ਖਟਕੜ ਕਲਾਂ ਪਹੁੰਚੇ CM ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ
Monday, Jul 28, 2025 - 07:12 PM (IST)

ਜਲੰਧਰ/ਖਟਕੜ ਕਲਾਂ/ਬੰਗਾ (ਵੈੱਬ ਡੈਸਕ, ਤ੍ਰਿਪਾਠੀ, ਰਾਕੇਸ਼)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਦੇ ਦੇਸ਼ ਸੇਵਾ ਲਈ ਪਾਏ ਲਾਮਿਸਾਲ ਯੋਗਦਾਨ ਪ੍ਰਤੀ ਸਤਿਕਾਰ ਭੇਟ ਕਰਦਿਆਂ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਿਰਾਸਤੀ ਕੰਪਲੈਕਸ’ ਦਾ ਨੀਂਹ ਪੱਥਰ ਰੱਖਿਆ। ਇਸ ਮਾਣਮੱਤੇ ਪ੍ਰਾਜੈਕਟ ’ਤੇ 51 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ, ਜੋ ਮਹਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਲਈ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ। ਸ਼ਹੀਦ-ਏ-ਆਜ਼ਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੇ ਗੁਲਾਮੀ ਦੀ ਦਲਦਲ ’ਚ ਫਸੇ ਮੁਲਕ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਜੂਲੇ ਤੋਂ ਆਜ਼ਾਦ ਕਰਵਾਇਆ।
ਇਹ ਵਿਰਾਸਤੀ ਕੰਪਲੈਕਸ ਕਰੀਬ 52 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਜਾ ਰਿਹਾ ਹੈ। ਇਸ ਮੌਕੇ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੰਪਲੈਕਸ ਨਾ ਸਿਰਫ਼ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦਗਾਰ ਬਣਾਏਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਇਨਕਲਾਬੀ ਚੇਤੇ ਦੀ ਰਾਹ ਵਿਖਾਏਗਾ। ਭਗਤ ਸਿੰਘ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 700 ਸੀਟਾਂ ਵਾਲਾ ਏਸੀ ਥੀਏਟਰ ਤਿਆਰ ਕੀਤਾ ਜਾਵੇਗਾ, ਜਿਸ ਵਿਚ ਡਿਜੀਟਲ ਤਰੀਕੇ ਨਾਲ ਜੀਵਨੀ ਵਿਖਾਈ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ
ਭਗਵੰਤ ਮਾਨ ਨੇ ਦੱਸਿਆ ਕਿ ਇਹ ਪ੍ਰਾਜੈਕਟ 9 ਮਹੀਨਿਆਂ ’ਚ ਮੁਕੰਮਲ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਉਪਰਾਲੇ ਦਾ ਉਦੇਸ਼ ਆਪਣੇ ਮਹਾਨ ਸਪੂਤ ਦੀ ਲਾਸਾਨੀ ਵਿਰਾਸਤ ਦੀ ਸੰਭਾਲ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਸਿਰਫ਼ ਇਕ ਇਮਾਰਤੀ ਢਾਂਚਾ ਨਹੀਂ ਹੋਵੇਗਾ ਸਗੋਂ ਨਾ-ਭੁੱਲਣਯੋਗ ਅਹਿਸਾਸ ਹੋਵੇਗਾ, ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤ ਭੂਮੀ ਖਾਤਰ ਮਰ ਮਿਟ ਜਾਣ ਵਾਲੀ ਭਾਵਨਾ, ਬੌਧਿਕ ਸੋਚ ਅਤੇ ਸਾਹਸੀ ਜਜ਼ਬੇ ਦੀ ਝਲਕ ਵੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਨਵੇਂ ਬਣਨ ਵਾਲੇ ਵਿਰਸਾਤੀ ਕੰਪਲੈਕਸ ’ਚ ਵਿਸ਼ਾਲ ਥੀਮੈਟਿਕ ਗੇਟ ਹੋਵੇਗਾ, ਜੋ ਮਹਾਨ ਵਿਰਾਸਤ ਦੀ ਝਲਕ ਪੇਸ਼ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ। ਇਹ ਲਾਂਘਾ ਸ਼ਹੀਦ ਭਗਤ ਸਿੰਘ ਦਾ ਜੀਵਨ ਸਫਰ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਕਹਾਣੀ ਬੁੱਤਾਂ, 2ਡੀ, 3ਡੀ ਕੰਧ ਚਿੱਤਰਾਂ, ਪੁਤਲਿਆਂ ਰਾਹੀਂ ਬਸਤੀਵਾਦੀ ਭਾਰਤ ਦੇ ਦੌਰ ਨੂੰ ਦਰਸਾਏਗਾ।
