ਜੱਜ ਵਲੋਂ ਸਜ਼ਾ ਦਾ ਐਲਾਨ ਹੁੰਦੇ ਹੀ ਅਦਾਲਤ ''ਚੋਂ ਭੱਜਿਆ ਮੁਜ਼ਰਮ
Monday, Apr 29, 2019 - 06:44 PM (IST)
ਮੋਗਾ (ਗੋਪੀ ਰਾਊਕੇ) : ਜ਼ਿਲਾ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਲਗਭਗ ਚਾਰ ਸਾਲ ਪਹਿਲਾਂ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਖੋਹਣ ਦੇ ਮਾਮਲੇ ਵਿਚ ਥਾਣਾ ਅਜੀਤਵਾਲ ਪੁਲਸ ਵੱਲੋਂ ਨਾਮਜਦ ਕੀਤੇ ਚਾਰ ਵਿਕਅਤੀਆਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਥਾਣਾ ਅਜੀਤਵਾਲ ਪੁਲਸ ਨੂੰ ਤਰਸੇਮ ਲਾਲ ਵਾਸੀ ਕੋਟ ਈਸੇ ਖਾਂ ਨੇ 27 ਸਤੰਬਰ 2015 ਨੂੰ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਹ ਰਾਤ ਨੂੰ ਕਰੀਬ 10 ਵਜੇ ਆਪਣੇ ਰੇਤ ਨਾਲ ਭਰੇ ਟਰੈਕਟਰ ਟਰਾਲੀ ਤੇ ਬਰਨਾਲਾ ਰੋਡ 'ਤੇ ਜਾ ਰਿਹਾ ਸੀ, ਜਦੋਂ ਉਹ ਪਿੰਡ ਡਾਲਾ ਨੇੜੇ ਪੁੱਜਾ ਤਾਂ ਇਕ ਮਾਰੂਤੀ ਕਾਰ ਸਵਾਰ ਚਾਰ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਉਸ ਦਾ ਟਰੈਕਟਰ ਟਰਾਲੀ ਖੋਹ ਕੇ ਫਰਾਰ ਹੋ ਗਏ। ਜਿਸ 'ਤੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਗੁਰਪ੍ਰੀਤ ਸਿੰਘ ਉਰਫ ਗੋਪੀ, ਰਣਜੀਤ ਸਿੰਘ, ਰਘਵੀਰ ਸਿੰਘ ਅਤੇ ਰਾਜ ਕੁਮਾਰ ਉਰਫ ਰਾਜੂ ਵਾਸੀ ਬਠਿੰਡਾ ਨੂੰ ਨਾਮਜਦ ਕੀਤਾ ਸੀ। ਮਾਨਯੋਗ ਅਦਾਲਤ ਵੱਲੋਂ ਸੋਮਵਾਰ ਨੂੰ ਉਕਤ ਮਾਮਲੇ ਦੀ ਆਖਰੀ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ।
ਅਦਾਲਤ ਵਲੋਂ ਸਜ਼ਾ ਦਾ ਫੈਸਲਾ ਸੁਣਦਿਆਂ ਹੀ ਉਕਤ ਚਾਰਾਂ ਦੋਸ਼ੀਆਂ 'ਚੋਂ ਇਕ ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਨੇ ਪਾਣੀ ਪੀਣ ਦਾ ਬਹਾਨਾ ਲਗਾ ਕੇ ਪਹਿਲਾਂ ਅਦਾਲਤ 'ਚੋਂ ਬਾਹਰ ਖਿਸਕਣ ਅਤੇ ਫਿਰ ਮੌਕਾ ਵੇਖਦਿਆਂ ਹੀ ਪੌੜੀਆਂ ਰਾਂਹੀਂ ਵਕੀਲਾਂ ਦੇ ਚੈਂਬਰਾਂ ਵੱਲ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੋਰਟ ਕੰਪਲੈਕਸ ਵਿਚ ਡਿਊਟੀ ਤੇ ਤਾਇਨਾਤ ਪੁਲਸ ਕਰਮਚਾਰੀਆਂ ਅਤੇ ਅਦਾਲਤ ਦੇ ਪੁਲਸ ਸਟਾਫ ਵੱਲੋਂ ਮੁਸਤੈਦੀ ਵਿਖਾਉਂਦੇ ਦੋਸ਼ੀ ਦਾ ਪਿੱਛਾ ਕਰਦਿਆਂ ਥੋੜੀ ਦੂਰੀ 'ਤੇ ਹੀ ਉਸ ਨੂੰ ਦਬੋਚ ਲਿਆ ਗਿਆ।