23 ਨੂੰ ਦਿੱਲੀ ਪਾਰਲੀਮੈਂਟ ਹਾਊਸ ਵਿਖੇ ਗ੍ਰਿਫਤਾਰੀ ਦੇਣ ਲਈ ਜਾਵੇਗਾ 5 ਮੈਂਬਰੀ ਜੱਥਾ : ਮਾਨ
Saturday, Feb 20, 2021 - 11:26 PM (IST)
ਫਤਿਹਗੜ੍ਹ ਸਾਹਿਬ, (ਜਗਦੇਵ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿਖੇ 26 ਜਨਵਰੀ ਮੌਕੇ ਲਾਲ ਕਿਲੇ ਦੀ ਘਟਨਾ ਤੋਂ ਬਾਅਦ 177 ਦੇ ਕਰੀਬ ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ’ਤੇ ਝੂਠੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨਾ ਮੰਦਭਾਗਾ ਹੈ। ਦੀਪ ਸਿੱਧੂ, ਕਥਾਵਾਚਕ ਇਕਬਾਲ ਸਿੰਘ ਅਤੇ ਬੈਂਗਲੁਰੂ ਦੀ ਬੀਬਾ ਦਿਸ਼ਾ, ਰਵੀ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਦੀ ਨੌਜਵਾਨੀ ’ਚ ਦਹਿਸ਼ਤ ਪਾਉਣ ਲਈ ਰਾਅ ਅਤੇ ਹੋਰ ਏਜੰਸੀਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਜਬਰ-ਜੁਲਮ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਅੱਜ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਸਮੁੱਚੇ ਮੈਂਬਰਾਂ ਦੀ ਮੀਟਿੰਗ ’ਚ ਕੀਤੇ ਫੈਸਲੇ ਬਾਰੇ ਉਨ੍ਹਾ ਕਿਹਾ ਕਿ ਦਿੱਲੀ ਪੁਲਸ ਵੱਲੋਂ ਕਿਸਾਨਾਂ ’ਤੇ ਬਣਾਏ ਗਏ ਝੂਠੇ ਕੇਸਾਂ ਅਤੇ ਲਾਪਤਾ ਲੋਕਾਂ ਦੀ ਭਾਲ ਅਤੇ ਰਿਹਾਈ ਨੂੰ ਮੁੱਖ ਰੱਖ ਕੇ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਅਗਵਾਈ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 23 ਫਰਵਰੀ ਨੂੰ 5 ਮੈਂਬਰੀ ਜੱਥਾ ਅਰਦਾਸ ਕਰ ਕੇ ਦਿੱਲੀ ਪਾਰਲੀਮੈਂਟ ਹਾਊਸ ਵਿਖੇ ਗ੍ਰਿਫਤਾਰੀ ਦੇਣ ਲਈ ਜਾਵੇਗਾ । ਉਨ੍ਹਾ ਨੇ ਇਸ ਅੰਦੋਲਨ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਭ ਜਥੇਬੰਦੀਆਂ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਨਿਹੰਗ ਸਿੰਘ, ਵਪਾਰੀ, ਕਾਰੋਬਾਰੀ, ਆੜ੍ਹਤੀਆਂ ਆਦਿ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 11 ਵਜੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ ਤਾਂ ਜੋ ਦਿੱਲੀ ਵਿਖੇ ਗ੍ਰਿਫ਼ਤਾਰ ਹੋਏ ਕਿਸਾਨਾਂ, ਨੌਜਵਾਨਾਂ ਤੇ ਲੋਕਾਂ ਨੂੰ ਰਿਹਾਅ ਕਰਵਾ ਕੇ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੀਏ । ਮੀਟਿੰਗ ’ਚ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਕੁਸ਼ਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਇਮਾਨ ਸਿੰਘ ਮਾਨ ਆਦਿ ਸ਼ਮੂਲੀਅਤ ਕੀਤੀ ।