ਸਟੇਟ ਬੈਂਕ ਆਫ਼ ਇੰਡੀਆ ''ਚ ਨਿਕਲੀਆਂ ਨੌਕਰੀਆਂ, ਇਸ ਯੋਜਨਾ ਰਾਹੀਂ ਹੋਵੇਗੀ ਭਰਤੀ

11/11/2019 9:36:45 PM

ਚੰਡੀਗਡ਼੍ਹ (ਭੁੱਲਰ)- ਸਟੇਟ ਬੈਂਕ ਆਫ਼ ਇੰਡੀਆ ਪਡ਼੍ਹੇ ਲਿਖੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਸਿੱਧੇ ਤੌਰ ’ਤੇ ਭਰਤੀ ਕਰਨ ਦੀ ਨਵੀਂ ਯੋਜਨਾ ਸ਼ੁਰੂ ਕਰ ਰਿਹਾ ਹੈ। ਇਸ ਤਹਿਤ ਨੌਜਵਾਨਾਂ ਨੂੰ 3 ਸਾਲ ਦੀ ਅਪਰੈਂਟਿਸਸ਼ਿਪ ਕਰਵਾ ਕੇ ਪੱਕੇ ਤੌਰ ’ਤੇ ਨੌਕਰੀ ’ਚ ਭਰਤੀ ਕਰ ਲਿਆ ਜਾਵੇਗਾ। ਪੰਜਾਬ ਤੇ ਚੰਡੀਗਡ਼੍ਹ ਦੇ ਦੌਰੇ ’ਤੇ ਪਹੁੰਚੇ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਸ਼ੁਰੂਆਤ ਲਈ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਚੁਣਿਆ ਗਿਆ ਹੈ ਤੇ ਫਿਲਹਾਲ ਇਹ ਪਾਈਲਟ ਪ੍ਰਾਜੈਕਟ ਦੇ ਤੌਰ ’ਤੇ ਤਜ਼ਰਬੇ ਲਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱÎਸਿਆ ਕਿ ਜੇਕਰ ਇਹ ਤਜ਼ਰਬਾ ਸਫ਼ਲ ਰਿਹਾ ਤਾਂ ਇਸ ਨੂੰ ਪੂਰੇ ਦੇਸ਼ ’ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਯੋਜਨਾ ਲਈ ਹੁਣ ਤੱਕ 737 ਨੌਜਵਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਪਰੈਂਟਿਸਸ਼ਿਪ ਲਈ ਚੁਣੇ ਗਏ ਨੌਜਵਾਨਾਂ ਨੂੰ ਟ੍ਰੇਨਿੰਗ ਦੌਰਾਨ ਮਿਹਨਤਾਨਾ ਵੀ ਦਿੱਤਾ ਜਾਵੇਗਾ ਅਤੇ ਬੈਂਕਾਂ ’ਚ ਵੀ ਉਨ੍ਹਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਰੈਗੂਲਰ ਸਟਾਫ਼ ਰਾਹੀਂ ਹੀ ਪ੍ਰਦਾਨ ਕਰਵਾਈ ਜਾਵੇਗੀ। ਅਪਰੈਂਟਿਸਸ਼ਿਪ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਸਫ਼ਲ ਹੋਣ ਵਾਲੇ ਨੌਜਵਾਨਾਂ ਨੂੰ ਬੈਂਕਾਂ ’ਚ ਖਾਲੀ ਪਈਆਂ ਪੋਸਟਾਂ ’ਤੇ ਭਰਤੀ ਕੀਤਾ ਜਾਵੇਗਾ।
ਸਾਰੀਆਂ ਬ੍ਰਾਚਾਂ ਦਾ ਕੀਤਾ ਜਾ ਰਿਹਾ ਨਵੀਨੀਕਰਨ :
ਹੋਰ ਸਵਾਲਾਂ ਦੇ ਜਵਾਬ ਦਿੰਦਿਆਂ ਸਟੇਟ ਬੈਂਕ ਦੇ ਚੇਅਰਮੈਨ ਨੇ ਦੱਸਿਆ ਕਿ ਪਿਛਲੇ ਢਾਈ ਸਾਲਾਂ ਦੇ ਸਮੇਂ ਦੌਰਾਨ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਦੇ ਕੰਮ ’ਚ ਸੁਧਾਰ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਉਨ੍ਹਾਂ ਦੀ ਕਾਰਜਸ਼ੈਲੀ ’ਚ ਸੁਧਾਰ ਤੋਂ ਇਲਾਵਾ ਦੇਸ਼ ਭਰ ’ਚ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਲਈ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਇਹ ਗੱਲ ਮੰਨੀ ਕਿ ਆਰਥਿਕ ਮੰਦੀ ਦਾ ਬੈਂਕਾਂ ’ਤੇ ਵੀ ਪ੍ਰਭਾਵ ਪਿਆ ਹੈ, ਪਰ ਇਸ ਦੇ ਬਾਵਜੂਦ ਸਟੇਟ ਬੈਂਕ ਦੀਆਂ ਜਮ੍ਹਾਂ ਰਾਸ਼ੀਆਂ ’ਚ ਵਾਧਾ ਹੋ ਰਿਹਾ ਹੈ। ਪ੍ਰਾਈਵੇਟ, ਪਬਲਿਕ ਸੈਕਟਰ ਦੇ ਖੇਤਰ ’ਚ ਕੁਝ ਮੁਸ਼ਕਿਲਾਂ ਹਨ, ਪਰ ਪ੍ਰਾਈਵੇਟ ਸੈਕਟਰ ਦੀ ਹਿੱਸੇਦਾਰੀ ਵਧਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਤੇ ਸਟੇਟ ਬੈਂਕ ਆਫ਼ ਪਟਿਆਲਾ ਦੇ ਰਲੇਵੇਂ ਤੋਂ ਬਾਅਦ ਹੁਣ ਸਟੇਟ ਬੈਂਕ ਸਭ ਤੋਂ ਵੱਡਾ ਬੈਂਕ ਬਣ ਚੁੱਕਾ ਹੈ, ਪਰ ਪਬਲਿਕ ਸੈਕਟਰ ਦੇ ਕੁਝ ਹੋਰ ਵੱਡੇ ਬੈਂਕਾਂ ਦੇ ਰਲੇਵੇਂ ਦੀ ਲੋਡ਼ ਹੈ। ਇਸ ਨਾਲ ਵੱਡੇ ਬੈਂਕ ਸਥਾਪਿਤ ਹੋਣ ਨਾਲ ਸਰਕਾਰੀ ਬੈਂਕਿੰਗ ਸੈਕਟਰ ਹੋਰ ਮਜਬੂਤ ਹੋਵੇਗਾ।
ਫਰਾਡ ਤੇ ਧੋਖਾਧਡ਼ੀ ਨੂੰ ਰੋਕਣ ਲਈ ਚੁੱਕੇ ਵਿਸ਼ੇਸ਼ ਕਦਮ :
ਬੈਂਕਾਂ ’ਚ ਵਧ ਰਹੇ ਫਰਾਡ ਤੇ ਧੋਖਾਧਡ਼ੀ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਸਟੇਟ ਬੈਂਕ ਵਿਸ਼ੇਸ਼ ਕਦਮ ਚੁੱਕ ਰਿਹਾ ਹੈ। ਇਕ ਕਦਮ ਲੋਕਾਂ ਨੂੰ ਜਾਗਰੂਕ ਕਰਨ ਤੇ ਦੂਜਾ ਤਕਨੀਕੀ ਸੁਧਾਰ ਕਰਨਾ ਹੈ। ਇਸ ਲਈ ਚਿਪ ਬੇਸਡ ਕਾਰਡ ਜਾਰੀ ਕਰਨ ਤੋਂ ਇਲਾਵਾ ਮਸ਼ੀਨਾਂ ’ਚ ਵਿਸ਼ੇਸ਼ ਡਿਵਾਈਸ ਸਥਾਪਿਤ ਕਰਨ ਦੇ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਕਾਰਡਲੈਸ ਯੋਨੋ ਸਿਸਟਮ ਦੀ ਵਰਤੋਂ ਨਾਲ ਧੋਖਾਧਡ਼ੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਧੋਖਾਧਡ਼ੀ ਹੋ ਜਾਣ ’ਤੇ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਰਾਸ਼ੀ ਦੀ ਭਰਪਾਈ ਲਈ ਬੈਂਕ ਦੀ ਜ਼ਿੰਮੇਵਾਰੀ ਹੈ, ਪਰ ਸ਼ਰਤ ਇਹ ਹੈ ਕਿ ਧੋਖਾਧਡ਼ੀ ਗ੍ਰਾਹਕ ਦੀ ਗਲਤੀ ਨਾਲ ਨਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਬੈਂਕ ਫਰਾਡਾਂ ਦੇ ਮਾਮਲਿਆਂ ’ਚ ਬੈਂਕ ਸਟਾਫ਼ ਪ੍ਰਤੀ ਵੀ ਸਖਤ ਕਾਰਵਾਈ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਹੈ। ਜੇ ਕਿਸੇ ਅਧਿਕਾਰੀ ਇਹ ਮਾਡ਼ੀ ਨੀਤ ਨਾਲ ਕੀਤਾ, ਪਰ ਅਣਜਾਣੇ ’ਚ ਹੋਈ ਗਲਤੀ ਪ੍ਰਤੀ ਨਰਮੀ ਵਰਤੀ ਜਾਂਦੀ ਹੈ।


Sunny Mehra

Content Editor

Related News