ਸਾਹਿਤਕ ਮੇਲੇ ਵਜੋਂ ਮਨਾਇਆ ਜਾ ਰਿਹੈ ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ

06/26/2019 4:44:27 PM

ਮੋਗਾ/ਅਜੀਤਵਾਲ (ਗੋਪੀ ਰਾਊੁਕੇ, ਰੱਤੀ)—ਪੰਜਾਬੀ ਸਾਹਿਤ ਦੇ ਹਿੱਸੇ 70 ਤੋਂ ਵੱਧ ਕਿਤਾਬਾਂ ਝੋਲੀ ਪਾਉਣ ਵਾਲੇ ਵਿਸ਼ਵ ਪ੍ਰਸਿੱਧ ਲੇਖਕ ਤੇ ਨਾਵਲ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਡਾ. ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸ੍ਰੀ ਕੰਵਲ ਦੇ ਜੱਦੀ ਪਿੰਡ ਢੁੱਡੀਕੇ (ਮੋਗਾ) ਵਿਖੇ ਹੋ ਰਹੇ ਇਹ ਪੰਜ ਰੋਜ਼ਾ ਸਮਾਗਮ ਨੂੰ ਸਾਹਿਤਕ ਮੇਲੇ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਅੱਜ ਸ਼ਾਮ 26 ਤੋਂ 30 ਜੂਨ ਤੱਕ ਚੱਲਣ ਵਾਲੇ ਇਸ ਮੇਲੇ ਦਾ ਅਗਾਜ਼ ਫਿਲਮ ਦਿਖਾ ਕੇ ਕੀਤਾ ਜਾਵੇਗਾ। ਇਕੱਤਰ ਵੇਰਵਿਆਂ ਅਨੁਸਾਰ ਸ੍ਰੀ ਕੰਵਲ ਦਾ ਜਨਮ 27 ਜੂਨ 1919 ਨੂੰ ਆਜ਼ਾਦੀ ਘੁਲਾਟੀਆਂ ਦੀ ਮਹਾਨ ਧਰਤੀ ਪਿੰਡ ਢੁੱਡੀਕੇ (ਮੋਗਾ) ਵਿਖੇ ਹੋਇਆ। ਪੰਜਾਬੀ ਸਾਹਿਤ ਨਾਲ ਬੇਹੱਦ ਸਾਜ਼ ਰੱਖਣ ਵਾਲੇ ਜਸਵੰਤ ਸਿੰਘ ਕੰਵਲ ਦੇ ਨਾਵਲਾ ਅਤੇ ਹੋਰ ਪੁਸਤਕਾਂ ਦਾ ਜਾਦੂ ਪੰਜਾਬੀਆਂ ਦੇ ਸਿਰ ਚੜ੍ਹ ਕੇ ਅਜਿਹਾ ਬੋਲਿਆ ਕਿ ਉਹ ਪਿਛਲੇ 75 ਵਰ੍ਹਿਆ ਦੇ ਲਗਭਗ ਸਮੇਂ ਤੋਂ ਪੰਜਾਬੀਆਂ ਦੇ ਮਨਪਸੰਦ ਲੇਖਕ ਹਨ।

ਉਨ੍ਹਾਂ ਵਲੋਂ ਲਿਖੇ ਨਾਵਲ ਜਿਥੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ, ਉੱਥੇ ਉਨ੍ਹਾਂ ਵਲੋਂ ਲਿਖਿਆ ਨਾਵਲ 'ਪੂਰਨਮਾਸ਼ੀ' ਪੰਜਾਬੀ ਦੇ ਪੇਂਡੂ ਜੀਵਨ ਦੀ ਝਲਕ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਉਹ ਆਪਣੇ ਨਾਵਲ ਰਾਹੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਲੱਖ ਰਹੇ ਖੋਰੇ ਅਤੇ ਪੰਜਾਬੀਆਂ ਦੀ ਦਿਨੋਂ-ਦਿਨ ਮਾੜੀ ਹੋ ਰਹੀ ਆਰਥਕ ਸਥਿਤੀ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਲੋਕਾਂ ਦੀ ਅਣਦੇਖੀ ਅਤੇ ਸਮਾਜਕ ਨਾ-ਬਰਾਬਰੀ ਸਬੰਧੀ ਬਾਖੂਬੀ ਜਾਣਕਾਰੀ ਪੇਸ਼ ਕਰਦੇ ਹਨ। ਸ੍ਰੀ ਕੰਵਲ ਵਲੋਂ ਕੁੱਝ ਵਰ੍ਹੇ ਪਹਿਲਾ ਲਿਖਿਆ ਨਾਵਲ 'ਪੰਜਾਬੀਓ ਜਿਉਣਾ ਕੇ ਮਰਨਾ' ਅਜੌਕੇ ਹਲਾਤਾਂ ਦੀ ਮਹਾਨ ਪੇਸ਼ਕਾਰੀ ਹੈ। ਉਨ੍ਹਾਂ ਲਗਭਗ 35 ਨਾਵਲ ਅਤੇ 70 ਕਿਤਾਬ ਲਿਖੀਆਂ। 'ਲਹੂ ਦੀ ਲੋਹ', 'ਸੱਚ ਨੂੰ ਫਾਂਸੀ', 'ਰਾਤ ਬਾਕੀ ਹੈ' ਆਦਿ ਬੇਹੱਦ ਮਕਬੂਲ ਹਨ। ਤੌਸ਼ਾਲੀ ਦੀ ਹੰਸੋ ਨਾਵਲ ਤੇ 1997 'ਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਵੀ ਦਿੱਤਾ ਗਿਆ। ਇਸ ਸਮਾਗਮ ਦੌਰਾਨ ਡਾ. ਜਸਵੰਤ ਸਿੰਘ ਕੰਵਲ, ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਗਿੱਲ, ਡਾ. ਸੁਰਜੀਤ ਬਰਾੜ, ਡਾ. ਬਲਰਾਜ ਸਾਹਨੀ ਦੀ ਕੌਸ਼ਲ ਹੋਵੇਗੀ ਅਤੇ ਸ੍ਰੀ ਕੰਵਲ ਦੇ ਨਾਵਲਾਂ 'ਤੇ ਚਰਚਾ ਹੋਵੇਗੀ। ਦੂਜੇ ਪਾਸੇ ਸਮਾਗਮ 'ਚ ਪੰਜਾਬੀ ਦੇ ਲੇਖਕ ਪੰਜਾਬ ਭਰ ਤੋਂ ਸਮਾਗਮ 'ਚ ਸ਼ਿਰਕਤ ਕਰਨ ਲਈ ਪੁੱਜਣ ਲੱਗੇ ਹਨ।


Shyna

Content Editor

Related News