ਬਿਜਲੀ ਬੋਰਡ ਦੇ JE ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਤੇ ਸੁਸਾਈਡ ਨੋਟ ’ਚ ਅਧਿਕਾਰੀਆਂ ’ਤੇ ਲਾਏ ਵੱਡੇ ਇਲਜ਼ਾਮ
Sunday, Aug 21, 2022 - 10:49 PM (IST)
ਟਾਂਟਾਂਡਾ ਉੜਮੁੜ/ਸੁਲਤਾਨਪੁਰ ਲੋਧੀ (ਪੰਡਿਤ, ਜਸਵਿੰਦਰ, ਸੋਢੀ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਬਿਜਲੀ ਵਿਭਾਗ) ’ਚ ਸੁਲਤਾਨਪੁਰ ਲੋਧੀ ’ਚ ਬਤੌਰ ਜੇ. ਈ. ਨੌਕਰੀ ਕਰਦਿਆਂ ਜੇ. ਈ. ਤਰਸੇਮ ਲਾਲ, ਨਿਵਾਸੀ ਪਿੰਡ ਕੁਰਾਲਾ ਕਲਾਂ, ਥਾਣਾ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਉਮਰ ਤਕਰੀਬਨ 47 ਸਾਲ ਵੱਲੋਂ ਆਪਣੇ ਵਿਭਾਗ ਦੇ ਐਕਸੀਅਨ ਤੇ ਐੱਸ. ਐੱਸ. ਈ. ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਮ੍ਰਿਤਕ ਤਰਸੇਮ ਲਾਲ ਦਾ ਖ਼ੁਦਕੁਸ਼ੀ ਤੇ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਨ੍ਹਾਂ ਨੇ ਐਕਸੀਅਨ ਤੇ ਐੱਸ. ਐੱਸ. ਈ. ’ਤੇ ਇਲਜ਼ਾਮ ਲਾਏ ਹਨ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮ੍ਰਿਤਕ ਜੇ. ਈ. ਤਰਸੇਮ ਲਾਲ ਦੀ ਪਤਨੀ ਹਰਜੀਤ ਕੌਰ ਦੇ ਲਿਖਾਏ ਬਿਆਨ ’ਤੇ ਐਕਸੀਅਨ ਰੁਪਿੰਦਰਪਾਲ ਤੇ ਐੱਸ. ਐੱਸ. ਈ. ਅਜੇ ਸਿੰਘ ਖ਼ਿਲਾਫ਼ ਧਾਰਾ 306 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ- ਇੰਸਪੈਕਟਰ ਜਸਪਾਲ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਜੇ. ਈ. ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੁਰਾਲਾ ਕਲਾਂ, ਥਾਣਾ ਟਾਂਡਾ ਦੀ ਰਹਿਣ ਵਾਲੀ ਹਾਂ ਅਤੇ ਘਰੇਲੂ ਕੰਮਕਾਰ ਕਰਦੀ ਹਾਂ, ਮੇਰੇ 2 ਬੱਚੇ ਹਨ।
ਇਹ ਵੀ ਪੜ੍ਹੋ : ਟੂਰਨਾਮੈਂਟ ਤੋਂ ਬਾਅਦ ਕਬੱਡੀ ਖਿਡਾਰੀ ’ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਵੱਡਾ ਲੜਕਾ ਅਰਸ਼ਦੀਪ ਸਿੰਘ ਉਮਰ 17 ਸਾਲ ਅਤੇ ਛੋਟੀ ਲੜਕੀ ਜੰਨਤ ਉਮਰ 15 ਸਾਲ ਹੈ ਅਤੇ ਮੇਰਾ ਪਤੀ ਤਰਸੇਮ ਲਾਲ ਉਮਰ 55 ਸਾਲ ਤਕਰੀਬਨ 26 ਸਾਲ ਤੋਂ ਬਿਜਲੀ ਵਿਭਾਗ ’ਚ ਨੌਕਰੀ ਕਰ ਰਿਹਾ ਸੀ ਅਤੇ ਇਹ ਪਹਿਲਾਂ ਕਾਨਪੁਰ ਜਲੰਧਰ ਵਿਖੇ ਨੌਕਰੀ ਕਰਦਾ ਸੀ ਅਤੇ ਇਕ ਸਾਲ ਤੋਂ ਤਰੱਕੀ ਹੋਣ ’ਤੇ ਬਤੌਰ ਜੇ. ਈ. ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਝੱਲ ਲਈ ਵਾਲਾ (ਥਾਣਾ ਸੁਲਤਾਨਪੁਰ ਲੋਧੀ) ਦੀ ਬਦਲੀ ਹੋ ਗਈ ਸੀ ਅਤੇ ਇਹ ਮਹੀਨੇ ਬਾਅਦ ਹੀ ਆਪਣੇ ਘਰ ਕੁਰਾਲਾ ਕਲਾਂ ਆਉਂਦੇ ਸਨ। ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸ਼ਾਮ ਤਕਰੀਬਨ 5 ਵਜੇ ਮੇਰੇ ਮੋਬਾਇਲ ’ਤੇ ਸੁਲਤਾਨਪੁਰ ਲੋਧੀ ਤੋਂ ਮੇਰੇ ਪਤੀ ਦੇ ਸਾਥੀ ਮੁਲਾਜ਼ਮ ਨੇ ਫੋਨ ਕੀਤਾ ਕਿ ਤਰਸੇਮ ਲਾਲ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਅਸੀਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਹੈ, ਤੁਸੀਂ ਵੀ ਜਲਦੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚ ਜਾਓ। ਮੈਂ ਉਸੇ ਵਕਤ ਆਪਣੇ ਬੇਟੇ ਅਤੇ ਜੇਠ ਰੇਸ਼ਮ ਸਿੰਘ ਨੂੰ ਆਪਣੀ ਗੱਡੀ ਰਾਹੀਂ ਸਿਵਲ ਹਸਪਤਾਲ ਸੁਲਤਾਨਪੁਰ ਪਹੁੰਚ ਗਏ, ਜਿਥੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਤਰਸੇਮ ਲਾਲ ਨੇ ਕੋਈ ਜ਼ਹਿਰੀਲੀ ਦਵਾਈ ਖਾਧੀ ਜਾਪਦੀ ਹੈ, ਜਿਸ ਤੋਂ ਅਸੀਂ ਇਸ ਨੂੰ ਇਥੇ ਰੈਫਰ ਕਰਵਾ ਕੇ ਨਿੱਜੀ ਹਸਪਤਾਲ ਜਲੰਧਰ ਉਸੇ ਦਿਨ ਲੈ ਗਏ, ਜਿਥੇ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ। ਉਨ੍ਹਾਂ ਦੱਸਿਆ ਕਿ ਮਿਤੀ 19 ਅਗਸਤ ਨੂੰ ਮੇਰੇ ਪਤੀ ਦੀ ਹਾਲਤ ਵਿਚ ਕੁਝ ਸੁਧਾਰ ਆਇਆ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਸੀ ਅਤੇ ਮੈਨੂੰ ਦੱਸਿਆ ਕਿ ਮੇਰੇ ਬਿਜਲੀ ਘਰ ਝੱਲ ਲੇਈ ਵਾਲਾ ਦੇ ਐਕਸੀਅਨ ਰੁਪਿੰਦਰਪਾਲ ਨੇ ਮੇਰੀ ਐੱਸ. ਆਰ. ’ਤੇ 40 ਲੱਖ ਰੁਪਏ ਦਾ ਸਾਮਾਨ ਕਢਵਾਇਆ ਹੈ, ਜੋ ਮੇਰੇ ਖਾਤੇ ’ਚ ਬੋਲ ਰਿਹਾ ਹੈ ਤੇ ਐੱਸ. ਐੱਸ. ਈ. ਅਜੇ ਸਿੰਘ ਨੇ ਵੀ ਮੇਰੀ ਐੱਸ. ਆਰ. ਤੋਂ ਸਾਮਾਨ ਕਢਵਾਇਆ ਹੈ, ਜਿਨ੍ਹਾਂ ਤੋਂ ਤੰਗ ਆ ਕੇ ਮੈਂ ਬਿਜਲੀ ਘਰ ’ਚ ਨਸ਼ੀਲੀ ਦਵਾਈ ਘਾਹ ਵਾਲੀ ਪੀ ਲਈ ਸੀ। ਮੈਂ ਕਿਹਾ ਕਿ ਤੁਸੀਂ ਲਿਖ ਕੇ ਦਿਓ ਇਨ੍ਹਾਂ ਬਾਰੇ ਤਾਂ ਮੇਰੇ ਪਤੀ ਨੇ ਲਿਖਤੀ ਵੀ ਖੁਦਕੁਸ਼ੀ ਦੇ ਕਾਰਨ ਬਾਰੇ ਤੇ ਵੀਡੀਓ ਬਣਾ ਕੇ ਵੀ ਦੱਸਿਆ। ਹਰਜੀਤ ਕੌਰ ਨੇ ਆਪਣੇ ਬਿਆਨ ’ਚ ਪੁਲਸ ਨੂੰ ਦੱਸਿਆ ਕਿ ਮੇਰੇ ਪਤੀ ਦੀ ਦੁਬਾਰਾ ਸਿਹਤ ਖਰਾਬ ਹੋ ਗਈ, ਜਿਸ ਨੂੰ ਹਸਪਤਾਲ ਹੁਸ਼ਿਆਰਪੁਰ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਬੀਤੀ ਰਾਤ ਤਕਰੀਬਨ 11 ਵਜੇ ਰਾਤ ਨੂੰ ਮੇਰੇ ਪਤੀ ਦੀ ਮੌਤ ਹੋ ਗਈ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਮੁਲਾਜ਼ਮਾਂ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ। ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਜੇ. ਈ. ਤਰਸੇਮ ਲਾਲ ਦੀ ਖ਼ੁਦਕੁਸ਼ੀ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰ ਗ੍ਰਿਫ਼ਤਾਰ ਤੇ 78 ਲੱਖ ਦੀ ਡਰੱਗ ਮਨੀ ਬਰਾਮਦ