ਜਮੂਹਰੀ ਕਿਸਾਨ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਮੈਂਬਰਾਂ ਦੀ 11 ਨੂੰ ਜੰਡਿਆਲੇ ਦੇ ਪਿੰਡਾਂ ''ਚ ਮੀਟਿੰਗ
Wednesday, Aug 09, 2017 - 01:39 PM (IST)

ਭਿੱਖੀਵਿੰਡ(ਸੁਖਚੈਨ, ਅਮਨ) - ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀ ਖਿਲਾਫ 11 ਅਗਸਤ ਨੂੰ ਜੰਡਿਆਲੇ ਵਿਖੇ ਕੀਤੇ ਜਾ ਰਹੇ ਭਾਰੀ ਇਕੱਠ ਦੇ ਸਬੰਧ 'ਚ ਜਮੂਹਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ-ਪਿੰਡ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲਾ ਜਰਨਲ ਸਕੱਤਰ ਦਲਜੀਤ ਸਿੰਘ ਦਿਆਲਪੁਰ ਨੇ ਕਿਹਾ ਕਿ 11 ਅਗਸਤ ਨੂੰ ਇਕ ਭਾਰੀ ਇਕੱਠ ਜੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਚੋਣਾਂ 'ਚ ਕੀਤੇ ਗਏ ਵਾਅਦਿਆਂ ਤੋਂ ਮੁਕਰਨ ਕਰਕੇ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਐਲਾਨ 'ਤੇ ਕਿਸਾਨਾਂ 'ਤੇ ਜੀ. ਐੱਸ. ਟੀ. ਲੱਗਾ ਕੇ ਹੋਰ ਭਾਰੀ ਬੋਝ ਪਾ ਦਿੱਤਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਪੰਜਾਬ ਦੀ ਕਾਂਗਰਸ ਸਰਕਾਰ 'ਤੇ ਵਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੋਣਾਂ ਦੌਰਾਨ ਨਸ਼ੇ ਨੂੰ ਚਾਰ ਹਫਤਿਆਂ ਅੰਦਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਅੰਦਰ ਤਾਂ ਨਸ਼ੇ ਹੋਰ ਵੱਧ ਚੁੱਕੇ ਹਨ। ਪੰਜਾਬ ਦੀ ਜਨਤਾ ਨੂੰ ਸਰਕਾਰ ਨੇ ਇਕ ਘਰ 'ਚ ਇਕ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਸੀ ਜੋ ਅੱਜੇ ਤੱਕ ਪੂਰਾ ਨਹੀਂ ਹੋਇਆ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦਿਆਂ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਪ੍ਰਗਟ ਸਿੰਘ, ਸੁਖਰਾਜ ਸਿੰਘ, ਨਛੱਤਰ ਸਿੰਘ, ਨਿਸ਼ਾਨ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਨਰਿੰਦਰ ਸਿੰਘ, ਬਖਸ਼ੀਸ਼ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।