20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਪੱਤਰਕਾਰ ਗ੍ਰਿਫਤਾਰ

02/04/2018 9:20:53 AM

ਬਠਿੰਡਾ (ਬਲਵਿੰਦਰ)- ਇਕ ਅਖ਼ਬਾਰ ਦੇ ਪੱਤਰਕਾਰ ਤੇ ਉਸ ਦੇ ਸਾਥੀ ਨੂੰ ਅੱਜ ਸੀ.ਆਈ.ਏ. ਸਟਾਫ-2 ਬਠਿੰਡਾ ਨੇ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਪਾਸੋਂ 20 ਪੇਟੀਆਂ  ਨਾਜਾਇਜ਼ ਸ਼ਰਾਬ, ਦੇਸੀ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਸ ਨੇ ਮੁਕੱਦਮੇ ਦਰਜ ਕਰ ਕੇ ਉਕਤ ਧੰਦੇ ਦੇ ਹੋਰ 'ਵਰਕਰਾਂ' ਨੂੰ ਫੜਨ ਦੀ ਮੁਹਿੰਮ ਵੀ ਵਿੱਢ ਦਿੱਤੀ ਹੈ।
ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ-2 ਬਠਿੰਡਾ ਦੇ ਮੁਖੀ ਤਰਜਿੰਦਰ ਸਿੰਘ ਨੂੰ ਬਠਿੰਡਾ ਨੇੜਲੇ ਪਿੰਡਾਂ ਬਹਿਮਣ ਦੀਵਾਨਾ, ਚੁੱਘੇ ਕਲਾਂ, ਚੁੱਘੇ ਖੁਰਦ ਆਦਿ ਪਿੰਡਾਂ ਨਾਲ ਸਬੰਧਤ ਸ਼ਰਾਬ ਠੇਕੇਦਾਰਾਂ ਪਾਸੋਂ ਗੁਪਤ ਸੂਚਨਾ ਮਿਲੀ ਸੀ ਕਿ ਇਕ ਪ੍ਰੈੱਸ ਲਿਖੀ ਕਾਰ ਰਾਹੀਂ ਸ਼ਰਾਬ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਧੰਦਾ ਸ਼ੇਖੂ ਦਾ ਰਹਿਣ ਵਾਲਾ ਇਕ ਅਖ਼ਬਾਰ ਦਾ ਪੱਤਰਕਾਰ ਕਰ ਰਿਹਾ ਹੈ। ਜਿਸ ਦੀ ਕਾਰ 'ਤੇ ਪ੍ਰੈੱਸ ਲਿਖਿਆ ਹੈ ਤੇ ਉਹ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਉਕਤ ਪਿੰਡਾਂ 'ਚ ਸਪਲਾਈ ਕਰਦਾ ਹੈ। 
ਪੜਤਾਲ ਕਰਨ ਉਪਰੰਤ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਬਹਿਮਣ ਦੀਵਾਨਾ ਵਿਖੇ ਨਾਕਾਬੰਦੀ ਕਰ ਕੇ ਉਕਤ ਪੱਤਰਕਾਰ ਦੀ ਕਾਰ ਨੂੰ ਰੋਕ ਲਿਆ, ਜਿਸ 'ਚ ਉਸ ਤੋਂ ਇਲਾਵਾ ਉਸ ਦਾ ਇਕ ਸਾਥੀ ਬੇਦੀ ਵਾਸੀ ਸ਼ੇਖੂ ਵੀ ਸਵਾਰ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਕਾਰ 'ਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ। ਤਲਾਸ਼ੀ ਲੈਣ 'ਤੇ ਕਾਰ 'ਚੋਂ ਇਕ ਦੇਸੀ ਪਿਸਤੌਲ ਵੀ ਬਰਾਮਦ ਹੋਇਆ, ਜਿਸ 'ਚ ਦੋ ਕਾਰਤੂਸ ਵੀ ਸਨ। 
ਸ਼ੇਖੂ ਦਾ ਹੀ ਇਕ ਵਿਅਕਤੀ ਵੇਚਦਾ ਹੈ ਨਾਜਾਇਜ਼ ਅਸਲਾ
