ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦੀ 7 ਮਹੀਨਿਆਂ ਬਾਅਦ ਮੌਤ

07/20/2019 3:30:38 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਪਿੰਡ ਠੱਠਗੜ੍ਹ ਵਾਸੀ ਇਕ ਨੌਜਵਾਨ ਦੀ ਭੇਤਭਰੇ ਹਲਾਤਾਂ 'ਚ ਹੋਈ ਮੌਤ ਦੇ ਮਾਮਲੇ 'ਚ ਥਾਣਾ ਝਬਾਲ ਦੀ ਪੁਲਸ ਵਲੋਂ 4 ਲੋਕਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸ਼ਿੰਦਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਠੱਠਗੜ੍ਹ ਨੇ ਦੋਸ਼ ਲਗਾਏ ਕਿ ਉਸਦੇ ਇਕਲੌਤੇ ਲੜਕੇ ਲਵਪ੍ਰੀਤ ਸਿੰਘ (18) ਦੀ ਮੌਤ 7 ਮਹੀਨੇ ਪਹਿਲਾਂ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਕਰਨ ਕਾਰਨ ਹੋਈ ਹੈ। ਸ਼ਿੰਦਾ ਸਿੰਘ ਮੁਤਾਬਕ ਸ਼ੇਰਾ ਸਿੰਘ, ਸੱਤੂ, ਗਾਜਾ ਤੇ ਝੀਣਾ ਵਲੋਂ ਉਸਦੇ ਲੜਕੇ ਲਵਪ੍ਰੀਤ ਸਿੰਘ ਨੂੰ ਮਿਤੀ 14 ਜਨਵਰੀ 2019 ਨੂੰ ਘਰੋਂ ਝਾਂਸੇ ਨਾਲ ਪਿੰਡ ਦੇ ਬਾਹਰਵਾਰ ਇਕ ਖੇਤ 'ਚ ਮੋਟਰ (ਬੰਬੀ) 'ਤੇ ਲਿਜਾ ਕਿ ਬੇਸਬਲਾਂ ਅਤੇ ਡਾਂਗਾਂ ਨਾਲ ਬੇਰਹਿਮੀ ਨਾਲ ਕੁੱਟਿਆ ਤੇ ਗੁੱਝੀਆਂ ਸੱਟਾਂ ਮਾਰ ਕੇ ਪਿੰਡ ਦੇ ਨਜ਼ਦੀਕ ਅਧਮੋਇਆ ਕਰਕੇ ਸੁੱਟ ਦਿੱਤਾ ਗਿਆ ਸੀ। ਉਸਨੇ ਦੱਸਿਆ ਕਿ ਇਸ ਕੁੱਟਮਾਰ 'ਚ ਉਸਦੇ ਲੜਕੇ ਦੀ ਰੀੜ ਦੀ ਹੱਡੀ 'ਚ ਗੰਭੀਰ ਸੱਟ ਲੱਗ ਗਈ ਸੀ। ਇਸ ਸਬੰਧੀ ਉਸ ਵਲੋਂ ਥਾਣਾ ਝਬਾਲ ਵਿਖੇ ਲਿਖਤੀ ਸ਼ਿਕਾਇਤਾਂ ਦਰਜ ਕਰਾਉਣ ਦੇ ਬਾਵਜੂਦ ਉਕਤ ਲੋਕਾਂ ਦੀ ਸਿਆਸੀ ਪਹੁੰਚ ਹੋਣ ਕਰਕੇ ਉਨ੍ਹਾਂ ਨੂੰ ਕੋਈ ਇੰਨਸਾਫ ਪੁਲਸ ਵਲੋਂ ਨਹੀਂ ਦਿੱਤਾ ਗਿਆ। 

