ ਕੇ ਬਚਾਅ ਰਹੀ ਹੈ।

ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਦਾ ਸਮਰਥਨ ਕਰਨ ਲਈ ਸਿੱਧੂ ਤੇ ਚੰਨੀ ਸਿੱਖਾਂ ਨੂੰ ਦੇਣ ਸਫ਼ਾਈ : ਚੁੱਘ

ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ, ‘‘ਕਾਂਗਰਸ ਹਾਈਕਮਾਨ ਦੇ ਇਸ ਫ਼ੈਸਲੇ ਨੇ ਕਾਂਗਰਸ ਦੀ 1984 ਦੇ ਕਤਲੇਆਮ ਬਾਰੇ ਮਾਨਸਿਕਤਾ ਇਕ ਵਾਰ ਫਿਰ ਨੰਗੀ ਕਰ ਦਿੱਤੀ ਹੈ। ਸਾਫ਼ ਹੈ ਕਿ ਕਾਂਗਰਸ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦੀ, ਹਾਲਾਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ’ਤੇ 1984 ਤੋਂ ਬਾਅਦ ਵੀ ਕਈ ਵਾਰ ਵਿਸ਼ਵਾਸ ਕੀਤਾ ਹੈ ਪਰ ਕਾਂਗਰਸ ਨੇ ਹਰ ਵਾਰ ਸਿੱਖਾਂ ਅਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਹੀ ਕੀਤਾ ਹੈ।’’ ‘ਆਪ’ ਆਗੂਆਂ ਨੇ ਕਾਂਗਰਸ ਹਾਈਕਮਾਨ ਵੱਲੋਂ ਜਗਦੀਸ਼ ਟਾਈਟਲਰ ਨੂੰ ਨਿਵਾਜੇ ਗਏ ਮਾਣ-ਸਨਮਾਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਕਾਂਗਰਸੀ ਆਗੂ ਆਪੋ-ਆਪਣਾ ਸਟੈਂਡ ਸਪੱਸ਼ਟ ਕਰਨ।


Manoj

Content Editor

Related News