ਇਲਾਕੇ ''ਚ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਦਹਿਸ਼ਤ, ਪੁਲਸ ਪ੍ਰਸ਼ਾਸਨ ਬੇਖਬਰ

09/29/2019 10:54:24 AM

ਝਬਾਲ (ਨਰਿੰਦਰ) : ਬੇਸ਼ੱਕ ਜ਼ਿਲਾ ਤਰਨਤਾਰਨ ਦੇ ਨਵੇਂ ਆਏ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਰਾਤ ਸਮੇਂ ਬਕਾਇਦਾ ਆਪ ਪੁਲਸ ਦੇ ਨਾਕੇ ਚੈੱਕ ਕਰਕੇ ਜ਼ਿਲੇ 'ਚ ਪੁਲਸ ਨੂੰ ਚੁਸਤ ਕੀਤਾ ਜਾ ਰਿਹਾ ਹੈ ਅਤੇ ਪੁਲਸ ਨੂੰ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪਰ ਦੂਸਰੇ ਪਾਸੇ ਥਾਣਾ ਝਬਾਲ ਵਿਖੇ ਇਸ ਦੇ ਉਲਟ ਆਮ ਲੋਕਾਂ ਵਲੋਂ ਇਨਸਾਫ ਲੈਣ ਲਈ ਦਿੱਤੀਆਂ ਜਾ ਰਹੀਆਂ ਦਰਖਾਸਤਾਂ ਕਈ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਥਾਣਿਆਂ 'ਚ ਹੀ ਪਈਆਂ ਰਹਿੰਦੀਆਂ ਹਨ ਅਤੇ ਲੋਕ ਵਿਚਾਰੇ ਇਨਸਾਫ ਲੈਣ ਲਈ ਥਾਣਿਆਂ ਦੇ ਚੱਕਰ ਮਾਰਦੇ ਫਿਰਦੇ ਹਨ। ਜਿੱਥੇ ਹਾਜ਼ਰ ਥਾਣੇਦਾਰ ਜਾਂ ਫਿਰ ਛੋਟੇ ਮੁਲਾਜ਼ਮ ਲੋਕਾਂ ਦੀਆਂ ਦਰਖਾਸਤਾਂ 'ਤੇ ਕੰਮ ਕਰਨ ਦੀ ਥਾਂ ਲੋਕਾਂ ਨੂੰ ਸਿਰਫ ਖੱਜਲ ਖਰਾਬ ਹੀ ਕਰ ਰਹੇ ਹਨ, ਜਿਸ ਕਾਰਣ ਇਲਾਕੇ 'ਚ ਦਿਨੋ ਦਿਨ ਕਰਾਈਮ ਵੱਧ ਰਿਹਾ ਹੈ। ਅੱਜ ਕੱਲ ਇਲਾਕਾ ਝਬਾਲ 'ਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਹਿਸ਼ਤ ਪਾਈ ਹੋਈ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਕਈ ਛੋਟੀਆਂ ਮੋਟੀਆਂ ਵਾਰਦਾਤਾਂ ਕਰ ਚੁੱਕੇ ਹਨ ਪ੍ਰੰਤੂ ਪੁਲਸ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਣ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਲੋਕ ਵਿਚਾਰੇ 8 ਵਜੇ ਦੇ ਬਾਅਦ ਘਰੋਂ ਨਿਕਲਣ ਤੋਂ ਕੰਨੀ ਕਤਰਾਉਣ ਲੱਗੇ ਹਨ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਡਾ ਝਬਾਲ ਦੇ ਡਾ. ਓਂਕਾਰ ਨਾਥ ਅਤੇ ਲੱਕੀ ਕਰਿਆਨਾ ਸਟੋਰ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਲਗਭਗ ਇਕ ਮਹੀਨਾ ਪਹਿਲਾਂ ਸਥਾਨਿਕ ਅੱਡੇ 'ਚੋਂ ਉਨ੍ਹਾਂ ਦੇ ਘਰਾਂ ਦੇ ਬਾਹਰ ਤੋਂ ਉਨ੍ਹਾਂ ਦੇ ਵਾਹਨ ਚੋਰੀ ਹੋ ਗਏ, ਜਿਸ 'ਚ ਚੋਰੀ ਕਰਨ ਵਾਲੇ ਸ਼ਖਸ਼ ਬਕਾਇਦਾ ਸੀ. ਸੀ. ਟੀ. ਵੀ. 'ਚ ਕੈਦ ਵੀ ਹੋਏ ਪ੍ਰੰਤੂ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਅਸੀਂ ਵਾਹਨ ਚੋਰੀ ਕਰਨ ਵਾਲੇ ਸ਼ਖਸ਼ ਬਾਰੇ ਜਾਣਕਾਰੀ ਵੀ ਦਿੱਤੀ ਹੈ, ਕਾਰਵਾਈ ਤਾਂ ਕੀ ਕਰਨੀ ਸਗੋਂ ਅਜੇ ਤੱਕ ਰਿਪੋਰਟ ਤੱਕ ਨਹੀਂ ਲਿਖੀ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸੁੱਚਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਅਤੇ ਲੋਕਾਂ ਵਲੋਂ ਆਈਆਂ ਦਰਖਾਸਤਾਂ 'ਤੇ ਕਾਰਵਾਈ ਕਰਨ ਲਈ ਥਾਣਾ ਮੁਖੀ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਜਦੋਂ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਵਿਰੁੱਧ ਕਾਰਵਾਈ ਕਰਕੇ ਜਲਦੀ ਹੀ ਸ਼ਲਾਖਾਂ ਪਿੱਛੇ ਭੇਜੇ ਜਾਣਗੇ ਤਾਂ ਕਿ ਲੋਕਾਂ 'ਚੋਂ ਦਹਿਸ਼ਤ ਖਤਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਮੁਲਾਜ਼ਮ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਕਾਂਗਰਸੀ ਵਰਕਰਾਂ ਨੂੰ ਥਾਣੇ 'ਚ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾਵੇਗਾ।


Baljeet Kaur

Content Editor

Related News