...ਜਦੋਂ ''ਸਪੈਸ਼ਲ 26'' ਫਿਲਮ ਵਾਂਗ ਨਕਲੀ ਆਮਦਨ ਕਰ ਅਧਿਕਾਰੀ ਪੁੱਜੇ ਜਿਊਲਰੀ ਸ਼ੋਅਰੂਮ ''ਚ

02/11/2018 6:51:56 AM

ਫਿਲੌਰ(ਭਾਖੜੀ/ਦੀਪਾ)-'ਸਪੈਸ਼ਲ 26' ਫਿਲਮ ਦੀ ਕਾਪੀ ਕਰ ਕੇ ਨਕਲੀ ਆਮਦਨ ਕਰ ਵਿਭਾਗ ਦੇ ਅਧਿਕਾਰੀ ਬਣ ਕੇ ਅੱਪਰਾ ਦੀ ਸਭ ਤੋਂ ਮਸ਼ਹੂਰ ਸੋਨੇ ਦੇ ਗਹਿਣਿਆਂ ਦੇ ਸ਼ੋਅਰੂਮ ਨੂੰ ਲੁੱਟਣ ਦੀ ਯੋਜਨਾ ਦਾ ਪੁਲਸ ਨੇ ਭਾਂਡਾ ਭੰਨਿਆ ਤੇ ਜਲੰਧਰ ਦੇ ਇਕ ਰੈਸਟੋਰੈਂਟ ਮੁਲਾਜ਼ਮ ਨੂੰ 3 ਲੱਖ ਰੁਪਏ ਦੀ ਰਿਸ਼ਵਤ ਨਾਲ ਦਬੋਚਿਆ।
ਕਿਵੇਂ ਰਚਿਆ ਸ਼ੋਅਰੂਮ ਨੂੰ ਲੁੱਟਣ ਦਾ ਡਰਾਮਾ
ਦੇਸ਼ ਵਿਦੇਸ਼ 'ਚ ਸੋਨੇ ਦੀ ਮੰਡੀ ਦੇ ਨਾਂ ਨਾਲ ਮਸ਼ਹੂਰ ਫਿਲੌਰ 'ਚ ਪੈਂਦੇ ਛੋਟੇ ਜਿਹੇ ਕਸਬੇ ਅੱਪਰਾ ਦੇ ਸਭ ਤੋਂ ਪ੍ਰਮੁੱਖ ਜਿਊਲਰਜ਼ ਬਾਬੂ ਰਾਮ ਐਂਡ ਸੰਨਜ਼ ਦੇ ਸ਼ੋਅਰੂਮ 'ਤੇ ਇਕ ਹਫਤਾ ਪਹਿਲਾਂ ਉਨ੍ਹਾਂ ਦੇ ਲੈਂਡ ਲਾਈਨ ਨੰਬਰ 'ਤੇ ਫੋਨ ਆਇਆ। ਕਰਮਚਾਰੀ ਦੇ ਫੋਨ ਚੁੱਕਣ 'ਤੇ ਵਿਅਕਤੀ ਨੇ ਆਪਣਾ ਨਾਂ ਅਭਿਨਵ ਸ਼ਰਮਾ ਸੀਨੀਅਰ ਅਧਿਕਾਰੀ ਆਮਦਨ ਕਰ ਵਿਭਾਗ ਚੰਡੀਗੜ੍ਹ ਵਜੋਂ ਦੱਸਦਿਆਂ ਸ਼ੋਅਰੂਮ ਮਾਲਕ ਵਰਿੰਦਰ ਘਈ ਨਾਲ ਗੱਲ ਕਰਵਾਉਣ ਨੂੰ ਕਿਹਾ। ਮਾਲਕ ਨੇ ਮੁਲਾਜ਼ਮ ਨੂੰ ਕਿਹਾ ਕਿ ਅਧਿਕਾਰੀ ਨੂੰ ਕਹੋ ਕਿ ਦੁਕਾਨ 'ਚ ਗਾਹਕ ਜ਼ਿਆਦਾ ਹੋਣ ਕਾਰਨ ਉਹ ਅਜੇ ਫੋਨ 'ਤੇ ਗੱਲ ਨਹੀਂ ਕਰ ਸਕਦੇ। ਖਾਲੀ ਸਮਾਂ ਮਿਲਦੇ ਹੀ ਉਹ ਉਨ੍ਹਾਂ ਨੂੰ ਫੋਨ ਕਰਦੇ ਹਨ। ਜਿਵੇਂ ਹੀ ਘਈ ਨੂੰ ਸਮਾਂ ਮਿਲਿਆ ਤਾਂ ਘਈ ਨੇ ਉਸ ਅਧਿਕਾਰੀ ਵੱਲੋਂ ਦੱਸੇ ਫੋਨ ਨੰਬਰ 80545-79345 'ਤੇ ਫੋਨ ਕਰ ਕੇ ਗੱਲ ਕੀਤੀ ਤਾਂ ਉਸ ਨੂੰ ਅੱਗੋਂ ਜਲਦਬਾਜ਼ੀ 'ਚ ਸਿਰਫ ਇੰਨਾ ਹੀ ਕਹਿ ਕੇ ਫੋਨ ਕੱਟ ਦਿੱਤਾ ਕਿ ਆਮਦਨ ਕਰ ਵਿਭਾਗ ਵੱਲੋਂ ਤੁਹਾਡੇ ਜਿਊਲਰੀ ਸ਼ੋਅਰੂਮ 'ਚ ਵੱਡੇ ਪੱਧਰ 'ਤੇ ਛਾਪਾ ਮਾਰਿਆ ਜਾ ਰਿਹਾ ਹੈ। ਆਪਣਾ ਗੋਲਡ ਤੇ ਕਿਤਾਬਾਂ ਸੰਭਾਲ ਲੈਣ। ਇਹ ਸੁਣ ਕੇ ਸ਼ੋਅਰੂਮ ਮਾਲਕ ਘਬਰਾ ਗਿਆ। ਤਿੰਨ ਦਿਨ ਬੀਤ ਜਾਣ 'ਤੇ ਵੀ ਜਦੋਂ ਸ਼ੋਅਰੂਮ 'ਚ ਕੋਈ ਛਾਪਾ ਨਹੀਂ ਪਿਆ ਤਾਂ ਪੰਜਵੇਂ ਦਿਨ ਉਨ੍ਹਾਂ ਨੂੰ ਉਸੇ ਨੰਬਰ ਤੋਂ ਮੁੜ ਫੋਨ ਆਇਆ ਕਿ ਰੇਡ ਪੱਕਾ ਹੋਣ ਵਾਲੀ ਹੈ। ਹੁਣ ਇਹ ਰੁਕਣ ਵਾਲੀ ਨਹੀਂ। ਤੁਸੀਂ ਇੰਤਜ਼ਾਮ ਕਰ ਲਵੋ। ਆਮਦਨ ਕਰ ਵਿਭਾਗ ਵੱਲੋਂ ਰੇਡ ਕਰਨ ਲਈ ਦੂਜੇ ਸ਼ਹਿਰਾਂ ਤੋਂ ਵੀ ਅਧਿਕਾਰੀ ਮੰਗਵਾ ਲਏ ਗਏ ਹਨ। ਮਾਲਕ ਫਿਰ ਘਬਰਾ ਗਿਆ ਸ਼ਾਮ ਤਕ ਜਦੋਂ ਫਿਰ ਕੋਈ ਛਾਪਾ ਨਾ ਪਿਆ ਤਾਂ ਸ਼ੋਅਰੂਮ ਬੰਦ ਕਰਨ ਤੋਂ ਬਾਅਦ ਮਾਲਕ ਘਈ ਨੇ ਘਟਨਾ ਦੀ ਪੂਰੀ ਜਾਣਕਾਰੀ ਆਪਣੇ ਕਰੀਬੀ ਦੋਸਤ ਨੂੰ ਦੱਸੀ। ਦੋਸਤ ਨੇ ਕਿਹਾ ਕਿ ਕੁਝ ਗੜਬੜ ਹੈ। ਅਜਿਹਾ ਕਦੇ ਨਹੀਂ ਹੁੰਦਾ ਕਿ ਆਮਦਨ ਕਰ ਵਿਭਾਗ ਛਾਪਾ ਮਾਰਨ ਤੋਂ ਪਹਿਲਾਂ ਇੰਨਾ ਸਮਾਂ ਲਗਾ ਦੇਵੇ ਅਤੇ ਉਸ ਦੀ ਸੂਚਨਾ ਬਿਨਾਂ ਵਜ੍ਹਾ ਕੋਈ ਸਾਨੂੰ ਦੇਣ ਲੱਗ ਪਏ। ਦੋਸਤ ਨਾਲ ਮੁਸ਼ਵਰਾ ਕਰ ਕੇ ਮਾਲਕ ਨੇ ਤੁਰੰਤ ਘਟਨਾ ਦੀ ਸੂਚਨਾ ਅੱਪਰਾ ਪੁਲਸ ਚੌਕੀ ਨੂੰ ਦਿੱਤੀ, ਜਿਸ 'ਤੇ ਪੁਲਸ ਵੀ ਚੌਕੰਨੀ ਹੋ ਗਈ ਤੇ ਸ਼ੋਅਰੂਮ ਦੇ ਆਲੇ-ਦੁਆਲੇ  ਸਿਵਲ ਵਰਦੀ 'ਚ ਰੇਕੀ ਕਰਨ ਲੱਗ ਪਈ।
ਤਿੰਨ ਲੱਖ ਰੁਪਏ ਲੈ ਕੇ ਜਲੰਧਰ ਦਫਤਰ ਪੁੱਜਣ ਨੂੰ ਕਿਹਾ
