ਜ਼ੋਰਾ ਸਿੰਘ ਮਾਨ ਦਾ ਇਕ ਪੁੱਤ ਅਕਾਲੀ ਉਮੀਦਵਾਰ ਅਤੇ ਦੂਜਾ ਭਾਜਪਾ ''ਚ ਸ਼ਾਮਲ ਹੋਣ ਲਈ ਤਿਆਰ

Saturday, Dec 24, 2016 - 07:24 PM (IST)

ਜ਼ੋਰਾ ਸਿੰਘ ਮਾਨ ਦਾ ਇਕ ਪੁੱਤ ਅਕਾਲੀ ਉਮੀਦਵਾਰ ਅਤੇ ਦੂਜਾ ਭਾਜਪਾ ''ਚ ਸ਼ਾਮਲ ਹੋਣ ਲਈ ਤਿਆਰ

ਜਲਾਲਾਬਾਦ (ਸੇਤੀਆ) : ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਅਤੇ ਤਿੰਨ ਵਾਰ ਫਿਰੋਜ਼ਪੁਰ ਤੋਂ ਐੱਮ.ਪੀ. ਰਹੇ ਮਰਹੂਮ ਜ਼ੋਰਾ ਸਿੰਘ ਮਾਨ ਦੇ ਛੋਟੇ ਬੇਟੇ ਨਰਦੇਵ ਸਿੰਘ ਬੌਬੀ ਮਾਨ ਅਕਾਲੀ ਦਲ ਨੂੰ ਅਲਵਿਦਾ ਆਖ ਐਤਵਾਰ ਨੂੰ ਫਾਜ਼ਿਲਕਾ ''ਚ ਹੋਣ ਵਾਲੇ ਸਮਾਗਮ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਭਾਜਪਾ ''ਚ ਸ਼ਾਮਲ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਮਾਨ ਅਬੋਹਰ ਤੋਂ ਭਾਜਪਾ ਦੀ ਟਿਕਟ ''ਤੇ ਚੋਣ ਲੜ ਸਕਦੇ ਹਨ। ਇਸ ਬਾਬਤ ਤੋਂ ਬੌਬੀ ਮਾਨ ਨਾਲ ਫੋਨ ''ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਉਹ ਐਤਵਾਰ ਨੂੰ ਭਾਜਪਾ ''ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੌਰਾਨ ਜਦੋਂ ਉਨ੍ਹਾਂ ਤੋਂ ਅਬੋਹਰ ਤੋਂ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਗੌਰਤਲਬ ਹੈ ਕਿ ਬੌਬੀ ਮਾਨ ਦੇ ਵੱਡੇ ਭਰਾ ਵਰਦੇਵ ਸਿੰਘ ਨੋਨੀ ਮਾਨ ਹਲਕਾ ਗੁਰੂਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਇਸ ਨਵੇਂ ਕਦਮ ਨਾਲ ਜ਼ੋਰਾ ਸਿੰਘ ਮਾਨ ਦਾ ਪਰਿਵਾਰ ਦੋਵਾਂ ਪਾਰਟੀਆਂ ਵਿਚ ਆਪਣੀ ਸਾਖ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੌਬੀ ਮਾਨ ਗੁਰੂਹਰਸਹਾਏ ਹਲਕੇ ਵਿਚ ਆਪਣੇ ਵੱਡੇ ਭਰਾ ਅਤੇ ਅਕਾਲੀ ਦਲ ਦੇ ਉਮੀਦਵਾਰ ਵਰਦਵੇ ਸਿੰਘ ਮਾਨ ਲਈ ਕੰਮ ਕਰਦੇ ਆ ਰਹੇ ਹਨ।
ਉਧਰ ਮਾਨ ਪਰਿਵਾਰ ਦੀ ਇਸ ਦੋਹਰੀ ਨੀਤੀ ਬਾਰੇ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਨੇਤਾ ਕਾਬਲ ਹਨ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸਾਡੀ ਭਾਈਵਾਲ ਪਾਰਟੀ ਵੀ ਸ਼ਾਮਲ ਕਰ ਰਹੀ ਹੈ। ਸੁਖਬੀਰ ਮੁਤਾਬਕ ਬੌਬੀ ਭਾਵੇਂ ਕਿਸੇ ਵੀ ਪਾਰਟੀ ਵਿਚ ਰਹਿਣ ਸਾਡੇ ਲਈ ਦੋਵੇਂ ਪਾਰਟੀਆਂ ਇਕੋ ਹਨ।


author

Gurminder Singh

Content Editor

Related News