ਟ੍ਰੈਫਿਕ ਪੁਲਸ ''ਚ ਤਾਇਨਾਤ ਪਰਮਜੀਤ ਸਿੰਘ ਵਿਰਦੀ ਬਣ ਰਹੇ ਹਨ ਲੋਕਾਂ ਲਈ ਮਿਸਾਲ

2019-06-08T09:58:06.603

ਝਬਾਲ/ਬੀੜ ਸਾਹਿਬ (ਜ.ਬ) : ਜਿੱਥੇ ਖਾਕੀ ਨੂੰ ਹਮੇਸ਼ਾਂ ਲੋਕਾਂ ਵਲੋਂ ਉਪਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਨਫ਼ਰਤ ਦੇ ਨਾਲ-ਨਾਲ ਲੋਕ ਮਨਾਂ 'ਚ ਖਾਕੀ ਦਾ ਵੱਡਾ ਖੌਫ਼ ਵੀ ਪਾਇਆ ਜਾਂਦਾ ਹੈ, ਉੱਥੇ ਹੀ ਇਸ ਵਿਭਾਗ ਕੁਝ ਅਜਿਹਾ ਲੋਕ ਵੀ ਮੌਜ਼ੂਦ ਹਨ ਜੋ ਖਾਕੀ 'ਤੇ ਲੱਗੇ ਧੱਬਿਆਂ ਨੂੰ ਧੋਣ ਲਈ ਅਜਿਹੇ ਕੰਮਾਂ 'ਚ ਜੁੱਟੇ ਹੋਏ ਹਨ, ਜਿੰਨ੍ਹਾਂ ਨੂੰ ਵੇਖ-ਸੁਣ ਕੇ ਵਿਅਕਤੀ ਨੂੰ ਇਕ ਦਮ ਯਕੀਨ ਹੀ ਨਹੀਂ ਆਂਉਦਾ ਹੈ। ਜੀ... ਹਾਂ ਅਜਿਹੀ ਹੀ ਇਕ ਸਖਸ਼ੀਅਤ ਦੀ ਇੱਥੇ ਗੱਲ ਕਰਨ ਜਾ ਰਹੇ ਹਾਂ ਜੋ ਪੰਜਾਬ ਪੁਲਸ ਦੇ ਟ੍ਰੈਫਿਕ ਵਿੰਗ 'ਚ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਾਲ ਜਿੱਥੇ ਇਕ ਸਮਾਜ ਭਲਾਈ ਸੰਸਥਾ ਚਲਾ ਰਿਹਾ ਹੈ, ਉੱਥੇ ਹੀ ਉਹ ਮਾਨਵਤਾ ਦੀ ਸੇਵਾ ਕਰਨਾ ਆਪਣਾ ਪਹਿਲਾ ਫਰਜ ਸਮਝਦਾ ਹੈ। ਪਿੰਡ ਗੁਰਵਾਲੀ ਦੇ ਜੰਮਪਲ ਮੱਧ ਵਰਗੀ ਪਰਿਵਾਰ 'ਚ ਪੈਦਾ ਹੋਣ ਵਾਲੇ ਪਰਮਜੀਤ ਸਿੰਘ ਵਿਰਦੀ ਵਲੋਂ ਇਸ ਸਮੇਂ ਪੂਰੇ ਪੰਜਾਬ 'ਚ ਆਪਣੀ ਪਛਾਣ ਕਾਇਮ ਕੀਤੀ ਹੋਈ ਹੈ 'ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਅੱਜ ਕੱਲ ਪੂਰੀ ਧੂਮ ਪਾਈ ਜਾ ਰਹੀ ਹੈ। ਫੇਸਬੁੱਕ 'ਤੇ ਉਨ੍ਹਾਂ ਦੇ ਹਜ਼ਾਰਾਂ ਹੀ ਫਰੈਂਡ ਹਨ ਜੋ ਉਨ੍ਹਾਂ ਵਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕਰਦੇ ਹਨ ਅਤੇ ਸੈਂਕੜੇ ਲੋਕ ਉਨ੍ਹਾਂ ਤੋਂ ਪ੍ਰੇਰਿਤ ਹੋ ਕਿ ਸਮਾਜ ਭਲਾਈ ਕੰਮਾਂ ਲਈ ਅੱਗੇ ਆ ਰਹੇ ਹਨ। 

ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਉਹ ਇਸ ਸਮੇਂ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿਖੇ ਬਾਤੌਰ ਟ੍ਰੈਫਿਕ ਇੰਚਾਰਜ ਵਜੋਂ ਤਾਇਨਾਤ ਹਨ ਅਤੇ ਉਹ ਆਪਣੀ ਡਿਊਟੀ ਨੂੰ ਨਿਭਾਂਉਦਿਆਂ ਜਿੱਥੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ 'ਚ ਆਪਣੀ ਟੀਮ ਸਮੇਤ ਪਹੁੰਚ ਕੇ ਲੋਕਾਂ, ਖਾਸ ਕਰ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣੂ ਕਰਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ, ਉੱਥੇ ਹੀ ਉਨ੍ਹਾਂ ਵਲੋਂ ਇਕ 'ਟ੍ਰੈਫਿਕ ਰੋਡ ਸੇਫਟੀ ਆਰਗੇਨਾਈਜੇਸ਼ਨ' ਨਾਂ ਦੀ ਸੰਸਥਾ ਵੀ ਚਲਾਈ ਜਾ ਰਹੀ ਹੈ, ਜਿਸ ਵਲੋਂ ਸੈਮੀਨਾਰ ਕਰਾ ਕੇ ਵੱਖਰੇ ਤੌਰ 'ਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਦੇ ਨਾਲ ਸਕੂਲਾਂ 'ਚ ਪੜ੍ਹਦੇ ਗਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਬੈਗ ਲੈ ਕੇ ਦੇਣ ਦੇ ਨਾਲ ਵਰਦੀਆਂ 'ਤੇ ਬੂਟ, ਜੁਰਬਾਂ ਦੇਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਗਰਮੀ ਦੇ ਇਸ ਮੌਸਮ 'ਚ ਰੋਡਾਂ 'ਤੇ ਖੜ੍ਹੇ ਹੋ ਕੇ ਰਿਕਸ਼ਾ ਚਾਲਕ ਗਰੀਬ ਲੋਕਾਂ ਨੂੰ ਠੰਡੇ ਪਾਣੀ ਦੀਆਂ ਬੋਤਲਾਂ ਅਤੇ ਪਸ਼ੀਨਾ ਸਾਫ਼ ਕਰਨ ਲਈ ਤਾਵਲ ਵੰਡਣ ਦੀ ਸੇਵਾ ਦਾ ਅੱਜ ਕੱਲ ਕਾਰਜ ਆਰੰਭਿਆ ਹੋਇਆ ਹੈ, ਜਿਸ ਲਈ ਬਹੁਤ ਦਾਨੀ ਸੱਜਣਾ ਵਲੋਂ ਉਨ੍ਹਾਂ ਨੂੰ ਸਹਾਇਤਾ ਦੇਣ ਦੇ ਨਾਲ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਜਾਂਦੀ ਹੈ। ਇਸ ਮੌਕੇ ਐੱਸ.ਐੱਚ.ਓ. ਬਟਾਲਾ ਸਿਵਲ ਲਾਇਨ ਗੁਰਚਰਨ ਸਿੰਘ, ਏ.ਐੱਸ. ਆਈ. ਗੁਰਨਾਮ ਸਿੰਘ, ਏ.ਐੱਸ.ਆਈ. ਹਰਜੀਤ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ।


Baljeet Kaur

Content Editor

Related News