ਬੀਤੇ ਦਿਨ ਉਸੇ ਨੰਬਰ ਤੋਂ ਮਾਲਕ ਘਈ ਨੂੰ ਫਿਰ ਫੋਨ ਆਇਆ ਕਿ ਸਾਵਧਾਨ ਹੋ ਜਾਵੋ ਸਵੇਰੇ ਰੇਡ ਪੈਣ ਵਾਲੀ ਹੈ ਜਿਸ 'ਤੇ ਮਾਲਕ ਘਈ ਨੇ ਉਕਤ ਵਿਅਕਤੀ ਨੂੰ ਕਿਹਾ ਕਿ ਕਿਸੇ ਤਰ੍ਹਾਂ ਲੈ ਦੇ ਕੇ ਉਨ੍ਹਾਂ ਦਾ ਬਚਾਅ ਨਹੀਂ ਹੋ ਸਕਦਾ ਤਾਂ ਉਸ ਨੇ ਕਿਹਾ ਕਿ ਅਧਿਕਾਰੀ ਛਾਪਾ ਮਾਰਨ ਲਈ ਤਿਆਰ ਬੈਠੇ ਹਨ। ਉਹ ਇਕ ਵੱਡੇ ਅਧਿਕਾਰੀ ਨਾਲ ਗੱਲ ਕਰ ਕੇ ਕੋਸ਼ਿਸ਼ ਕਰਦਾ ਹੈ। 10 ਮਿੰਟ ਬਾਅਦ ਹੀ ਉਸ ਨੇ ਮੁੜ ਫੋਨ ਕਰ ਕੇ ਕਿਹਾ ਕਿ ਉਹ ਸਵੇਰੇ ਬਿਨਾਂ ਸੋਚੇ ਸਮਝੇ ਤਿੰਨ ਲੱਖ ਰੁਪਏ ਲੈ ਕੇ ਆਮਦਨ ਕਰ ਵਿਭਾਗ ਜਲੰਧਰ ਦੇ ਦਫਤਰ 'ਚ ਪੁੱਜ ਜਾਣ ਜਿਸ 'ਤੇ ਮਾਲਕ ਨੇ ਹਾਮੀ ਭਰ ਦਿੱਤੀ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ।
ਨਕਲੀ ਅਧਿਕਾਰੀ ਅਸਲੀ ਆਮਦਨ ਕਰ ਵਿਭਾਗ ਦੇ ਦਫਤਰ ਦਾ ਕਰ ਰਿਹਾ ਸੀ ਇਸਤੇਮਾਲ
ਨਕਲੀ ਆਮਦਨ ਕਰ ਅਧਿਕਾਰੀ ਕੋਈ ਘੱਟ ਸ਼ਾਤਰ ਨਹੀਂ ਸਨ। ਜਦੋਂ ਵੀ ਪੁਲਸ ਉਕਤ ਨੰਬਰ ਦੀ ਲੋਕੇਸ਼ਨ ਦੀ ਜਾਂਚ ਕਰਦੀ ਤਾਂ ਉਹ ਆਮਦਨ ਕਰ ਵਿਭਾਗ ਜਲੰਧਰ ਦੇ ਵਿਭਾਗ ਦੀ ਹੀ ਆਉਂਦੀ। ਜਿਵੇਂ ਹੀ ਸਵੇਰ ਨੂੰ ਪੁਲਸ ਮਾਲਕ ਘਈ ਦੇ ਨਾਲ ਮੰਗੇ ਗਏ 3 ਲੱਖ ਰੁਪਏ ਲੈ ਕੇ ਰਵਾਨਾ ਹੋਈ ਤਾਂ ਉਨ੍ਹਾਂ ਨੇ ਫਿਰ ਫੋਨ ਦੀ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਉਹ ਉੱਥੇ ਆਮਦਨ ਕਰ ਦਫਤਰ ਦੀ ਹੀ ਆਈ। ਜਿਵੇਂ ਹੀ ਘਈ ਰੁਪਏ ਲੈ ਕੇ ਆਮਦਨ ਕਰ ਵਿਭਾਗ ਦੇ ਦਫਤਰ ਪੁੱਜੇ ਤਾਂ ਉਨ੍ਹਾਂ ਨੂੰ ਫਿਰ ਫੋਨ ਆਇਆ ਕਿ ਉਹ ਜਲੰਧਰ ਬੱਸ ਅੱਡੇ ਕੋਲ ਰੈਸਟੋਰੈਂਟ 'ਚ ਆ ਜਾਣ, ਉੱਥੇ ਲੈਣ-ਦੇਣ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਜਦੋਂ ਘਈ ਪੁਲਸ ਟੀਮ ਨਾਲ ਦੱਸੇ ਗਏ ਰੈਸਟੋਰੈਂਟ ਦੇ ਬਾਹਰ ਪੁੱਜੇ ਤਾਂ ਰੈਸਟੋਰੈਂਟ ਦੇ ਬਾਹਰ ਪਹਿਲਾਂ ਹੀ ਆਮਦਨ ਕਰ ਵਿਭਾਗ ਦੀਆਂ ਦੋ ਗੱਡੀਆਂ ਖੜ੍ਹੀਆਂ ਸਨ। ਜਿਵੇਂ ਹੀ ਉਹ ਅੰਦਰ ਦਾਖਲ ਹੋਏ ਤਾਂ ਘਈ ਨੂੰ ਫੋਨ ਆਇਆ ਕਿ ਉਹ ਨੋਟਾਂ ਦਾ ਪੈਕੇਟ ਕਾਊਂਟਰ 'ਤੇ ਖੜ੍ਹੇ ਵਿਅਕਤੀ ਨੂੰ ਦੇ ਦੇਣ। ਜਿਵੇਂ ਹੀ ਘਈ ਨੇ ਆਪਣੀ ਪਛਾਣ ਦੱਸ ਕੇ ਉਸ ਨੂੰ ਰੁਪਇਆਂ ਦਾ ਪੈਕੇਟ ਫੜਾਇਆ ਤਾਂ ਤੁਰੰਤ ਪੁਲਸ ਨੇ ਉਕਤ ਵਿਅਕਤੀ ਨੂੰ ਦਬੋਚ ਲਿਆ। ਹਾਲ ਦੀ ਘੜੀ ਪੁਲਸ ਨੇ ਉਕਤ ਵਿਅਕਤੀ ਸੁਭਾਸ਼ ਜੋਸ਼ੀ ਵਿਰੁੱਧ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਪੱਤਰਕਾਰਾਂ ਨੂੰ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।
ਕੀ ਕਹਿਣਾ ਹੈ ਸ਼ੋਅਰੂਮ ਮਾਲਕ ਦਾ
ਜਿਊਲਰੀ ਦੇ ਵੱਡੇ ਕਾਰੋਬਾਰੀ ਬਾਬੂ ਰਾਮ ਐਂਡ ਸੰਨਜ਼ ਦੇ ਮਾਲਕ ਪ੍ਰਮੋਦ ਘਈ ਬਿੱਟੂ ਨੇ ਦੱਸਿਆ ਕਿ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਪੂਰਾ ਮਾਮਲਾ ਅਕਸ਼ੇ ਕੁਮਾਰ ਦੀ ਫਿਲਮ 'ਸਪੈਸ਼ਲ 26' ਵਾਂਗ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਉਕਤ ਨਕਲੀ ਆਮਦਨ ਕਰ ਅਧਿਕਾਰੀ ਛਾਪੇ ਦੇ ਨਾਂ 'ਤੇ ਉਨ੍ਹਾਂ ਨੂੰ ਸ਼ੋਅਰੂਮ ਤੋਂ ਭਜਾ ਕੇ ਮੁਲਾਜ਼ਮਾਂ ਨੂੰ ਡਰਾ ਕੇ ਸੋਨੇ ਦੀ ਪੂਰੀ ਜਾਣਕਾਰੀ ਹਾਸਲ ਕਰ ਕੇ ਸੀਲ ਕਰਨ ਦੇ ਨਾਂ 'ਤੇ ਹੋ ਸਕਦਾ ਹੈ ਤੇ ਉਨ੍ਹਾਂ ਦਾ ਸੋਨਾ ਲੁੱਟ ਕੇ ਫਰਾਰ ਹੋ ਜਾਂਦੇ। ਇਹ ਸਭ ਕੁਝ ਉਨ੍ਹਾਂ ਦੀ ਸੂਝ-ਬੂਝ ਤੇ ਪੁਲਸ ਦੀ ਮਦਦ ਨਾਲ ਟਲ ਗਿਆ ਪਰ ਉਹ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਨ ਕਿ ਉਹ ਘਟਨਾ ਦਾ ਪਰਦਾਫਾਸ਼ ਕਰ ਕੇ ਅਸਲੀ ਦੋਸ਼ੀਆਂ ਨੂੰ ਜਲਦ ਸਾਹਮਣੇ ਲਿਆਵੇ।


Related News