ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 583ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Jan 27, 2021 - 05:17 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 583ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)– ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਪਿਛਲੇ ਸਾਲਾਂ ਦੌਰਾਨ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦੀ ਭਾਰੀ ਮਾਰ ਸਹਿਣ ਕਰਨੀ ਪਈ ਅਤੇ ਅਜੇ ਵੀ ਦਹਿਸ਼ਤ ਦੀ ਅੰਨ੍ਹੀ ਸੁਰੰਗ ’ਚੋਂ ਸਥਾਈ ਤੌਰ ’ਤੇ ਬਾਹਰ ਨਿਕਲਣ ਦਾ ਕੋਈ ਪੱਕਾ ਰਾਹ ਵਿਖਾਈ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜੀਆਂ ਵਲੋਂ ਬਿਨਾਂ ਕਾਰਣ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਇਸ ਸੂਬੇ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਦੇ ਜੀਵਨ ਨੂੰ ਨਰਕ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਪਾਕਿਸਤਾਨ ਵਲੋਂ ਕੀਤੇ ਜਾ ਰਹੇ ਇਨ੍ਹਾਂ ਦੋਹਰੇ ਹਮਲਿਆਂ ਕਾਰਣ ਜਿਥੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਦੀ ਬਲੀ ਦੇਣੀ ਪਈ ਉਥੇ ਅਣਗਿਣਤ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ।

ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਪਿਛਲੇ 21 ਸਾਲਾਂ ਤੋਂ ਅੱਤਵਾਦ ਅਤੇ ਗੋਲੀਬਾਰੀ ਕਾਰਣ ਬੁਰੀ ਤਰ੍ਹਾਂ ਨਾਲ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਬੀਤੇ ਦਿਨੀਂ 583ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸਵ. ਸਾਈਂ ਟੇਕ ਚੰਦ-ਸ਼ਿਵ ਦੇਵੀ ਪਰਿਵਾਰ ਸਿਆਲਕੋਟ ਵਾਲਿਆਂ ਦੇ ਵੰਸ਼ ਨਾਲ ਸਬੰਧਤ ਸਵ. ਸ਼ੀਲਾਵੰਤੀ-ਸ਼ੋਰੀ ਲਾਲ ਜੈਨ ਜੀ ਦੀ ਪਵਿੱਤਰ ਯਾਦ ’ਚ ਮੈਸਰਜ਼ ਐੱਸ. ਆਰ. ਵੂਲਨ ਮਿਲਜ਼, ਵਿਸ਼ਾਲ ਵੂਲ ਕਾਰਪੋਰੇਸ਼ਨ ਅਤੇ ਸੁਪਰਫਾਈਨ ਿਨਟਿੰਗ ਯਾਰਨਜ਼ ਪਰਿਵਾਰ ਲੁਧਿਆਣਾ ਵਲੋਂ ਦਿੱਤਾ ਗਿਆ ਸੀ। ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਦੀ ਪ੍ਰੇਰਨਾ ਸਦਕਾ ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ’ਚ ਸਬੰਧਤ ਪਰਿਵਾਰ ਦੇ ਸੁਭਾਸ਼-ਨੀਲਮ ਜੈਨ, ਰਾਹੁਲ-ਪ੍ਰੀਤੀ ਜੈਨ, ਭੂਸ਼ਣ-ਮੀਨਾ ਜੈਨ, ਨਵਨੀਤ-ਤਨੂੰ ਜੈਨ, ਰਵਿੰਦਰ-ਮੰਜੂ ਜੈਨ, ਕਪਿਲ-ਅੰਜਲੀ ਜੈਨ ਅਤੇ ਰਚਨਾ-ਵਿਨੀਤ ਗੁਪਤਾ ਵਲੋਂ ਮੁੱਖ ਭੂਮਿਕਾ ਨਿਭਾਈ ਗਈ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ’ਚ ਭਾਰੀ ਸਰਦੀ ਨੂੰ ਧਿਆਨ ’ਚ ਰੱਖਦਿਆਂ ਡਬਲ ਬੈੱਡ ਦੀਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ। ਟਰੱਕ ਰਵਾਨਾ ਕਰਨ ਸਮੇਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਪੰਜਾਬ ਕੇਸਰੀ ਜਲੰਧਰ ਦੇ ਬਿਊਰੋ ਚੀਫ਼ ਸੁਨੀਲ ਧਵਨ, ਲੁਧਿਆਣਾ ਤੋਂ ਪ੍ਰਤੀਨਿਧੀ ਰਾਜਨ ਚੋਪੜਾ ਅਤੇ ਲਾਇਨ ਜੇ. ਬੀ. ਸਿੰਘ ਚੌਧਰੀ ਵੀ ਮੌਜੂਦ ਸਨ। ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ’ਚ ਲੁਧਿਆਣਾ ਤੋਂ ਰਾਕੇਸ਼ ਜੈਨ, ਰਾਜੇਸ਼ ਜੈਨ, ਕੁਲਦੀਪ ਜੈਨ, ਜੰਮੂ ਤੋਂ ਖੁਸ਼ੀ ਜੈਨ, ਸੋਹਮ ਜੈਨ ਅਤੇ ਜਲੰਧਰ ਤੋਂ ਸਮਾਜ ਸੇਵੀ ਰਜਿੰਦਰ ਸ਼ਰਮਾ (ਭੋਲਾ ਜੀ) ਵੀ ਸ਼ਾਮਲ ਸਨ।


author

shivani attri

Content Editor

Related News