ਅਭਿਨੰਦਨ ਤੋਂ ਬਾਅਦ ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ (ਵੀਡੀਓ)

Sunday, Mar 03, 2019 - 06:45 PM (IST)

ਗੁਰਦਾਸਪੁਰ (ਗੁਰਪ੍ਰੀਤ)— ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਤੋਂ ਬਾਅਦ ਹੁਣ 1965 ਦੀ ਯੁੱਧ ਬੰਦੀ ਦੌਰਾਨ ਪਾਕਿਸਤਾਨ 'ਚ ਬੰਦੀ ਬਣਾਏ ਗਏ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਜਵਾਨ ਸੁਜਾਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਪਿਛਲੇ 55 ਸਾਲਾਂ ਤੋਂ ਪਾਕਿਸਤਾਨ ਜੇਲ 'ਚ ਬੰਦ ਸੁਜਾਨ ਸਿੰਘ ਨੂੰ ਛੁੜਵਾਉਣ ਲਈ ਭਾਰਤ ਸਰਕਾਰ ਕੋਈ ਸਖਤ ਕਦਮ ਚੁੱਕੇ। 1965 ਦੀ ਜੰਗ ਦੌਰਾਨ ਬੰਦੀ ਬਣਾਏ ਗਏ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਜਵਾਨ ਸੁਜਾਨ ਸਿੰਘ ਦੇ ਭਰਾ ਮੋਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਭਰਾ 1957 ਨੂੰ ਭਾਰਤੀ ਫੌਜ ਦੀ 14 ਫੀਲਡ ਰੈਜ਼ੀਮੈਂਟ 'ਚ ਭਰਤੀ ਹੋਇਆ ਸੀ। 1965 'ਚ ਭਾਰਤ-ਪਾਕਿ ਦੀ ਜੰਗ 'ਚ ਸੁਜਾਨ ਸਿੰਘ ਛੰਬ ਜੋੜੀਆਂ ਦੇ ਦੇਬਾ ਬਟਾਲਾ ਸੈਕਟਰ 'ਚ ਪਾਕਿ ਫੌਜ ਵੱਲੋਂ ਬੰਦੀ ਬਣਾ ਲਿਆ ਗਿਆ ਸੀ। ਯੁੱਧ ਖਤਮ ਹੋਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਦਾ ਭਰਾ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੂੰ ਸੁਜਾਨ ਸਿੰਘ ਦੇ ਪਾਕਿਸਤਾਨ ਦੀ ਜੇਲ 'ਚ ਕੈਦ ਹੋਣ ਬਾਰੇ ਸਾਲ 1970 'ਚ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਨੂੰ ਸੁਜਾਨ ਸਿੰਘ ਦਾ ਜੇਲ ਤੋਂ ਲਿਖਿਆ ਹੋਇਆ ਪੱਤਰ ਮਿਲਿਆ, ਜਿਸ ਨਾਲ ਸਾਨੂੰ ਪਤਾ ਲੱਗਾ ਕਿ ਉਹ ਸਿਆਲਕੋਟ ਪਾਕਿਸਤਾਨ ਜੇਲ 'ਚ ਬੰਦ ਹੈ। 

PunjabKesari
ਉਨ੍ਹਾਂ ਨੇ ਕਿਹਾ ਕਿ ਅਜਿਹੇ 54 ਪਰਿਵਾਰ ਹਨ ਜੋ 1965 ਅਤੇ 1971 ਦੀ ਜੰਗ ਦੌਰਾਨ ਪਾਕਿ 'ਚ ਬੰਦ ਜਵਾਨਾਂ ਦੀ ਪਿਛਲੇ 55 ਸਾਲ ਤੋਂ ਆਪਣਿਆਂ ਦੀ ਉਡੀਕ ਕਰ ਰਹੇ ਹਨ ਪਰ ਪਾਕਿਸਤਾਨ ਵੱਲੋਂ ਉਨ੍ਹਾਂ ਨੂੰ ਛੱਡਿਆ ਨਹੀਂ ਜਾ ਰਿਹਾ। ਜਵਾਨ ਸੁਜਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਜੇਕਰ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਤੋਂ 2 ਦਿਨ ਵਾਪਸ ਆ ਸਕਦਾ ਹੈ ਤਾਂ ਭਾਰਤ ਸਰਕਾਰ ਕੋਈ ਸਖਤ ਕਦਮ ਚੁੱਕ ਕੇ ਬੰਦੀ ਬਣੇ 54 ਰੱਖਿਆ ਕਰਮਚਾਰੀਆਂ ਨੂੰ ਵੀ ਰਿਹਾਅ ਕਰਵਾਏ।


author

shivani attri

Content Editor

Related News