ਉਸਨੇ ਦੱਸਿਆ ਕਿ ਉਸ ਵਲੋਂ ਆਪਣੇ ਲੜਕੇ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ਼ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ ਪਰ ਆਖਿਰ 7 ਮਹੀਨਿਆਂ ਬਾਅਦ ਉਸਦਾ ਲੜਕਾ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਇਸ ਮੌਕੇ ਹਾਜ਼ਰ ਬਚਿੱਤਰ ਸਿੰਘ, ਸੁਖਬੀਰ ਸਿੰਘ, ਅਮਰੀਕ ਸਿੰਘ, ਹਰਭਿੰਦਰ ਸਿੰਘ, ਕਸ਼ਮੀਰ ਕੌਰ ਅਤੇ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਸ਼ਿੰਦਾ ਸਿੰਘ ਆਰਥਿਕ ਪੱਖੋਂ ਬਹੁਤ ਹੀ ਕਮਜ਼ੋਰ ਹੈ, ਜਿਸ ਵਲੋਂ ਆਪਣੇ ਲੜਕੇ ਦੇ ਇਲਾਜ਼ ਲਈ ਵਿਆਜੀ ਪੈਸੇ ਚੁੱਕਣ ਤੋਂ ਇਲਾਵਾ ਆਪਣਾ ਘਰ ਤੱਕ ਗਿਰਵੀ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਉਸਦੀ ਇਕਲੌਤੀ ਸੰਤਾਨ ਸੀ ਅਤੇ ਉਹ ਹੀ ਉਸਦੇ ਬੁਢੇਪੇ ਦਾ ਸਹਾਰਾ ਸੀ। ਉਕਤ ਲੋਕਾਂ ਨੇ ਲਵਪ੍ਰੀਤ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ।

ਦੂਜੀ ਧਿਰ ਨੇ ਕਿਹਾ ਕਿ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਲਵਪ੍ਰੀਤ ਸਿੰਘ ਵਲੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਲੜਕੀ ਨਾਲ ਬਦਤਮੀਜ਼ੀ ਕੀਤੀ ਗਈ ਸੀ, ਜਿਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਲੜਕਿਆਂ ਨਾਲ ਲਵਪ੍ਰੀਤ ਸਿੰਘ ਦਾ ਮਾਮੂਲੀ ਤਕਰਾਰ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਿੰਡ ਦੀ ਪੰਚਾਇਤ 'ਚ ਜਾਣ ਉਪਰੰਤ ਲਵਪ੍ਰੀਤ ਸਿੰਘ ਨੂੰ ਉਸਦੇ ਮਾਪਿਆਂ ਵਲੋਂ ਘਰੋਂ ਕਿੱਧਰੇ ਭੇਜ ਦਿੱਤਾ ਗਿਆ ਪਰ ਅੱਜ 7 ਮਹੀਨਿਆਂ ਬਾਅਦ ਉਸਦੀ ਲਾਸ਼ ਆਪਣੇ ਘਰ, ਪਿੰਡ 'ਚ ਲਿਆ ਕਿ ਉਸਦੀ ਮੌਤ ਦਾ ਕਾਰਨ ਕੁੱਟਮਾਰ ਦੱਸ ਕੇ ਉਨ੍ਹਾਂ ਦੇ ਬੱਚਿਆਂ ਨੂੰ ਝੂਠੇ ਮੁਕੱਦਮੇਂ 'ਚ ਫਸਾਇਆ ਜਾ ਰਿਹਾ ਹੈ।

ਇਸ ਸਬੰਧੀ ਥਾਣਾ ਝਬਾਲ ਦੇ ਸਹਾਇਕ ਥਾਣੇਦਾਰ ਅਤੇ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸੁਰਿੰਦਰ ਸਿੰਘ ਸੇਰੋਂ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸ਼ਿੰਦਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਸ਼ੇਰਾ ਸਿੰਘ, ਸੱਤੂ, ਗਾਜਾ ਤੇ ਝੀਣਾ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ, ਜਦੋਂ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਹੇਠ ਲੈ ਕੇ ਪੋਸਟਮਾਟਰਮ ਕਰਾਇਆ ਜਾ ਰਿਹਾ ਹੈ।


Baljeet Kaur

Content Editor

Related News