ਪੱਤਰਕਾਰ ਦੇ ਫੜੇ ਜਾਣ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਪਿੰਡ ਸ਼ੇਖੂ ਦਾ ਹੀ ਇਕ ਵਿਅਕਤੀ ਨਾਜਾਇਜ਼ ਅਸਲਾ ਵੀ ਵੇਚਦਾ ਹੈ ਕਿਉਂਕਿ ਜੋ ਦੇਸੀ ਪਿਸਤੌਲ ਪੁਲਸ ਨੂੰ ਬਰਾਮਦ ਹੋਇਆ ਹੈ, ਉਹ ਉਕਤ ੱਪੱਤਰਕਾਰ ਨੇ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਪਾਸੋਂ ਖਰੀਦਿਆ ਸੀ। ਸੰਭਾਵਨਾ ਹੈ ਕਿ ਇਸ ਵਿਅਕਤੀ ਨੇ ਹੋਰ ਲੋਕਾਂ ਨੂੰ ਵੀ ਅਜਿਹੇ ਪਿਸਤੌਲ ਲਿਆ ਕੇ ਦਿੱਤੇ ਹੋਣਗੇ ਜਿਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਇਹ ਪਿਸਤੌਲ ਉੱਤਰ ਪ੍ਰਦੇਸ਼ ਜਾਂ ਬਿਹਾਰ 'ਚੋਂ ਆਸਾਨੀ ਨਾਲ ਮਿਲ ਜਾਂਦੇ ਹਨ। ਪੁਲਸ ਸੂਤਰਾਂ ਮੁਤਾਬਕ ਇਹ ਪਿਸਤੌਲ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਹੀ ਖਰੀਦਿਆ ਸੀ, ਜਿਸ ਦੇ ਪੈਸੇ ਵੀ ਅਜੇ ਦੇਣੇ ਸਨ।
ਸ਼ਰਾਬ ਪਿੰਡਾਂ 'ਚ ਹੁੰਦੀ ਸੀ ਸਪਲਾਈ
ਪੁਲਸ ਮੁਤਾਬਕ ਇਸ ਵਿਅਕਤੀ ਨੇ ਪੱਤਰਕਾਰਤਾ ਦੀ ਆੜ 'ਚ ਇਹ ਧੰਦਾ ਅਪਣਾਇਆ ਹੋਇਆ ਸੀ ਤਾਂ ਕਿ ਪੁਲਸ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਹੋਵੇ ਜਿਸ ਕਾਰਨ ਪ੍ਰੈੱਸ ਲਿਖੇ ਹੋਣ ਕਾਰਨ ਉਸ ਦੀ ਕਾਰ ਨੂੰ ਕੋਈ ਪੁਲਸ ਵਾਲਾ ਰੋਕਦਾ ਵੀ ਨਹੀਂ ਸੀ। ਇਸ ਨੇ ਆਪਣੇ ਨਾਲ ਦਿਹਾੜੀ 'ਤੇ ਇਕ ਵਿਅਕਤੀ ਰੱਖਿਆ ਹੋਇਆ ਸੀ। ਇਹ ਦੋਵੇਂ ਹਰਿਆਣਾ 'ਚੋਂ ਸ਼ਰਾਬ ਲਿਆ ਕੇ ਬਠਿੰਡਾ ਨੇੜਲੇ ਪਿੰਡਾਂ 'ਚ ਸਪਲਾਈ ਕਰਦੇ ਸਨ। ਸ਼ਰਾਬ ਲੈਣ ਵਾਲਿਆਂ ਦਾ ਕੋਈ ਪਤਾ ਟਿਕਾਣਾ ਨਹੀਂ ਸੀ ਹੁੰਦਾ। ਇਹ ਸਿਰਫ ਫੋਨ 'ਤੇ ਸੰਪਰਕ ਕਰਦੇ ਅਤੇ ਰਾਹ ਜਾਂਦੇ ਕਿਤੇ ਵੀ ਰੁਕ ਕੇ ਸ਼ਰਾਬ ਆਪਣੇ ਵਾਹਨ 'ਚ ਰਖਵਾ ਲੈਂਦੇ ਸਨ। ਪੈਸਿਆਂ ਦਾ ਲੈਣ ਦੇਣ ਵੀ ਨਾਲ ਦੀ ਨਾਲ ਹੀ ਹੋ ਜਾਂਦਾ ਸੀ। 
ਕੀ ਕਹਿੰਦੀ ਹੈ ਪੁਲਸ? 
ਪੁਲਸ ਅਧਿਕਾਰੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਪਿਸਤੌਲ ਵੇਚਣ ਵਾਲੇ ਵਿਅਕਤੀ ਤੋਂ ਇਲਾਵਾ ਉਨ੍ਹਾਂ ਵਿਅਕਤੀਆਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ, ਜੋ ਉਕਤ ਪਾਸੋਂ ਸ਼ਰਾਬ ਦੀ ਸਪਲਾਈ ਲੈਂਦੇ ਸਨ। ਉਕਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News