ਸਿੱਧੂ ਮੂਸੇਵਾਲਾ ''ਤੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਿਹਾ- ਸੱਚ ਬੋਲਣ ਵਾਲੇ ਨੂੰ ਲੋਕ ਦਿੰਦੇ ਹਨ ਇਹ ਇਨਾਮ

Sunday, Jan 29, 2023 - 03:31 AM (IST)

ਸਿੱਧੂ ਮੂਸੇਵਾਲਾ ''ਤੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਿਹਾ- ਸੱਚ ਬੋਲਣ ਵਾਲੇ ਨੂੰ ਲੋਕ ਦਿੰਦੇ ਹਨ ਇਹ ਇਨਾਮ

ਅੰਮ੍ਰਿਤਸਰ : ਸ਼ਨੀਵਾਰ ਗੁਰੂ ਨਗਰੀ 'ਚ ਮਸ਼ਹੂਰ ਸ਼ਾਇਰ, ਲੇਖਕ ਤੇ ਸਕ੍ਰਿਪਟ ਰਾਈਟਰ ਜਾਵੇਦ ਅਖ਼ਤਰ ਪਹੁੰਚੇ। ਨਿੱਜੀ ਸਕੂਲ ਵਿੱਚ ਇਕ ਸੰਸਥਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਜਾਵੇਦ ਅਖ਼ਤਰ ਵੱਲੋਂ ਆਪਣੇ ਜੀਵਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਉਥੇ ਹੀ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਵੀ ਵੱਡੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜਿਹੜੇ ਇਨਸਾਨ ਸੱਚ ਬੋਲਦੇ ਹਨ ਅਕਸਰ ਹੀ ਉਨ੍ਹਾਂ ਨਾਲ ਅਜਿਹਾ ਹੁੰਦਾ ਹੈ। ਸਿੱਧੂ ਨੇ ਸੱਚ ਬੋਲਿਆ ਸੀ ਅਤੇ ਸੱਚ ਬੋਲਣ ਵਾਲੇ ਨੂੰ ਸਮਾਜ ਪਸੰਦ ਨਹੀਂ ਕਰਦਾ ਕਿਉਂਕਿ ਸਮਾਜ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਨਮਨ ਕਰਦੇ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਨ।

ਇਹ ਵੀ ਪੜ੍ਹੋ : ਅਫ਼ਗਾਨ ਔਰਤਾਂ ’ਤੇ ਇਕ ਹੋਰ ਪਾਬੰਦੀ, ਯੂਨੀਵਰਸਿਟੀਆਂ ’ਚ ਨਹੀਂ ਦੇ ਸਕਦੀਆਂ ਦਾਖਲਾ ਪ੍ਰੀਖਿਆ

ਜਾਵੇਦ ਅਖ਼ਤਰ ਆਪਣੇ 'ਤੇ ਕਿਤਾਬ ਲਿਖਣ ਵਾਲੀ ਲੇਖਿਕਾ ਬੇਗਮ ਮੁਨੀ ਅਖ਼ਤਰ ਨਾਲ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਬੇਗਮ ਮੁਨੀ ਵੱਲੋਂ ਲਿਖੀ ਗਈ ਕਿਤਾਬ ਜੋ ਕਿ ਜਾਵੇਦ ਅਖ਼ਤਰ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਬਾਇਓਗ੍ਰਾਫੀ ਹੈ, ਵੀ ਰਿਲੀਜ਼ ਕੀਤੀ ਗਈ। ਜਾਵੇਦ ਅਖ਼ਤਰ ਨੇ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਦੇ ਜੀਵਨ ਦੇ ਬਹੁਤ ਨਜ਼ਦੀਕੀ ਪਲਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਅਜੋਕੀ ਨੌਜਵਾਨ ਪੀੜ੍ਹੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜਕਲ੍ਹ ਦੀ ਪੀੜ੍ਹੀ ਪੁਰਾਣੀ ਪੀੜ੍ਹੀ ਵਾਂਗ ਗੱਲ ਨੂੰ ਘੁਮਾ-ਫਿਰਾ ਕੇ ਕਹਿਣ ਦੀ ਬਜਾਏ ਸਿੱਧੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਅੱਜ ਦੀ ਪੀੜ੍ਹੀ ਪਿਛਲੀਆਂ ਪੀੜ੍ਹੀਆਂ ਤੋਂ ਕਾਫੀ ਸਮਝਦਾਰ ਵੀ ਹੈ। ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੇਖਕ, ਸ਼ਾਇਰ ਦੀ ਕਲਾ ਦੀ ਕਦਰ ਕਰਨੀ ਚਾਹੀਦੀ ਹੈ, ਨਾ ਕਿ ਇਸ ਨੂੰ ਕੋਈ ਵਿਹਲਾ ਕੰਮ ਸਮਝਣਾ ਚਾਹੀਦਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ

ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਸ਼ਾਇਰਾਂ ਅਤੇ ਲੇਖਕਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਨਾਮਣਾ ਖੱਟਿਆ ਹੈ। ਜਾਵੇਦ ਅਖ਼ਤਰ ਨੇ ਆਪਣੀ ਇਕ ਯਾਦਗਾਰ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ ਲੁਧਿਆਣਾ ਗਏ ਤਾਂ ਉਥੋਂ ਦੇ ਲੋਕਾਂ ਨੂੰ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਭਾਵੇਂ ਪੂਰੇ ਏਸ਼ੀਆ ਦਾ ਬਿਜ਼ਨੈੱਸ ਹੱਬ ਹੈ ਪਰ ਲੁਧਿਆਣਾ ਅੰਤਰਰਾਸ਼ਟਰੀ ਪੱਧਰ 'ਤੇ ਇਕ ਸ਼ਾਇਰ ਦੇ ਨਾਂ ਜਾਣਿਆ ਜਾਂਦਾ ਹੈ, ਜਿਸ ਦਾ ਨਾਂ ਸਾਹਿਰ ਲੁਧਿਆਣਵੀ ਹੈ। ਇਸ ਦੇ ਨਾਲ ਹੀ ਜਾਵੇਦ ਅਖ਼ਤਰ ਨੇ ਆਪਣੇ ਅਤੇ ਲੇਖਕ ਤੇ ਸ਼ਾਇਰ ਗੁਲਜ਼ਾਰ ਦੇ ਬਾਰੇ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੀਨੀਅਰ ਹਨ ਅਤੇ ਉਹ ਆਪਸ ਵਿੱਚ ਜਦੋਂ ਵੀ ਮਿਲਦੇ ਹਨ, ਉਹ ਪਲ ਬਹੁਤ ਹੀ ਖੂਬਸੂਰਤ ਹੁੰਦੇ ਹਨ। ਹਾਲਾਂਕਿ ਲੋਕ ਇਹ ਸਮਝਦੇ ਹਨ ਕਿ ਸ਼ਾਇਦ ਇਕੋ ਖੇਤਰ ਦੇ ਹੋਣ ਦੇ ਨਾਤੇ ਸਾਡਾ ਆਪਸ ਵਿੱਚ ਕੰਪੀਟੀਸ਼ਨ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਦੂਜੇ ਦੀ ਸੰਗਤ ਦਾ ਬਹੁਤ ਆਨੰਦ ਮਾਣਦੇ ਹਾਂ।

ਇਹ ਵੀ ਪੜ੍ਹੋ : ਫਿਲਮ ਦੇਖ ਕੇ ਪਰਤ ਰਹੇ ਨੌਜਵਾਨਾਂ ਦੀ ਸਕੂਟੀ ਨੂੰ ਕਾਰ ਨੇ 350 ਮੀਟਰ ਤੱਕ ਘੜੀਸਿਆ, ਇਕ ਦੀ ਮੌਤ

ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਆਪਣਾ ਸੁਨੇਹਾ ਦਿੰਦਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਾਇਰ ਅਤੇ ਲੇਖਕ ਬਣਨਾ ਚਾਹੀਦਾ ਹੈ। ਇਸ ਦੇ ਵਾਸਤੇ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਸਟੱਡੀ ਕੀਤੀ ਜਾਵੇ ਅਤੇ ਲੇਖਕ ਬਣਨ ਦੀ ਕਾਹਲੀ ਨਾ ਕੀਤੀ ਜਾਵੇ। ਉਰਦੂ ਜ਼ੁਬਾਨ ਬਾਰੇ ਗੱਲ ਕਰਦਿਆਂ ਜਾਵੇਦ ਨੇ ਕਿਹਾ ਉਰਦੂ ਜ਼ੁਬਾਨ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੀ ਆਪਣੀ ਭਾਸ਼ਾ ਹੈ, ਇਸ ਕਰਕੇ ਨਵੀਂ ਪੀੜ੍ਹੀ ਨੂੰ ਉਰਦੂ ਵੀ ਸਿੱਖਣੀ ਚਾਹੀਦੀ ਹੈ, ਜੋ ਕਿ ਸ਼ਾਇਰਾਂ, ਲੇਖਕਾਂ, ਅਦੀਬਾਂ ਦੀ ਆਪਣੀ ਭਾਸ਼ਾ ਹੈ। ਇਸ ਮੌਕੇ ਸਮਾਗਮ ਦੇ ਪ੍ਰਬੰਧਕ ਲਿਖਾਰੀ ਨੇ ਕਿਹਾ ਕਿ ਅੱਜ ਉਹ ਆਪਣੇ-ਆਪ ਨੂੰ ਬਹੁਤ ਭਾਗਸ਼ਾਲੀ ਸਮਝਦੇ ਹਨ ਕਿ ਅੱਜ ਜਾਵੇਦ ਅਖ਼ਤਰ ਅੰਮ੍ਰਿਤਸਰ ਪਹੁੰਚੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News