ਜਗਰਾਓਂ 'ਚ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ 'ਤੇ ਚਾਕੂਆਂ ਨਾਲ ਹਮਲਾ (ਤਸਵੀਰਾਂ)
Monday, Oct 30, 2017 - 08:11 PM (IST)
ਜਗਰਾਓਂ (ਜਸਬੀਰ ਸ਼ੇਤਰਾ)–ਇਥੋਂ ਦੇ ਨਿਊ ਪ੍ਰੀਤ ਵਿਹਾਰ ਇਲਾਕੇ 'ਚ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦੀ ਪਤਨੀ 'ਤੇ ਘਰ 'ਚ ਦਾਖਲ ਹੋ ਕੇ ਇਕ ਨੌਜਵਾਨ ਨੇ ਕਾਤਲਾਨਾ ਹਮਲਾ ਕਰ ਦਿੱਤਾ। ਜ਼ਖਮੀ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਮੁਲਜ਼ਮ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਪਛਾਣ ਹੋ ਗਈ ਹੈ, ਜਿਸ ਦੀ ਪੁਲਸ ਤਲਾਸ਼ੀ 'ਚ ਲੱਗ ਗਈ ਹੈ। ਇਹ ਘਟਨਾ ਦਿਨ ਦਿਹਾੜੇ 12.30 ਵਜੇ ਦੇ ਕਰੀਬ ਵਾਪਰੀ ਜਦੋਂ ਕਾਜਲ ਗਰਗ ਪਤਨੀ ਸੁਖਦੇਵ ਗਰਗ ਘਰ 'ਚ ਇਕੱਲੀ ਸੀ।
ਜਾਣਕਾਰੀ ਅਨੁਸਾਰ ਇਕ ਨੌਜਵਾਨ ਕਾਲੇ ਰੰਗ ਦੀ ਸਕੂਟਰੀ 'ਤੇ ਆਇਆ। ਪਹਿਲਾਂ ਉਸ ਨੇ ਨਾਲ ਹੀ ਸਥਿਤ ਇਕ ਹੋਰ ਘਰ ਦੇ ਬਾਹਰ ਲੱਗੀ ਘੰਟੀ ਵਜਾਈ ਪਰ ਘਰ 'ਚ ਮੌਜੂਦ ਮਹਿਲਾ ਨੇ ਦਰਵਾਜ਼ਾ ਨਾ ਖੋਲ੍ਹਿਆ। ਇਸ 'ਤੇ ਉਹ ਸੁਖਦੇਵ ਗਰਗ ਦੇ ਬਾਹਰ ਪਹੁੰਚਿਆ ਤੇ ਘੰਟੀ ਵਜਾਈ। ਕਾਜਲ ਨੇ ਬਾਹਰ ਆ ਕੇ ਦੇਖਿਆ ਤਾਂ ਅੱਗੋਂ ਨੌਜਵਾਨ ਨੇ ਖੁਦ ਨੂੰ ਅਦਾਲਤ 'ਚੋਂ ਆਇਆ ਦੱਸਿਆ ਤੇ ਸੁਖਦੇਵ ਦਾ ਨਾਂ ਲੈ ਕੇ ਸੰਮਨ ਫੜਾਉਣ ਦੀ ਗੱਲ ਆਖੀ। ਇਸ 'ਤੇ ਮਹਿਲਾ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਅੰਦਰ ਦਾਖਲ ਹੋ ਗਿਆ। ਮਹਿਲਾ ਜਦੋਂ ਉਸ ਲਈ ਰਸੋਈ 'ਚੋਂ ਪਾਣੀ ਲੈਣ ਗਈ ਤਾਂ ਉਹ ਵੀ ਮਗਰ ਹੀ ਰਸੋਈ 'ਚ ਪਹੁੰਚ ਗਿਆ ਤੇ ਉਸ ਨੇ ਚਾਕੂ ਨਾਲ 5-6 ਵਾਰ ਕੀਤੇ, ਜਿਸ ਨਾਲ ਕਾਜਲ ਗੰਭੀਰ ਜ਼ਖਮੀ ਹੋ ਗਈ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਸ਼ੱਕ ਕੀਤਾ ਜਾਂਦਾ ਹੈ ਕਿ ਉਹ ਗਹਿਣੇ ਆਦਿ ਲੈ ਕੇ ਫਰਾਰ ਹੋਇਆ ਹੋਵੇਗਾ ਪਰ ਇਸ ਸਬੰਧੀ ਪੁਸ਼ਟੀ ਮਹਿਲਾ ਦੇ ਬਿਆਨ ਲਏ ਜਾਣ ਤੋਂ ਬਾਅਦ ਹੀ ਸੰਭਵ ਹੋ ਸਕੇਗੀ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਅਧਿਕਾਰੀ ਤੇ ਵੱਡੀ ਗਿਣਤੀ 'ਚ ਮੋਹਤਬਰ ਲੋਕ ਤੇ ਮੀਡੀਆ ਕਰਮੀ ਮੌਕੇ 'ਤੇ ਪਹੁੰਚ ਗਏ। ਐੱਸ. ਪੀ. (ਡੀ) ਰਵਿੰਦਰ ਭਾਰਦਵਾਜ, ਡੀ. ਐੱਸ. ਪੀ. ਕੰਵਰਪਾਲ ਸਿੰਘ ਬਾਜਵਾ, ਡੀ. ਐੱਸ. ਪੀ. (ਡੀ) ਸਤਨਾਮ ਸਿੰਘ, ਥਾਣਾ ਇੰਚਾਰਜ ਰਮਿੰਦਰਜੀਤ ਸਿੰਘ ਗਿੱਲ ਆਦਿ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਦੇਖੀ, ਜਿਸ 'ਚ ਮੁਲਜ਼ਮ ਆਉਂਦਾ ਤੇ ਜਾਂਦਾ ਦਿਖਾਈ ਦਿੰਦਾ ਹੈ। ਹਮਲੇ ਦੀ ਫੁਟੇਜ ਵੀ ਮਿਲ ਗਈ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀ ਮਹਿਲਾ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਪੁਲਸ ਵੱਲੋਂ ਮੁਲਜ਼ਮ ਦੀ ਪਛਾਣ ਕਰਕੇ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਦੀ ਵੀ ਖ਼ਬਰ ਹੈ।
ਉਧਰ ਪ੍ਰੈੱਸ ਕਲੱਬ ਜਗਰਾਓਂ ਦਾ ਇਕ ਵਫਦ ਐੱਸ. ਐੱਸ. ਪੀ. ਸੁਰਜੀਤ ਸਿੰਘ ਨੂੰ ਮਿਲਿਆ। ਪੱਤਰਕਾਰਾਂ ਨੇ ਦਿਨ ਦਿਹਾੜੇ ਇਸ ਤਰ੍ਹਾਂ ਕੀਤੇ ਜਾਨਲੇਵਾ ਹਮਲੇ ਦੇ ਦੋਸ਼ੀ ਨੂੰ ਫੌਰੀ ਗ੍ਰਿਫਤਾਰ ਕਰਕੇ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਕਾਂਗਰਸ ਦੇ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਭਾਜਪਾ ਆਗੂ ਡਾ. ਰਜਿੰਦਰ ਸ਼ਰਮਾ ਸਮੇਤ ਵੱਖ-ਵੱਖ ਆਗੂਆਂ ਤੇ ਜਥੇਬੰਦੀਆਂ ਨੇ ਘਟਨਾ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
