ਸੀ. ਐੱਚ. ਸੀ. ਝਬਾਲ ਵੱਲੋਂ ਸਰਕਾਰੀ ਸਕੂਲ ਵਿਖੇ ਲਾਇਆ ਨਸ਼ਾ ਛੁਡਾਊ ਜਾਗਰੂਕਤਾ ਸੈਮੀਨਾਰ

01/19/2018 4:05:32 PM

ਝਬਾਲ/ ਬੀੜ ਸਾਹਿਬ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਭਾਟੀਆ) - ਨਸ਼ਾ ਇਕ ਅਜਿਹੀ ਭੈੜੀ ਅਲਾਮਤ ਹੈ ਜਿਸ ਦੇ ਕੁਝ ਪਲਾਂ ਦੇ ਸਰੂਰ ਦਾ ਲੁਤਫ਼, ਬੰਦੇ ਦੀ ਜਿੰਦਗੀ ਭਰ ਲਈ ਨਾਸੂਰ ਬਣ ਜਾਂਦਾ ਹੈ। ਇਹ ਪ੍ਰਗਟਾਵਾ ਸਰਕਾਰੀ ਹਾਈ ਸਕੂਲ (ਲੜਕੇ), ਝਬਾਲ ਵਿਖੇ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾਖੋਰੀ ਵਿਰੋਧ ਜ਼ਿਲਾ ਪ੍ਰਸਾਸ਼ਨ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਸੀ. ਐੱਚ. ਸੀ. ਝਬਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਵੀਰ ਭਾਰਤੀ ਨੇ ਨਸ਼ਾ ਛੁਡਾਊ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਭਾਰਤੀ ਨੇ ਨਸ਼ਿਆਂ ਦੀ ਭੈੜੀ ਲਤ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਨਸ਼ਿਆਂ ਦੇ ਆਦੀ ਲੋਕਾਂ ਨੂੰ ਸਮਾਜ ਨਾਲੋਂ ਵੱਖਰਾ ਸਮਝਿਆ ਜਾਂਦਾ ਹੈ ਅਤੇ ਨਸ਼ੇੜੀ ਵਿਅਕਤੀ ਦੀ ਪਰਿਵਾਰ ਅਤੇ ਸਮਾਜ 'ਚ ਕੋਈ ਇੱਜ਼ਤ ਮਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਨਸ਼ਾ ਇਕ ਮਾਨਸਿਕ ਬੀਮਾਰੀ ਹੈ ਅਤੇ ਇਸ ਨੂੰ ਡਾਕਟਰੀ ਇਲਾਜ ਨਾਲ ਛੱਡਿਆ ਜਾ ਸਕਦਾ ਹੈ। ਇਸ ਮੌਕੇ ਬੀ. ਈ. ਈ. ਹਰਦੀਪ ਸਿੰਘ ਨੇ ਨੌਜਵਾਨ ਪੀੜੀ ਨੂੰ ਨਸ਼ਾਖੋਰੀ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਇਸ ਸਮਾਜਿਕ ਬੁਰਾਈ ਵਿਰੋਧ ਲਾਮਬੱਧ ਹੋਣ ਲਈ ਪ੍ਰੇਰਿਤ ਕੀਤਾ। ਐੱਸ. ਈ. ਰਾਮ ਰਛਪਾਲ ਧਵਨ ਅਤੇ ਸਿਹਤ ਕਰਮਚਾਰੀ ਪ੍ਰਦੀਪ ਸਿੰਘ ਝਬਾਲ ਨੇ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਾਇਆ ਤੇ ਨਸ਼ਿਆਂ ਦੇ ਆਦੀ ਲੋਕਾਂ ਨੂੰ ਸਿਹਤ ਵਿਭਾਗ ਦੀ ਮੁੱਖ ਧਾਰਾ 'ਚ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਰਬਜੀਤ ਸਿੰਘ, ਕੰਵਲਜੀਤ ਸਿੰਘ ਮੁਹਾਵਾ, ਡਾ. ਸੈਲਿਜ਼ਾ, ਐੱਸ.ਆਈ. ਸਲਵਿੰਦਰ ਸਿੰਘ, ਕੰਵਲ ਬਲਰਾਜ ਸਿੰਘ, ਮੁੱਖ ਅਧਿਆਪਕ ਤਰਸੇਮ ਸਿੰਘ ਆਦਿ ਸਮੇਤ ਸਿਹਤ ਕਰਮਚਾਰੀ ਅਤੇ ਸਮੁੱਚੇ ਵਿਦਿਅਕ ਸਟਾਫ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ 'ਤੇ ਪਿੰਡ ਦੇ ਮੋਹਤਬਾਰ ਹਾਜ਼ਰ ਸਨ।


Related News