ਇਹ ਵੀ ਪੜ੍ਹੋ: ਜਲੰਧਰ ਸਿਵਲ ਹਸਪਤਾਲ ਦਾ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ, ਦਿੱਤੇ ਇਹ ਹੁਕਮ
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਲਾਇਲਪੁਰ (ਹੁਣ ਪਾਕਿਸਤਾਨ ’ਚ) ਸਥਿਤ ਜੱਦੀ ਘਰ ਦਾ ਮਾਡਲ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਵੱਖ-ਵੱਖ ਦ੍ਰਿਸ਼ਾਂ ਅਤੇ ਮਾਧਿਅਮਾਂ ਰਾਹੀਂ ਦਰਸਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਜੱਦੀ ਘਰ ਦੀ ਬਹਾਲੀ ਤੇ ਸੰਭਾਲ ਕੀਤੀ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ ਦੇ ਅਦਾਲਤੀ ਮੁਕੱਦਮੇ ਦਾ ਦ੍ਰਿਸ਼ ਵੀ ਸਿਰਜਿਆ ਜਾਵੇਗਾ ਜੋ ਸੈਲਾਨੀਆਂ ਨੂੰ ਅਤੀਤ ’ਚ ਲੈ ਜਾਵੇਗਾ ਅਤੇ ਸ਼ਹੀਦ ਦੇ ਇਨਕਲਾਬੀ ਜੋਸ਼ ਦਾ ਪ੍ਰਗਟਾਵਾ ਕਰੇਗਾ। ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਮੌਜੂਦਾ ਲਾਇਬ੍ਰੇਰੀ ਦਾ ਆਧੁਨਿਕਕਰਨ ਕੀਤਾ ਜਾਵੇਗਾ ਜਿਸ ਤਹਿਤ ਇਸ ਨੂੰ ਡਿਜੀਟਲ ਢੰਗ ਨਾਲ ਨਵਾਂ ਰੂਪ ਮਿਲੇਗਾ ਜੋ ਪਾਠਕਾਂ ਨੂੰ ਵਿਲੱਖਣ ਤਜਰਬਾ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟੂਰਿਸਟਾਂ ਲਈ ਸੁਵਿਧਾ ਕੇਂਦਰ, ਸੈਲਾਨੀਆਂ ਲਈ ਠਹਿਰ, ਬਾਗ-ਬਗੀਚੇ, ਸੰਗੀਤਕ ਫੁਹਾਰਾ ਅਤੇ ਪਾਰਕਿੰਗ ਲਈ ਢੁਕਵੀਂ ਥਾਂ ਹੋਵੇਗੀ। ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਨਸਾਫ਼, ਬਰਾਬਰੀ ਅਤੇ ਇਨਕਲਾਬੀ ਵਿਚਾਰਾਂ ਲਈ ਭਗਤ ਸਿੰਘ ਦੀ ਸਿਖਲਾਈ ਅੱਜ ਵੀ ਉਨੀ ਹੀ ਲਾਗੂ ਹੁੰਦੀ ਹੈ, ਜਿੰਨੀ ਉਹ ਅੰਗਰੇਜ਼ ਰਾਜ ਵਿਚ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤੁਰੰਤ ਪੂਰਾ ਕਰਨ ਦੀ ਯੋਜਨਾ ਹੈ ਤਾਂ ਜੋ ਲੋਕ ਜਲਦ ਤੋਂ ਜਲਦ ਇਨ੍ਹਾਂ ਵਿਰਾਸਤੀ ਥਾਵਾਂ ਦੀ ਯਾਤਰਾ ਕਰ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦੀਆਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ। ਆਜ਼ਾਦੀ ਲਈ ਹੁਣ ਬੰਦੂਕ ਦੀ ਨਹੀਂ ਸਗੋਂ ਵੋਟ ਦੀ ਲੋੜ ਹੈ। ਅਜੇ ਆਮ ਲੋਕਾਂ ਤੱਕ ਆਜ਼ਾਦੀ ਨਹੀਂ ਪਹੁੰਚੀ ਹੈ। ਅਸੀਂ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚਾ ਰਹੇ ਹਾਂ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ 1 ਅਗਸਤ ਤੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e