ਦਿੱਲੀ ਪਹੁੰਚ ਗੋਦੀ ਮੀਡੀਆ ’ਤੇ ਵਰ੍ਹੇ ਜੈਜ਼ੀ ਬੀ, ਨੌਜਵਾਨੀ ’ਚ ਭਰਿਆ ਜੋਸ਼ (ਵੀਡੀਓ)
Tuesday, Dec 22, 2020 - 02:45 PM (IST)
ਨਵੀਂ ਦਿੱਲੀ (ਬਿਊਰੋ)– ਪੰਜਾਬੀ ਗਾਇਕ ਜੈਜ਼ੀ ਬੀ ਸੋਸ਼ਲ ਮੀਡੀਆ ਰਾਹੀਂ ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਹਨ। ਜੈਜ਼ੀ ਬੀ ਕੈਨੇਡਾ ’ਚ ਕਿਸਾਨ ਰੈਲੀਆਂ ’ਚ ਸ਼ਿਰਕਤ ਕਰਕੇ ਪੰਜਾਬ ਦੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਤਕ ਪਹੁੰਚਾ ਚੁੱਕੇ ਹਨ। ਅੱਜ ਜੈਜ਼ੀ ਬੀ ਕੈਨੇਡਾ ਤੋਂ ਸਿੱਧਾ ਦਿੱਲੀ ਪਹੁੰਚੇ, ਜਿਥੇ ਉਨ੍ਹਾਂ ਨੇ ਸਟੇਜ ਤੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਸੰਬੋਧਨ ਕੀਤਾ।
ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਕਰਕੇ ਪੂਰੀ ਦੁਨੀਆ ਦਾ ਹੀਲਾ ਹੋ ਗਿਆ ਹੈ। ਪੰਜਾਬ ਤੋਂ ਸ਼ੁਰੂ ਹੋਈ ਲੜਾਈ ’ਚ ਹਰਿਆਣਾ ਨੇ ਛੋਟੇ ਭਰਾ ਵਾਂਗ ਸਾਥ ਦਿੱਤਾ ਤੇ ਅੱਜ ਜਿਥੇ ਵੀ ਕਿਸਾਨ ਬੈਠਾ ਹੈ, ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ।
ਨੌਜਵਾਨੀ ਨੂੰ ਸੰਬੋਧਨ ਕਰਦਿਆਂ ਜੈਜ਼ੀ ਬੀ ਨੇ ਕਿਹਾ, ‘ਗੋਦੀ ਮੀਡੀਆ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਜਾਂਦਾ ਹੈ ਪਰ ਕਿਸਾਨ ਅੰਦੋਲਨ ਦੌਰਾਨ ਨੌਜਵਾਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਨਸ਼ਿਆਂ ਨਾਲ ਨਹੀਂ ਭਰਿਆ। ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਾ ਹੈ। ਜਿਥੇ ਨੌਜਵਾਨੀ ਤੇ ਬਜ਼ੁਰਗ ਜੋਸ਼ ਤੇ ਹੋਸ਼ ਦੋਵਾਂ ਨਾਲ ਕੰਮ ਲੈ ਰਹੇ ਹਨ।’
ਜੈਜ਼ੀ ਬੀ ਨੇ ਨੌਜਵਾਨਾਂ ਨੂੰ ਇਹ ਬੇਨਤੀ ਵੀ ਕੀਤੀ ਕਿ ਉਹ ਕੋਈ ਅਜਿਹਾ ਕੰਮ ਨਾ ਕਰਨ, ਜਿਸ ਨਾਲ ਸਾਡੀ ਬਦਨਾਮੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਨੇਤਾ ਕਿਸਾਨਾਂ ਦੇ ਹੱਕ ’ਚ ਖੜ੍ਹੇ ਹਨ ਪਰ ਸਾਡੇ ਦੇਸ਼ ਦੇ ਨੇਤਾ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ। ਗੋਦੀ ਮੀਡੀਆ ਦਾ ਜ਼ਿਕਰ ਕਰਕੇ ਜੈਜ਼ੀ ਬੀ ਨੇ ਕਿਹਾ ਕਿ ਇਥੇ ਸਿਰਫ ਨੌਜਵਾਨ ਹੀ ਨਹੀਂ, ਸਗੋਂ 80 ਸਾਲਾਂ ਦੇ ਬਜ਼ੁਰਗ ਵੀ ਸਵੇਰੇ ਉਠ ਕੇ ਡੰਡ ਮਾਰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਕਵਰ ਨਹੀਂ ਕੀਤਾ ਜਾਂਦਾ।
ਨੋਟ– ਜੈਜ਼ੀ ਬੀ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।