ਫਗਵਾੜਾ ’ਚ ਜਿਊਲਰ ਨੂੰ ਫੋਨ ’ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਮੰਗੀ 40 ਲੱਖ ਦੀ ਫਿਰੌਤੀ
Sunday, Jun 19, 2022 - 10:45 PM (IST)
ਫਗਵਾੜਾ (ਜਲੋਟਾ)-ਫਗਵਾੜਾ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਹਿਰ ਦੀਆਂ ਨਾਮੀ ਹਸਤੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ’ਚ ਅੱਜ ਸ਼ਹਿਰ ’ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਫਗਵਾੜਾ ਦੇ ਇਕ ਨਾਮੀ ਜਿਊਲਰ ਅਤੇ ਉਸ ਦੇ ਪੁੱਤਰ ਨੂੰ ਅਣਪਛਾਤੇ ਵਿਅਕਤੀ ਵੱਲੋਂ 40 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੇ ਜਿਊਲਰ ਸੁਨੀਲ ਕੁਮਾਰ ਕੌੜਾ ਪੁੱਤਰ ਕਸ਼ਮੀਰੀ ਲਾਲ ਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਸਕੀਮ ਨੰਬਰ ਤਿੰਨ ਦੀ ਸ਼ਿਕਾਇਤ ਅਤੇ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੌਰਵ ਧੀਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਿਊਲਰ ਸੁਨੀਲ ਕੁਮਾਰ ਕੌੜਾ ਨੇ ਦਰਜ ਕਰਵਾਇਆ ਹੈ ਕਿ ਉਸ ਦੀ ਜਿਊਲਰੀ ਦੀ ਦੁਕਾਨ ਸਥਾਨਕ ਬਾਂਸਾਂ ਵਾਲਾ ਬਾਜ਼ਾਰ ਵਿਖੇ ਹੈ, ਜਿੱਥੇ ਉਹ ਤੇ ਉਸਦਾ ਪੁੱਤਰ ਜਿਊਲਰੀ ਦਾ ਕੰਮਕਾਰ ਕਰਦੇ ਹਨ।
ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸਾਥੀ 2 ਪਿਸਤੌਲਾਂ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਸੁਨੀਲ ਕੁਮਾਰ ਕੌੜਾ ਨੂੰ ਕਿਸੇ ਨਾਮਾਲੂਮ ਵਿਅਕਤੀ ਨੇ ਅਣਜਾਣ ਨੰਬਰ ਤੋਂ ਕਾਲ ਕਰ 40 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ ਅਤੇ ਨਾ ਦੇਣ ਦੀ ਸੂਰਤ ’ਚ ਜਾਨੀ ਮਾਲੀ ਨੁਕਸਾਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਆਦਿ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 384,506,66(ਐਫ) ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਹੋਈ ਪੁਲਸ ਜਾਂਚ ਇੰਝ ਜਾਪ ਰਿਹਾ ਹੈ ਕਿ ਇਹ ਕਾਲ ਕੰਪਿਊਟਰ ਰਾਹੀਂ ਕੀਤੀ ਗਈ ਹੈ ਅਤੇ ਜਿਹੜੇ ਮੈਸੇਜ ਵ੍ਹੱਟਸਐਪ ਆਦਿ ’ਤੇ ਆਏ ਹਨ ਉਹ ਵੀ ਕੰਪਿਊਟਰ ਰਾਹੀਂ ਕੀਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ’ਚ ਇਹ ਪਤਾ ਲਗਾਇਆ ਜਾਵੇਗਾ ਕਿ ਜੇਕਰ ਇਹ ਕਾਲ ਕੰਪਿਊਟਰ ਰਾਹੀਂ ਆਈ ਹੈ ਤਾਂ ਕਾਲ ਕਰਨ ਵਾਲੇ ਦਾ ਆਈ.ਪੀ. ਐਡਰੈੱਸ ਕੀ ਹੈ ਅਤੇ ਜੇਕਰ ਕਾਲ ਕਿਸੇ ਹੋਰ ਮੁਲਕ ਤੋਂ ਕੀਤੀ ਗਈ ਹੈ ਤਾਂ ਪੁਲਸ ਦੀ ਸਾਈਬਰ ਸੈੱਲ ਟੀਮ ਇਸ ਮਾਮਲੇ ਦੀ ਗਹਿਰਾਈ ’ਚ ਜਾ ਕੇ ਜਾਂਚ ਕਰੇਗੀ ਅਤੇ ਦੋਸ਼ੀ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰੇਗੀ।
ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ
ਦੱਸਣਯੋਗ ਹੈ ਕਿ ਫਗਵਾੜਾ ’ਚ ਇਸ ਤੋਂ ਪਹਿਲਾਂ ਵੀ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ, ਜਿਨ੍ਹਾਂ ’ਚ ਸਨਅਤਕਾਰ ਅਤੇ ਡਾਕਟਰ ਆਦਿ ਸ਼ਾਮਲ ਹਨ, ਨੂੰ ਧਮਕੀ ਭਰੀਆਂ ਫੋਨ ਕਾਲਾਂ ਆਦਿ ਆਈਆਂ ਹਨ। ਇਸੇ ਤਰ੍ਹਾਂ ਫਗਵਾੜਾ ਦੇ ਰਤਨਪੁਰਾ ਵਿਖੇ ਸ਼ਿਵ ਮੰਦਿਰ ਨੂੰ ਕਥਿਤ ਤੌਰ ’ਤੇ ਬੱਬਰ ਖ਼ਾਲਸਾ ਫੋਰਸ ਦਾ ਹਵਾਲਾ ਦੇ ਕੇ ਧਮਕੀ ਭਰੀ ਚਿੱਠੀ ਆਈ ਹੈ, ਜਿਸ ’ਚ ਆਖਿਆ ਗਿਆ ਹੈ ਕਿ ਜੇਕਰ ਮੰਦਿਰ ਦੇ ਬਾਹਰ ਲੱਗਿਆ ਹੋਇਆ ਲਾਊਡ ਸਪੀਕਰ ਬੰਦ ਨਹੀਂ ਕੀਤਾ ਗਿਆ ਤਾਂ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਪੰਡਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਮਾਮਲਿਆਂ ਦੀ ਜਾਣਕਾਰੀ ਫਗਵਾੜਾ ਪੁਲਸ ਸਮੇਤ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਦਫ਼ਤਰ ਨੂੰ ਹੈ।