ਜੋਧਵਾਲ ਸਹਿਕਾਰੀ ਖੇਤੀਬਾੜੀ ਸਭਾ ''ਚ ਲੱਖਾਂ ਰੁਪਏ ਗਬਨ ਮਾਮਲੇ ''ਚ ਨਵਾਂ ਮੋੜ

09/21/2019 4:30:58 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੀ ਜੋਧਵਾਲ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ ਵਿਚ ਲੱਖਾਂ ਰੁਪਏ ਦੇ ਗਬਨ ਦਾ ਮਾਮਲਾ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਛਾਇਆ ਰਿਹਾ ਅਤੇ ਸਹਿਕਾਰਤਾ ਵਿਭਾਗ ਵਲੋਂ ਇਸ ਮਾਮਲੇ 'ਚ ਸਭਾ ਦੇ ਸਾਬਕਾ ਸਕੱਤਰ ਰਾਣਾ ਬਲਵੀਰ ਸਿੰਘ ਖਿਲਾਫ਼ ਇਸ ਗਬਨ ਦੇ ਕਥਿਤ ਦੋਸ਼ ਹੇਠ ਪੁਲਸ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ ਪਰ ਇਸ ਮਾਮਲੇ 'ਚ ਹੁਣ ਨਵਾਂ ਮੋੜ ਆ ਗਿਆ ਹੈ ਅਤੇ ਪੁਲਸ ਨੇ ਸਾਬਕਾ ਸਕੱਤਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਕੱਤਰ ਬਲਵੀਰ ਸਿੰਘ ਨੇ ਆਪਣੇ ਦਸਤਾਵੇਜ਼ ਦਿਖਾਉਂਦਿਆਂ ਦੱਸਿਆ ਕਿ ਸਹਿਕਾਰੀ ਖੇਤੀਬਾੜੀ ਸਭਾ ਜੋਧਵਾਲ ਦੇ ਲੱਖਾਂ ਰੁਪਏ ਗਬਨ ਮਾਮਲੇ 'ਚ ਉਨ੍ਹਾਂ ਨੂੰ ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਸਹਿਕਾਰਤਾ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਲਈ 15 ਨਵੰਬਰ 2018 ਨੂੰ ਪੁਲਸ ਉਚ ਅਧਿਕਾਰੀਆਂ ਨੂੰ ਇੱਕ ਪੱਤਰ ਲਿਖਿਆ ਸੀ ਕਿ ਸਾਬਕਾ ਸਕੱਤਰ ਖਿਲਾਫ਼ ਗਬਨ ਦਾ ਮਾਮਲਾ ਦਰਜ ਕੀਤਾ ਜਾਵੇ। ਰਾਣਾ ਬਲਵੀਰ ਸਿੰਘ ਨੇ ਪੁਲਸ ਅਧਿਕਾਰੀਆਂ ਦੀ ਜਾਂਚ ਰਿਪੋਰਟ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਉਸ ਵਿਚ ਉਹ ਬਿਲਕੁਲ ਨਿਰਦੋਸ਼ ਹੈ ਅਤੇ ਹੋਰ ਵੀ ਕਈ ਤੱਥ ਪੇਸ਼ ਕੀਤੇ।

