ਲਾਵਾਂ ਤੋਂ ਬਾਅਦ 'ਲਾੜੀ' ਨੇ ਛੇੜੀਆਂ ਰੂਹਾਨੀ ਸੰਗੀਤਕ ਧੁਨਾਂ, ਰੰਗੀ ਗਈ ਸੁਣਨ ਵਾਲਿਆਂ ਦੀ ਰੂਹ

10/09/2019 4:35:55 PM

ਮੋਹਾਲੀ (ਕੁਲਦੀਪ ਸਿੰਘ) : ਆਮ ਵਿਆਹਾਂ ਦੀ ਤਰ੍ਹਾਂ ਹੀ ਇਸ ਕੁੜੀ ਦੇ ਵੀ ਵਿਆਹ 'ਤੇ ਵੀ ਗੁਰਦੁਆਰਾ ਸਾਹਿਬ 'ਚ ਲਾਵਾਂ-ਫੇਰੇ ਹੋਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ ਪਰ ਇਸ ਐੱਮ. ਬੀ. ਏ. ਲਾੜੀ ਨੇ ਲਾਵਾਂ ਤੋਂ ਬਾਅਦ ਜਦੋਂ ਖੁਦ ਸਟੇਜ 'ਤੇ ਜਾ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਲੋਕ ਮੰਤਰ-ਮੁਗਧ ਹੋ ਗਏ। ਅਸਲ 'ਚ ਫੇਜ਼-11 ਵਾਸੀ ਗੁਰਦੀਪ ਸਿੰਘ ਦੀ ਧੀ ਜਸਲੀਨ ਕੌਰ ਦਾ ਵਿਆਹ ਚੰਡੀਗੜ੍ਹ ਵਾਸੀ ਮਸ਼ਹੂਰ ਰਾਗੀ ਬਲਵਿੰਦਰ ਸਿੰਘ ਰੰਗੀਲਾ ਦੇ ਭਤੀਜੇ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਿੰਦਰ ਸਿੰਘ ਰੰਗੀਲਾ ਦੇ ਬੇਟੇ ਰਵਿੰਦਰ ਸਿੰਘ ਨਾਲ ਹੋਇਆ।

ਵਿਆਹ ਮੌਕੇ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕੇ ਨੇ ਜੋੜੀ ਦੇ ਲਾਵਾਂ-ਫੇਰੇ ਕਰਵਾਏ। ਇਸ ਤੋਂ ਬਾਅਦ ਗੋਲਡਨ ਜੋੜੇ 'ਚ ਸਜੀ ਲਾੜੀ ਸਟੇਜ 'ਤੇ ਕੀਰਤਨ ਕਰ ਰਹੇ ਜੱਥੇ ਕੋਲ ਪੁੱਜੀ ਅਤੇ ਸ਼ਬਦ ਗਾਇਨ ਕਰਨ ਲੱਗੀ। ਜਸਲੀਨ ਕੌਰ ਦੀਆਂ ਧਾਰਮਿਕ ਸੰਗੀਤਕ ਧੁਨਾਂ 'ਚ ਉੱਥੇ ਬੈਠੇ ਸਾਰੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਰੂਹ ਰੰਗੀ ਗਈ। ਉਸ ਦੀ ਭੈਣ ਗੁਰਲੀਨ ਕੌਰ ਵੀ ਉਸ ਦੇ ਨਾਲ ਸੀ ਅਤੇ ਲਾੜਾ ਵੀ ਉਸ ਦੇ ਨਾਲ ਹੀ ਬੈਠਾ ਸੀ।

ਐੱਮ. ਬੀ. ਏ. ਲਾੜੀ ਜਸਲੀਨ ਕੌਰ ਦਾ ਇਹ ਰੂਪ ਦੇਖ ਕੇ ਵਿਆਹ 'ਚ ਮੌਜੂਦ ਸਾਰੇ ਰਿਸ਼ਤੇਦਾਰ ਅਤੇ ਹੋਰ ਲੋਕ ਹੈਰਾਨ ਰਹਿ ਗਏ। ਜਸਲੀਨ ਕੌਰ ਪਹਿਲਾਂ ਵੀ ਸ਼ਬਦ ਗਾਇਨ ਕਰਦੀ ਰਹੀ ਹੈ। ਜਸਲੀਨ ਅਤੇ ਉਸ ਦੀ ਛੋਟੀ ਭੈਣ ਗੁਰਲੀਨ ਕੌਰ ਨੇ ਹਰਮੋਨੀਅਮ 'ਤੇ ਬੈਠ ਕੇ ਬਹੁਤ ਦੀ ਸ਼ਰਧਾ ਅਤੇ ਮਿੱਠੀ ਆਵਾਜ਼ 'ਚ 'ਸਤਿਗੁਰ ਤੁਮਰੇ ਕਾਜੁ ਸਵਾਰੇ' ਸ਼ਬਦ ਦਾ ਗਾਇਨ ਕੀਤਾ, ਜਿਸ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਜਸਲੀਨ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਸਲੀਨ ਦੇ ਸ਼ਬਦ ਗਾਇਨ 'ਚ ਭਾਈ ਗੁਰਦੇਵ ਸਿੰਘ ਕੋਹਾੜਕਾ ਦਾ ਵੱਡਾ ਯੋਗਦਾਨ ਹੈ। ਇਸ ਤੋਂ ਬਾਅਦ ਨਵੀਂ ਵਿਆਹੀ ਜੋੜੀ ਨੇ ਸਭ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਪੂਰਨ ਚੰਦ ਬਡਾਲੀ ਨੇ ਸ਼ਬਦ ਸੁਣ ਦਿੱਤਾ ਆਸ਼ੀਰਵਾਦ
ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ ਸੂਫੀ ਗਾਇਕ ਪੂਰਨ ਚੰਦ ਬਡਾਲੀ ਨੇ ਵੀ ਇਸ ਮੌਕੇ 'ਤੇ ਸ਼ਬਦ ਗਾਇਨ ਕੀਤਾ। ਉਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਅਰਦਾਸ ਬਾਰੇ ਸੰਗਤਾਂ ਨੂੰ ਦੱਸਿਆ। ਪੂਰਨ ਚੰਦ ਬਡਾਲੀ ਨੇ ਜਸਲੀਨ ਦੇ ਸ਼ਬਦ ਗਾਇਨਤ ਦੀ ਤਾਰੀਫ ਕੀਤੀ ਅਤੇ ਜੋੜੀ ਨੂੰ ਆਸ਼ੀਰਵਾਦ ਦਿੱਤਾ।


Babita

Content Editor

Related News