ਸਾਂਝੇ ਅਧਿਆਪਕ ਮੋਰਚੇ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Saturday, Jul 28, 2018 - 05:56 AM (IST)

ਮੋਹਾਲੀ, (ਨਿਆਮੀਆਂ)- ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸਾਂਝਾ ਅਧਿਆਪਕ ਮੋਰਚਾ ਇਕਾਈ ਮੋਹਾਲੀ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਅਧਿਆਪਕਾਂ ਨੂੰ ਸੰਬੋਧਨ ਕਰਦਿਅਾਂ ਹਰਜੀਤ ਬਸੋਤਾ, ਹਾਕਮ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਬਲਜੀਤ ਚੁੰਬਰ ਤੇ ਨਵਤੇਜ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਇਹ ਅਰਥੀ ਫੂਕ ਮੁਜ਼ਾਹਰਾ ਮੁੱਖ ਮੰਤਰੀ ਪੰਜਾਬ ਵਲੋਂ 27 ਅਪ੍ਰੈਲ ਨੂੰ ਮੋਰਚੇ ਨਾਲ ਮੀਟਿੰਗ ਵਿਚ ਸਾਰੀਆਂ ਮੰਗਾਂ ’ਤੇ ਸਹਿਮਤੀ ਦੇਣ ਪਿੱਛੋਂ 24 ਜੁਲਾਈ ਨੂੰ ਤੈਅਸ਼ੁਦਾ ਮੀਟਿੰਗ ਨਾ ਕਰਨ ਕਰਕੇ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਵਲੋਂ ਮੁੱਖ ਮੰਤਰੀ ਦੀ ਜਗ੍ਹਾ ਮੀਟਿੰਗ ਕੀਤੀ ਗਈ ਸੀ ਤੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਸਹਿਮਤੀ ਹੋਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵਲੋਂ ਨਹੀਂ ਕੀਤਾ ਗਿਆ।
ਅਧਿਆਪਕ ਆਗੂਆਂ ਕਿਹਾ ਕਿ ਬਿਨਾਂ ਤਬਾਦਲਾ ਨੀਤੀ ਦੇ ਵਿਭਾਗ ਵਲੋਂ ਅਰਜ਼ੀਆਂ ਪ੍ਰਾਪਤ ਕੀਤੇ ਬਿਨਾਂ ਹੀ ਰਾਜਸੀ ਭ੍ਰਿਸ਼ਟਾਚਾਰ ਤੇ ਬਦਲੀਆਂ ਵਿਚ ਵਪਾਰੀਕਰਨ ਦੀ ਨੀਤੀ ਰਾਹੀਂ ਕੀਤੀਆਂ ਗਈਆਂ ਬਦਲੀਆਂ ਦੇ ਵਿਰੁੱਧ ਅਧਿਆਪਕ ਵਰਗ ਵਿਚ ਰੋਸ ਤੇ ਰੋਹ ਦੀ ਭਾਵਨਾ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਸਰਕਾਰ ਦੀਆਂ ਲੂੰਬਡ਼ ਚਾਲਾਂ ਪ੍ਰਤੀ ਸੁਚੇਤ ਹੈ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ, ਇਸ ਕਰਕੇ ਹੀ ਸਿੱਖਿਆ ਮੰਤਰੀ ਪੰਜਾਬ ਅਧਿਆਪਕਾਂ ਦੇ ਸੰਘਰਸ਼ ਤੋਂ ਘਬਰਾਹਟ ਵਿਚ ਆ ਕੇ ਲਗਾਤਾਰ ਬੇਤੁਕੇ ਬਿਆਨ ਦਾਗ ਰਹੇ ਹਨ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੱਚੇ ਅਧਿਆਪਕਾਂ ਨੂੰ ਸਿੱਖਿਆਂ ਵਿਭਾਗ ਵਿਚ ਪੂਰੀ ਤਨਖਾਹ ਸਮੇਤ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਡੀ. ਏ. ਦੀਅਾਂ ਕਿਸ਼ਤਾਂ ਜਾਰੀ ਕਰਨ, ਪੇਅ ਕਮਿਸ਼ਨ ਲਾਗੂ ਕਰਨ ਤੇ ਸਕੂਲੀ ਸਿੱਖਿਆ ਨੂੰ ਬਚਾਉਣ ਤਕ ਸੰਘਰਸ਼ ਜਾਰੀ ਰਹੇਗਾ। ਜੇਕਰ ਮੁੱਖ ਮੰਤਰੀ ਪੰਜਾਬ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਨਹੀਂ ਕਰਨਗੇ ਤਾਂ 5 ਅਗਸਤ ਨੂੰ ਮੋਤੀ ਮਹਿਲ ਵੱਲ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਅਧਿਆਪਕਾਂ ਨੂੰ ਜਸਵੀਰ ਗਡ਼ਾਂਗ, ਜਸਵੀਰ ਗੋਸਲ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਰਵਿੰਦਰ ਪੱਪੀ, ਗੁਰਪ੍ਰੀਤ ਬਾਠ, ਸੁਖਵਿੰਦਰ ਸਿੰਘ, ਅਰਵਿੰਦ ਸਿੱਧੂ, ਸਤਵੀਰ ਕੌਰ, ਗੁਰਜੀਤ ਕੌਰ, ਮੈਡਮ ਗੋਲਡੀ ਤੇ ਇੰਦਰਪ੍ਰੀਤ ਕੌਰ ਨੇ ਸੰਬੋਧਨ ਕੀਤਾ।
ਖਮਾਣੋਂ, (ਜਟਾਣਾ)-ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਤੇ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਨਾਉਣ ਕਾਰਨ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਤੇ ਦਵਿੰਦਰ ਪੂਨੀਆਂ ਦੀ ਅਗਵਾਈ ਵਿਚ ਜ਼ਿਲਾ ਹੈੱਡਕੁਆਟਰਾਂ ’ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣ ਤੋਂ ਪਹਿਲਾਂ ਚੋਣ ਮੈਨੀਫੈਸਟੋ ਵਿਚ ਕਿਹਾ ਸੀ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਤੇ ਅਧਿਆਪਕ ਵਰਗ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਸਰਕਾਰ ਵੱਲੋਂ ਹਰ ਸੰਭਵ ਗੱਲ ਨਾ ਮੰਨਣ ’ਤੇ ਅਧਿਆਪਕਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਕਾਰਨ ਮੁੱਖ ਮੰਤਰੀ ਵੱਲੋਂ ਹਰ ਵਾਰ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਰੱਖ ਕੇ ਹਰ ਵਾਰ ਮੀਟਿੰਗ ਵਿਚੋਂ ਗੈਰਹਾਜ਼ਰ ਹੋ ਜਾਣਾ ਆਪਣੇ ਫ਼ਰਜਾਂ ਤੋਂ ਭੱਜਣ ਦੇ ਬਰਾਬਰ ਹੈ।
ਮੋਰਚੇ ਦੇ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਾਡੀਆਂ ਮੰਗਾਂ ਜਾਇਜ਼ ਹਨ, ਜੋ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ਧਰਮ ਸਿੰਘ ਰਾਏਵਾਲ, ਲੈਕ. ਸੰਜੀਵ ਕੁਮਾਰ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਬਾਡ਼ੀ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਗੁਰਵੀਰ ਸਿੰਘ, ਰਜਿੰਦਰ ਸਿੰਘ ਰਾਜਨ, ਦਲਵੀਰ ਸੰਧੂ, ਸਤਿੰਦਰ ਸਿੰਘ, ਹਰਦੀਪ ਸਿੰਘ, ਪੂਰਨ ਚੰਦ ਸਹਿਗਲ, ਰਾਮਵੀਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰੰਘ ਬਰਵਾਲੀ, ਲਖਵਿੰਦਰ ਸਿੰਘ ਰੁਡ਼ਕੀ, ਤੇਜਿੰਦਰ ਸਿੰਘ ਤੇ ਰਾਜੇਸ਼ ਕੁਮਾਰ ਵਡਾਲੀ ਆਦਿ ਹਾਜ਼ਰ ਸਨ।