ਰਾਣਾ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਉਪਰ ਦੋਸ਼ ਲਾਇਆ ਸੀ ਕਿ ਉਸਨੇ 16 ਲੱਖ ਰੁਪਏ ਦੀ ਖਾਦ ਦਾ ਗਬਨ ਕੀਤਾ ਹੈ ਅਤੇ ਇੱਕ ਸਭਾ ਨਾਲ ਜੁੜੇ ਮੈਂਬਰ ਦੀ ਵਸੂਲੀ ਰਕਮ ਵੀ ਆਪਣੇ ਕੋਲ ਰੱਖ ਲਈ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ 25 ਮਾਰਚ 2017 ਨੂੰ ਸਾਰੇ ਰਿਕਾਰਡ ਦਾ ਪ੍ਰੀ-ਆਡਿਟ ਕੀਤਾ ਗਿਆ, ਜਿਸ ਵਿਚ ਖਾਦ ਦੇ ਗਬਨ ਦਾ ਕੋਈ ਮਾਮਲਾ ਸਾਹਮਣੇ ਨਾ ਆਇਆ। ਉਨ੍ਹਾਂ ਇਹ ਵੀ ਦੱਸਿਆ ਕਿ 28 ਫਰਵਰੀ, 2017 ਨੂੰ ਨਿਰੀਖਕ ਬਲਬੀਰ ਸਿੰਘ ਵਲੋਂ ਸਭਾ ਦੇ ਖਾਦ ਤੇ ਸਬੰਧਿਤ ਰਿਕਾਰਡ ਦੀ ਭੌਂਤਿਕ ਪੜਤਾਲ ਕੀਤੀ ਗਈ ਉਸ ਵਿਚ ਵੀ ਸਭ ਕੁੱਝ ਦਰੁਸਤ ਪਾਇਆ ਗਿਆ। ਰਾਣਾ ਬਲਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ 31 ਮਾਰਚ 2017 ਨੂੰ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵਲੋਂ ਸਭਾ ਦੇ ਸਾਰੇ ਰਿਕਾਰਡ ਦੀ ਜਾਂਚ ਕੀਤੀ ਗਈ ਜਿਸ ਵਿਚ ਉਚੇਚੇ ਤੌਰ 'ਤੇ ਇਹ ਦਰਜ਼ ਕੀਤਾ ਗਿਆ ਕਿ ਇੱਥੇ ਖਾਦ ਦਾ ਕੋਈ ਗਬਨ ਨਹੀਂ ਹੋਇਆ ਅਤੇ ਹੋਰ ਵੀ ਕਿਸੇ ਕਿਸਮ ਦਾ ਘਪਲਾ ਨਹੀਂ ਹੈ।
ਸਾਬਕਾ ਸਕੱਤਰ ਰਾਣਾ ਬਲਵੀਰ ਸਿੰਘ ਨੇ ਦੱਸਿਆ ਕਿ 31 ਜਨਵਰੀ 2017 ਨੂੰ ਉਨ੍ਹਾਂ ਦੀ ਸੇਵਾਮੁਕਤੀ ਹੋ ਗਈ ਅਤੇ ਉਨ੍ਹਾਂ ਤੋਂ ਬਾਅਦ 12 ਅਕਤੂਬਰ, 2017 ਨੂੰ ਸਹਿਕਾਰਤਾ ਵਿਭਾਗ ਸਮਰਾਲਾ ਦੇ ਸਹਾਇਕ ਰਜਿਸਟਰਾਰ ਵਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਕਿ ਅਜੇ ਤੱਕ ਅਗਲੇ ਨਵੇਂ ਸਕੱਤਰ ਨੂੰ ਸਭਾ ਦਾ ਰਿਕਾਰਡ, ਖਾਦ ਤੇ ਫਰਨੀਚਰ ਦਾ ਚਾਰਜ ਨਹੀਂ ਦਿੱਤਾ ਗਿਆ ਅਤੇ ਮੇਰੇ ਵਲੋਂ ਲਿਖਤੀ ਰੂਪ ਵਿਚ ਜਵਾਬ ਦਿੱਤਾ ਕਿ ਇਹ ਸਾਰਾ ਰਿਕਾਰਡ ਤੇ ਫਰਨੀਚਰ ਉਹ ਨਵੇਂ ਸਕੱਤਰ ਨੂੰ ਸੌਂਪ ਚੁੱਕਾ ਹੈ ਅਤੇ ਖਾਦ ਦੇ ਗੁਦਾਮਾਂ ਵਾਲੇ ਜਿੰਦਰੇ ਤੋੜ ਉਸਨੇ ਇਹ ਸਭ ਕੁੱਝ ਆਪਣੇ ਕਬਜ਼ੇ 'ਚ ਲੈ ਲਿਆ। ਰਾਣਾ ਬਲਵੀਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ 28 ਮਈ 2018 ਨੂੰ ਸਭਾ ਦੇ ਉਸ ਸਮੇਂ ਤਾਇਨਾਤ ਪ੍ਰਸਾਸ਼ਕ ਵਲੋਂ ਇਹ ਰਿਪੋਰਟ ਤਿਆਰ ਕੀਤੀ ਗਈ   ਕਿ ਸਾਰਾ ਰਿਕਾਰਡ ਨਵੇਂ ਸਕੱਤਰ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਇਸ ਦਿਨ ਹੀ ਸਭਾ ਦੀ ਇਮਾਰਤ 'ਚ ਬਣੇ 2 ਕਮਰਿਆਂ ਦੇ ਜਿੰਦਰੇ ਲੱਗੇ ਹੋਏ ਹਨ ਉਹ ਵੀ ਬਿਨ੍ਹਾਂ ਉਚ ਅਧਿਕਾਰੀ ਦੀ ਮੰਨਜ਼ੂਰੀ ਤੋਂ ਤੋੜ ਲਏ ਗਏ ਅਤੇ ਸਾਰੀ ਖਾਦ ਦਾ ਚਾਰਜ ਸੰਭਾਲ ਲਿਆ ਗਿਆ।
ਰਾਣਾ ਬਲਵੀਰ ਸਿੰਘ ਨੇ ਕਿਹਾ ਕਿ ਉਸਨੂੰ ਗਬਨ ਦੇ ਮਾਮਲੇ 'ਚ ਫਸਾਉਣ ਲਈ ਉਸ ਸਮੇਂ ਦੇ ਪ੍ਰਸਾਸ਼ਕ ਅਧਿਕਾਰੀ ਤੇ ਹੋਰ ਸਬੰਧਿਤ ਸਟਾਫ਼ ਨੇ ਮੇਰੇ ਤੇ ਉਸ ਸਮੇਂ ਦੀ ਪ੍ਰਬੰਧਕ ਕਮੇਟੀ ਖਿਲਾਫ਼ ਬਿਨ੍ਹਾਂ ਕਿਸੇ ਰਿਕਾਰਡ ਤੋਂ ਖਾਦ ਦਾ ਗਬਨ ਦਿਖਾ ਕੇ ਸਾਲਸੀ ਕੇਸ ਤਿਆਰ ਕਰ ਦਿੱਤਾ। ਰਾਣਾ ਬਲਵੀਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਚ ਅਧਿਕਾਰੀਆਂ ਦੀਆਂ ਰਿਪੋਰਟਾਂ ਵਿਚ ਸਪੱਸ਼ਟ ਲਿਖਿਆ ਹੈ ਕਿ ਸਭਾ ਦੇ ਸਕੱਤਰ ਨੇ ਆਪਣੀ ਸੇਵਾਮੁਕਤੀ ਤੋਂ ਬਾਅਦ 28 ਮਈ, 2018 ਨੂੰ ਸਭਾ ਦੀ ਖਾਦ, ਫਰਨੀਚਰ ਨਵੇਂ ਸਕੱਤਰ ਨੂੰ ਸੌਂਪ ਦਿੱਤਾ ਹੈ ਅਤੇ ਫਿਰ ਇਹ ਗਬਨ ਮੇਰੇ ਵੱਲ ਕਿਵੇਂ ਨਿਕਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਪੁਲਸ ਵਲੋ ਉਸ ਨੂੰ ਨਿਰਦੋਸ਼ ਕੀਤੇ ਜਾਣ ਦੀ ਰਿਪੋਰਟ ਉਹ ਸਹਿਕਾਰਤਾ ਵਿਭਾਗ ਦੇ ਦਫ਼ਤਰ ਵਿਖੇ ਦੇ ਆਇਆ ਹੈ ਅਤੇ ਹੁਣ ਜਾਂਚ ਇਹ ਹੋਣੀ ਚਾਹੀਦੀ ਹੈ ਕਿ ਜਿਸ ਨੇ ਲੱਖਾਂ ਰੁਪਏ ਖਾਦ ਦਾ ਗਬਨ ਕੀਤਾ ਹੈ ਉਹ ਬੇਨਕਾਬ ਹੋਏ ਅਤੇ ਮੈਨੂੰ ਸਾਜਿਸ਼ ਤਹਿਤ ਫਸਾਉਣ ਵਾਲਿਆਂ 'ਤੇ ਸਖਤ ਕਾਰਵਾਈ ਹੋਵੇ। ਜਦੋਂ ਇਸ ਸਬੰਧੀ ਸਮਰਾਲਾ ਸਹਾਇਕ ਰਜਿਸਟਰਾਰ ਮਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਪੁਲਿਸ ਨੂੰ ਜੋਧਵਾਲ ਖੇਤੀਬਾੜੀ ਸਭਾ 'ਚ ਹੋਏ ਗਬਨ ਸਬੰਧੀ ਮਾਮਲਾ ਦਰਜ਼ ਕਰਨ ਲਈ ਪੱਤਰ ਲਿਖਿਆ ਸੀ ਅਤੇ ਉਸ ਵਿਚ ਸਭਾ ਦੇ ਸਕੱਤਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ ਉਸ ਬਾਰੇ ਜਾਣਕਾਰੀ ਨਹੀਂ ਹੈ। ਵਿਭਾਗ ਵਲੋਂ ਪੁਲਿਸ ਨੂੰ ਇਹ ਪੱਤਰ ਲਿਖਿਆ ਗਿਆ ਹੈ ਕਿ ਇਸ ਮਾਮਲੇ 'ਚ ਜੋ ਵੀ ਕਾਰਵਾਈ ਕੀਤੀ ਹੈ ਉਸ ਸਬੰਧੀ ਜਾਣਕਾਰੀ ਦਿੱਤੀ ਜਾਵੇ।


Babita

Content Editor

Related News