ਤਿਉਹਾਰਾਂ ਦੇ ਸੀਜ਼ਨ ''ਚ ਜ਼ਰਾ ਰਹੋ Alert! ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

Tuesday, Oct 22, 2024 - 01:58 PM (IST)

ਚੰਡੀਗੜ੍ਹ (ਸੁਸ਼ੀਲ) : ਤਿਉਹਾਰਾਂ ਦੇ ਸੀਜ਼ਨ 'ਚ ਆਮ ਜਨਤਾ ਨੂੰ ਜ਼ਰਾ ਬਚ ਕੇ ਰਹਿਣ ਦੀ ਲੋੜ ਹੈ ਕਿਉਂਕਿ ਇਸ ਦੌਰਾਨ ਸਨੈਚਰ ਥਾਂ-ਥਾਂ ਘੁੰਮ ਰਹੇ ਹਨ ਅਤੇ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਅਜਿਹੇ ਹੀ ਕਏ ਮਾਮਲੇ ਚੰਡੀਗੜ੍ਹ 'ਚ ਸਾਹਮਣੇ ਆ ਚੁੱਕੇ ਹਨ। ਬਾਈਕ ਸਵਾਰ ਸਨੈਚਰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ 2 ਔਰਤਾਂ ਤੇ ਇਕ ਪੁਰਸ਼ ਤੋਂ ਫੋਨ ਖੋਹ ਕੇ ਫ਼ਰਾਰ ਹੋ ਗਏ। ਸਨੈਚਿੰਗ ਦੀਆਂ ਤਿੰਨੋਂ ਵਾਰਦਾਤਾਂ ਦੱਖਣੀ ਤੇ ਸੈਂਟਰਲ ਡਵੀਜ਼ਨਾਂ ’ਚ ਵਾਪਰੀਆਂ। ਮੁੱਲਾਂਪੁਰ ਵਾਸੀ ਵਿਜੇ ਕੁਮਾਰ ਤੋਂ ਧਨਾਸ ਦੇ ਨਾਮਧਾਰੀ ਮਾਰਬਲ ਸਟੋਰ ਨੇੜੇ ਫੋਨ, ਸੈਕਟਰ-45 ਦੀ ਰਹਿਣ ਵਾਲੀ ਸੇਵਾਮੁਕਤ ਔਰਤ ਕੈਲਾਸ਼ ਰਾਣੀ ਤੋਂ ਸੈਕਟਰ-45 ਦੇ ਪਾਰਕ ’ਚੋਂ ਸੋਨੇ ਦੀ ਚੇਨ ਤੇ ਸੈਕਟਰ-41 ਦੀ ਰਹਿਣ ਵਾਲੀ ਨੈਨਸੀ ਕੋਲੋਂ ਮਾਰਕੀਟ ਨੇੜੇ ਪਰਸ ਖੋਹ ਲਿਆ ਗਿਆ। ਸਨੈਚਿੰਗ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਨਾਕੇਬੰਦੀ ਕਰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਸੈਕਟਰ-41 ਦੀ ਮਾਰਕੀਟ ’ਚੋਂ ਨੈਨਸੀ ਦਾ ਪਰਸ ਖੋਹਣ ਵਾਲੇ ਸਨੈਚਰ ਮੋਗਾ ਵਾਸੀ ਪਰਮਪ੍ਰੀਤ ਨੂੰ ਫੜ੍ਹ ਲਿਆ। ਸੈਕਟਰ-39 ਤੇ 34 ਥਾਣੇ ਦੀ ਪੁਲਸ ਨੇ ਸਨੈਚਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਬੀਮਾਰੀ ਬਾਰੇ ਸਿਹਤ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਮੁੱਲਾਂਪੁਰ ਵਾਸੀ ਵਿਜੇ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਐਤਵਾਰ ਨੂੰ ਉਹ ਸਕੂਟੀ ’ਤੇ ਸੈਕਟਰ-43 ਜ਼ਿਲ੍ਹਾ ਅਦਾਲਤ ’ਚ ਜਾ ਰਿਹਾ ਸੀ। ਜਦੋਂ ਉਹ ਧਨਾਸ ਸਥਿਤ ਨਾਮਧਾਰੀ ਮਾਰਬਲ ਸਟੋਰ ਨੇੜੇ ਪੁੱਜਾ ਤਾਂ ਪਿੱਛੇ ਤੋਂ ਬਾਈਕ ’ਤੇ ਆਏ 2 ਨੌਜਵਾਨ ਉਸਨੂੰ ਰੋਕ ਕੇ ਪਤਾ ਪੁੱਛਣ ਲੱਗੇ। ਬਾਈਕ ਦੇ ਪਿੱਛੇ ਬੈਠਾ ਨੌਜਵਾਨ ਮੋਬਾਇਲ ਫੋਨ ਲੈ ਕੇ ਭੱਜ ਗਿਆ। ਵਿਜੇ ਨੇ ਇਕ ਰਾਹਗੀਰ ਦੀ ਮਦਦ ਨਾਲ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਜੇ ਦੇ ਬਿਆਨ ਦਰਜ ਕਰ ਕੇ ਬਾਈਕ ਸਵਾਰ ਦੋਵੇਂ ਸਨੈਚਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸਨੈਚਰਾਂ ਨੂੰ ਫੜ੍ਹਨ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੂਜੇ ਮਾਮਲੇ ਵਿਚ ਸੈਕਟਰ-45 ਦੀ ਰਹਿਣ ਵਾਲੀ ਕੈਲਾਸ਼ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਉਹ ਐਤਵਾਰ ਸਵੇਰੇ ਸੈਕਟਰ-45 ’ਚ ਸੈਰ ਕਰ ਰਹੀ ਸੀ। ਸੈਰ ਤੋਂ ਬਾਅਦ ਪਾਰਕ ’ਚ ਆ ਕੇ ਬੈਠ ਗਈ। ਇਸੇ ਦੌਰਾਨ ਬਾਈਕ ਸਵਾਰ 2 ਨੌਜਵਾਨ ਪਾਰਕ ਨੇੜੇ ਆ ਕੇ ਰੁਕੇ। ਇਕ ਨੌਜਵਾਨ ਪਾਰਕ ਅੰਦਰ ਆਇਆ ਤੇ ਉਸ ਦੇ ਗਲੇ ’ਚੋਂ ਸੋਨੇ ਦੀ ਚੇਨ ਖੋਹ ਕੇ ਸਾਥੀ ਦੀ ਬਾਈਕ 'ਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ Update, ਕੱਢ ਲਓ ਗਰਮ ਕੱਪੜੇ

ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸੈਕਟਰ-34 ਥਾਣਾ ਪੁਲਸ ਨੇ ਕੈਲਾਸ਼ ਰਾਣੀ ਦੀ ਸ਼ਿਕਾਇਤ ’ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੀਜੇ ਮਾਮਲੇ ਵਿਚ ਸੈਕਟਰ-41 ਦੀ ਵਸਨੀਕ ਨੈਨਸੀ ਨੇ ਪੁਲਸ ਨੂੰ ਦੱਸਿਆ ਕਿ ਉਹ ਸਵੇਰੇ ਕਿਸੇ ਕੰਮ ਲਈ ਸੈਕਟਰ-40 ਗਈ ਸੀ। ਕੰਮ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਘਰ ਆ ਰਹੀ ਸੀ ਤਾਂ ਸੈਕਟਰ-40 ਦੇ ਮਕਾਨ ਨੰਬਰ 1385 ਕੋਲ ਬਾਈਕ ਸਵਾਰ ਦੋ ਨੌਜਵਾਨਾਂ ਚੋਂ ਇਕ ਨੇ ਉਸ ਤੋਂ ਪਰਸ ਖੋਹ ਲਿਆ ਤੇ ਫ਼ਰਾਰ ਹੋ ਗਏ। ਔਰਤ ਨੇ ਬਾਈਕ ਦਾ ਨੰਬਰ ਨੋਟ ਕਰ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਨੈਚਰ ਨੂੰ ਫੜ੍ਹਨ ਲਈ ਨਾਕੇਬੰਦੀ ਕਰ ਦਿੱਤੀ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਗਾ ਨਿਵਾਸੀ ਪਰਮਪ੍ਰੀਤ ਨੂੰ ਫੜ੍ਹ ਲਿਆ ਹੈ। ਪੁਲਸ ਨੇ ਉਸ ਕੋਲੋਂ ਪਰਸ ਬਰਾਮਦ ਕਰ ਲਿਆ ਹੈ।
ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲੱਗਣਗੇ ਨਾਕੇ
ਤਿਉਹਾਰਾਂ ਦੇ ਸੀਜ਼ਨ ਦੌਰਾਨ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਵਿਭਾਗ ਵੱਲੋਂ ਹੁਣ ਹਰ ਰੋਜ਼ ਸ਼ਾਮ 6 ਤੋਂ 10 ਵਜੇ ਤੱਕ ਵਿਸ਼ੇਸ਼ ਨਾਕੇ ਲਾਏ ਜਾਣਗੇ। ਇਹ ਨਾਕੇ ਮਾਰਕੀਟ ਦੇ ਆਲੇ-ਦੁਆਲੇ ਤੇ ਸੈਕਟਰਾਂ ਦੇ ਅੰਦਰ ਲਾਏ ਜਾਣਗੇ। ਇਨ੍ਹਾਂ ਨਾਕਿਆਂ ’ਤੇ ਪੁਲਸ ਸ਼ੱਕੀ ਬਾਈਕ ਸਵਾਰਾਂ ਨੂੰ ਰੋਕ ਕੇ ਪੁੱਛਗਿੱਛ ਕਰੇਗੀ। ਪੁਲਸ ਨੇ ਦੱਸਿਆ ਕਿ ਨਾਕੇ ਲਾਉਣ ਦਾ ਮਕਸਦ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਰੋਕਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News