3 ਮਹੀਨੇ ਤੋਂ ਇਨਸਾਫ ਲਈ ਤਰਸ ਰਹੀ ਲੋਕਾਂ ਨੂੰ ਇਨਸਾਫ ਦੇਣ ਵਾਲੀ ਜੱਜ

Monday, Feb 24, 2020 - 03:37 PM (IST)

ਜਲੰਧਰ (ਮ੍ਰਿਦੁਲ) : ਬੀਤੇ ਸਾਲ ਥਾਣਾ ਨੰ. 6 ਅਧੀਨ ਆਉਂਦੇ ਨਿਊ ਜਵਾਹਰ ਨਗਰ ਸਥਿਤ ਹਾਊਸ ਨੰ. 370 'ਚ ਰਹਿੰਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੇ. ਐੱਮ) ਅੰਮ੍ਰਿਤਾ ਸਿੰਘ ਦੇ ਘਰ ਹੋਈ ਚੋਰੀ ਦੀ ਵਾਰਦਾਤ ਨੂੰ ਪੁਲਸ ਕਮਿਸ਼ਨਰੇਟ ਅਜੇ ਤੱਕ ਟਰੇਸ ਨਹੀਂ ਕਰ ਸਕੀ ਹੈ। ਕਾਨੂੰਨ ਦੀ ਰੱਖਿਆ ਕਰਨ ਵਾਲੇ ਸ਼ਹਿਰ ਦੀ ਇਕ ਵੱਡੇ ਅਧਿਕਾਰੀ ਦੇ ਘਰ ਹੋਈ ਚੋਰੀ ਦੀ ਵਾਰਦਾਤ ਦਾ ਪੁਲਸ ਵਲੋਂ ਟਰੇਸ ਨਾ ਕਰ ਪਾਉਣਾ ਪੁਲਸ ਦੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ 'ਚ ਚੋਰਾਂ ਦੇ ਹੌਸਲੇ ਵੱਧ ਗਏ ਹਨ। ਜਿਸ ਨੂੰ ਲੈ ਕੇ ਆਏ ਦਿਨ ਵੱਡੀਆਂ-ਵੱਡੀਆਂ ਚੋਰੀਆਂ ਹੋ ਰਹੀਆਂ ਹਨ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਾਫ ਪਤਾ ਲੱਗਦਾ ਹੈ ਕਿ ਇਕ ਜੱਜ ਦੇ ਘਰ ਚੋਰੀ ਹੋ ਜਾਵੇ ਅਤੇ ਪੁਲਸ ਬਾਕੀ ਕੇਸਾਂ 'ਚ ਰੁੱਝੀ ਰਹੇ, ਇਹ ਗੱਲ ਆਪਣੇ ਆਪ 'ਚ ਹੈਰਾਨੀਜਨਕ ਹੈ। ਹਾਲਾਂਕਿ ਇਸ ਨੂੰ ਟਰੇਸ ਨਾ ਕਰ ਪਾਉਣਾ ਪੁਲਸ ਦੀ ਸੁਸਤ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਹੁਣ ਜੇਕਰ ਚੋਰ ਫੜੇ ਵੀ ਜਾਣ ਤਾਂ ਕੀ ਪੁਲਸ ਚੋਰਾਂ ਵਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰਵਾ ਸਕੇਗੀ ਜਾਂ ਸਿਰਫ ਚੋਰਾਂ ਨੂੰ ਫੜ ਕੇ ਪੱਲਾ ਝਾੜੇਗੀ ਕਿਉਂਕਿ ਜਿਨ੍ਹਾਂ ਦੀ ਅਦਾਲਤ 'ਚ ਲੋਕਾਂ ਨੂੰ ਇਨਸਾਫ ਮਿਲਦਾ ਹੈ, ਉਨ੍ਹਾਂ ਨੂੰ ਹੀ ਪੁਲਸ ਇਨਸਾਫ ਨਹੀਂ ਦਿਵਾ ਰਹੀ।

