ਜੇ.ਈ.ਈ. ਮੇਨ ਦਾ ਨਤੀਜਾ ਘੋਸ਼ਿਤ, ਪ੍ਰਭਪ੍ਰੀਤ ਸਿੰਘ ਨੇ ਮਹਾਨਗਰ ''ਚ ਹਾਸਲ ਕੀਤਾ ਪਹਿਲਾ ਸਥਾਨ

04/28/2017 1:22:39 PM

ਜਲੰਧਰ (ਵਿਨੀਤ)—ਦੇਸ਼ ਭਰ ਦੀਆਂ ਇੰਜੀਨੀਅਰਿੰਗ ਸੰਸਥਾਵਾਂ ਵਿਚ ਦਾਖਲੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਸੀ. ਬੀ. ਐੱਸ. ਈ. ਵੱਲੋਂ ਆਯੋਜਿਤ ਕੀਤੀ ਗਈ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ. ਈ. ਈ.) ਮੇਨਜ਼ ਦਾ ਨਤੀਜਾ ਅੱਜ ਐਲਾਨ ਹੋਇਆ, ਜਿਸ ਵਿਚ ਦੇਸ਼ ਭਰ ਦੇ 10 ਲੱਖ ਅਤੇ ਮਹਾਨਗਰ ਜਲੰਧਰ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਆਪਣਾ ਭਵਿੱਖ ਅਜ਼ਮਾਉਣ ਲਈ ਸਫਲਤਾ ਵੱਲ ਕਦਮ ਵਧਾਇਆ ਹੈ। ਐਲਾਨ ਹੋਏ ਨਤੀਜੇ ਵਿਚ ਮਹਾਨਗਰ ਦੇ ਡੇਢ ਸੌ ਦੇ ਲਗਭਗ ਵਿਦਿਆਰਥੀਆਂ ਨੇ 21 ਮਈ ਨੂੰ ਹੋਣ ਵਾਲੀ ਜੇ. ਈ. ਈ. (ਐਡਵਾਂਸਡ) ਦੀ ਪ੍ਰੀਖਿਆ ਲਈ ਕੁਆਲੀਫਾਈ ਕੀਤਾ ਹੈ। ਸੀ. ਬੀ. ਐੱਸ. ਈ. ਨੇ ਪਹਿਲੀ ਵਾਰ ਜੇ. ਈ. ਈ. ਮੇਨਜ਼ ਦੇ ਐਲਾਨੇ ਹੋਏ ਨਤੀਜੇ ਵਿਚ ਸਕੋਰ ਦੇ ਨਾਲ-ਨਾਲ ਰੈਂਕ ਵੀ ਜਾਰੀ ਕੀਤੇ ਹਨ।
ਏ. ਪੀ. ਜੇ. ਸਕੂਲ ਭਗਵਾਨ ਮਹਾਵੀਰ ਮਾਰਗ ਦੇ ਵਿਦਿਆਰਥੀ ਪ੍ਰਭਪ੍ਰੀਤ ਸਿੰਘ ਸੋਢੀ ਨੇ ਉਕਤ ਪ੍ਰੀਖਿਆ ਵਿਚ 335/360 ਅੰਕ ਲੈ ਕੇ ਆਲ ਇੰਡੀਆ ਰੈਂਕ 17 ਹਾਸਲ ਕਰ ਕੇ ਮਹਾਨਗਰ ਵਿਚ ਟਾਪ ਕੀਤਾ ਹੈ ਜਦਕਿ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀ ਵਿਠਲ ਭੰਡਾਰੀ ਨੇ 262/360 ਅੰਕ ਲੈ ਕੇ ਮਹਾਨਗਰ ਵਿਚ ਦੂਸਰਾ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ 260/360 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਾਹੁਲ ਗਰੋਵਰ ਨੇ 250/360 ਅੰਕ ਲੈ ਕੇ ਚੌਥਾ, ਐੱਮ. ਜੀ. ਐੱਨ. ਪਬਲਿਕ ਸਕੂਲ ਆਦਰਸ਼ ਨਗਰ ਦੇ ਹਰਨੂਰ ਸਿੰਘ ਢੀਂਗਰਾ ਨੇ 231/360 ਅੰਕਾਂ ਨਾਲ ਪੰਜਵਾਂ, ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਰਿਜੁਲ ਟੰਡਨ ਨੇ 220/360 ਅੰਕ ਲੈ ਕੇ ਛੇਵਾਂ ਸਥਾਨ ਪ੍ਰਾਪਤ ਕੀਤਾ। ਮਹਾਨਗਰ ਦੇ ਏ. ਪੀ. ਜੇ. ਸਕੂਲ ਭਗਵਾਨ ਮਹਾਵੀਰ ਮਾਰਗ ਦੇ 10 ਵਿਦਿਆਰਥੀ, ਐੱਮ. ਜੀ. ਐੱਨ. ਪਬਲਿਕ ਸਕੂਲ ਆਦਰਸ਼ ਨਗਰ ਅਤੇ ਅਰਬਨ ਅਸਟੇਟ ਦੇ 8-8, ਇਨੋਸੈਂਟ ਹਾਰਟਸ ਸਕੂਲ ਦੇ 7, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ 6 ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸਡ ਲਈ ਕੁਆਲੀਫਾਈ ਕੀਤਾ ਹੈ। ਇਸ ਵਾਰ ਐਲਾਨੇ ਨਤੀਜੇ ਵਿਚ ਲੜਕੀਆਂ ਦੀ ਜਗ੍ਹਾ ਲੜਕਿਆਂ ਨੇ ਬਾਜ਼ੀ ਮਾਰੀ। ਪਹਿਲੇ 6 ਸਥਾਨਾਂ ''ਤੇ ਲੜਕਿਆਂ ਦਾ ਹੀ ਦਬਦਬਾ ਰਿਹਾ। 
 

Related News