ਦੱਸ ਦਈਏ ਕਿ ਅੰਮ੍ਰਿਤਾ ਸਿੰਘ ਉਹ ਮੈਜਿਸਟ੍ਰੇਟ ਹਨ ਅਤੇ ਥਾਣਾ ਨੰ. 6 ਅਨੁਸਾਰ ਦਰਜ ਹੋਣ ਵਾਲੇ ਕੇਸ ਉਨ੍ਹਾਂ ਦੀ ਕੋਰਟ 'ਚ ਟ੍ਰਾਇਲ ਚਲਦੇ ਹਨ। ਦਰਅਸਲ, ਅੰਮ੍ਰਿਤਾ ਸਿੰਘ ਆਪਣੇ ਪਤੀ ਜਤਿੰਦਰਵੀਰ ਸਿੰਘ ਅਤੇ ਬੱਚਿਆਂ ਨਾਲ 23 ਦਸੰਬਰ 2019 ਨੂੰ ਰਾਜਸਥਾਨ ਘੁੰਮਣ ਲਈ ਗਏ ਸਨ। ਪਤੀ ਜਤਿੰਦਰਵੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਜਦੋਂ ਉਹ 28 ਦਸੰਬਰ ਦੀ ਰਾਤ ਨੂੰ ਕਰੀਬ 8.30 ਵਜੇ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰ ਲੱਗਾ ਜਾਲੀ ਵਾਲਾ ਦਰਵਾਜ਼ਾ ਖੁੱਲ੍ਹਾ ਪਿਆ ਹੈ ਅਤੇ ਤਾਲੇ ਟੁੱਟੇ ਹੋਏ ਹਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਏ. ਸੀ. ਪੀ. ਮਾਡਲ ਟਾਉੂਨ ਧਰਮਪਾਲ ਪੁੱਜੇ ਮੌਕੇ 'ਤੇ
ਮੌਕੇ 'ਤੇ ਏ. ਸੀ. ਪੀ. ਮਾਡਲ ਟਾਉੂਨ ਧਰਮਪਾਲ ਮੌਕੇ 'ਤੇ ਪਹੁੰਚੇ। ਜਦੋਂ ਉਹ ਪੁਲਸ ਦੇ ਨਾਲ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਹੈ। ਉਨ੍ਹਾਂ ਨੇ ਜਦੋਂ ਘਰ 'ਚ ਅਲਮਾਰੀਆਂ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ ਚੋਰ ਘਰ 'ਚੋਂ ਕਰੀਬ 3 ਲੱਖ ਰੁਪਏ ਕੈਸ਼, 20 ਤੋਲੇ ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀ ਚੇਨ, ਡਾਇਮੰਡ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਇਸ ਦੇ ਨਾਲ ਹੀ ਵਿਦੇਸ਼ੀ ਘੜੀਆਂ ਜੋ ਕਿ ਉਹ ਵਿਦੇਸ਼ ਤੋਂ ਲੈ ਕੇ ਆਏ ਸਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਚੋਰ ਘਰ 'ਚ ਪਿਆ ਪਿੰਨੀਆਂ ਦਾ ਡੱਬਾ ਵੀ ਖਾਲੀ ਕਰ ਗਏ ਸਨ। ਪੁਲਸ ਨੇ ਉਸ ਸਮੇਂ ਚੋਰੀ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਅਜੇ ਤੱਕ ਕਰੀਬ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਵਾਰਦਾਤ ਟਰੇਸ ਨਾ ਹੋ ਸਕੀ।

ਏ. ਡੀ. ਸੀ. ਪੀ. ਭੰਡਾਲ ਬੋਲੇ-ਕਈ ਲੋਕ ਹਿਰਾਸਤ 'ਚ ਪਰ ਕੋਈ ਸਬੂਤ ਨਹੀਂ ਮਿਲ ਸਕਿਆ
ਜਦੋਂ ਇਸ ਸਬੰਧ 'ਚ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੇਸ 'ਚ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ ਪਰ ਉਨ੍ਹਾਂ ਨੂੰ ਜਾਂਚ 'ਚ ਕੋਈ ਵੀ ਪੁਖਤਾ ਸਬੂਤ ਨਹੀਂ ਮਿਲ ਸਕਿਆ। ਸਭ ਤੋਂ ਜ਼ਿਆਦਾ ਪੁਲਸ ਨੂੰ ਕੇਸ ਟਰੇਸ ਕਰਨ 'ਚ ਇਹ ਮੁਸ਼ਕਲ ਹੋ ਰਹੀ ਸੀ ਕਿ ਇਸ ਕੇਸ 'ਚ ਇਲਾਕੇ 'ਚ ਕੋਈ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਸੀ। ਜਿਸ ਕਾਰਨ ਚੋਰਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਇਸ ਕੇਸ ਨੂੰ ਟਰੇਸ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਜਿਵੇਂ ਹੀ ਕੋਈ ਲੀਡ ਮਿਲੇਗੀ ਤਾਂ ਤੁਰੰਤ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।


Anuradha

Content Editor

Related News