ਸੰਕਟਾਂ ਨਾਲ ''ਯੁੱਧ'' ਲੜ ਰਹੇ ਲੋਕਾਂ ਦੇ ਜ਼ਖਮਾਂ ''ਤੇ ਮੱਲ੍ਹਮ ਲਾਉਣ ਦੇ ਯਤਨ

Sunday, May 17, 2020 - 01:03 PM (IST)

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਮਨੁੱਖ ਕਈ ਵਾਰ ਅਜਿਹੀਆਂ ਖਤਰਨਾਕ ਸਥਿਤੀਆਂ 'ਚ ਘਿਰ ਜਾਂਦਾ ਹੈ, ਜਿੱਥੋਂ ਨਿਕਲਣ ਲਈ ਉਸ ਨੂੰ ਨਾ ਕੋਈ ਰਸਤਾ ਸੁੱਝਦਾ ਹੈ ਅਤੇ ਨਾ ਉਨ੍ਹਾਂ ਸਥਿਤੀਆਂ ਨੂੰ ਜਨਮ ਦੇਣ ਵਾਲੀਆਂ ਸਮੱਸਿਆਵਾਂ ਦਾ ਇਲਾਜ ਲੱਭਦਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਇਲਾਕਿਆਂ 'ਚ ਰਹਿਣ ਵਾਲੇ ਲੋਕ ਵੀ ਅੱਜ ਅਜਿਹੀਆਂ ਹੀ ਮੁਸ਼ਕਲ ਭਰੀਆਂ ਸਥਿਤੀਆਂ 'ਚ ਉਲਝੇ ਹੋਏ ਹਨ, ਜਿਨ੍ਹਾਂ ਨੂੰ ਪੈਦਾ ਕਰਨ ਵਿਚ ਸਰਹੱਦ ਪਾਰ ਤੋਂ ਭੇਜੇ ਜਾ ਰਹੇ ਅੱਤਵਾਦੀ ਟੋਲਿਆਂ, ਨਸ਼ਿਆਂ ਦੀਆਂ ਪੰਡਾਂ ਅਤੇ ਹਥਿਆਰਾਂ ਦੇ ਜਖੀਰਿਆਂ ਦਾ ਬਹਤ ਵੱਡਾ ਹੱਥ ਹੈ। ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਨ ਦੀ ਆਮ ਲੋਕਾਂ ਵਿਚ ਕਦੇ ਵੀ ਮੁਕੰਮਲ ਸਮਰੱਥਾ ਨਹੀਂ ਹੁੰਦੀ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜੀਆਂ ਵੱਲੋਂ ਵਾਰ-ਵਾਰ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਲੋਕਾਂ ਦੇ ਸਾਹ-ਸਤ ਮੁਕਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਸਭ ਕਾਰਣ ਸਰਹੱਦੀ ਖੇਤਰਾਂ ਵਿਚ ਨਿਰਾਸ਼ਾ ਦਾ ਇਕ ਅਜਿਹਾ ਆਲਮ ਬਣ ਗਿਆ ਹੈ, ਜਿਸ ਨੂੰ ਸਹਿਣ ਕਰਨਾ ਲੋਕਾਂ ਦੀ ਹੋਣੀ ਬਣ ਗਈ ਹੈ।

ਇਨ੍ਹਾਂ ਸੰਕਟਾਂ ਨਾਲ ਯੁੱਧ ਲੜ ਰਹੇ ਲੋਕਾਂ 'ਤੇ ਪਿਛਲੇ ਦਿਨੀਂ ਇਕ ਹੋਰ ਵੱਡਾ ਹਮਲਾ 'ਕੋਰੋਨਾ' ਦੇ ਰੂਪ 'ਚ ਹੋਇਆ, ਜਿਸ ਕਾਰਨ ਲੋਕ ਆਪਣੇ ਘਰਾਂ 'ਚ ਕੈਦ ਹੋ ਕੇ ਹਾਉਕੇ ਭਰਨ ਲਈ ਮਜਬੂਰ ਹੋ ਗਏ। ਇਸ ਭਿਆਨਕ ਬੀਮਾਰੀ ਕਾਰਨ ਲੋਕਾਂ ਨੂੰ ਆਪਣੀ ਜਾਨ ਬਚਾਉਣ ਅਤੇ ਪੇਟ ਪਾਲਣ ਲਈ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਤ੍ਰਾਸਦੀ ਤਾਂ ਇਹ ਹੈ ਕਿ ਜਿਹੜੇ ਇਲਾਕੇ ਭੂਗੋਲਿਕ ਸਥਿਤੀਆਂ ਕਾਰਣ ਭਾਰਤ ਨਾਲੋਂ ਕੱਟੇ ਜਿਹੇ ਜਾਪਦੇ ਹਨ ਅਤੇ ਜਿੱਥੇ ਆਮ ਹਾਲਾਤ 'ਚ ਵੀ ਆਉਣ-ਜਾਣਾ ਅਤੇ ਲੋੜੀਂਦੀਆਂ ਵਸਤਾਂ ਦੀ ਪ੍ਰਾਪਤੀ ਸੰਭਵ ਨਹੀਂ, ਉਥੇ ਇਸ ਸਮੇਂ ਲੋਕ ਕਿਸ ਤਰ੍ਹਾਂ ਦਿਨ ਗੁਜ਼ਾਰ ਰਹੇ ਹੋਣਗੇ। ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

PunjabKesari

ਅਜਿਹੇ ਇਲਾਕਿਆਂ 'ਚ ਸ਼ਾਮਲ ਹਨ ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਕੁਝ ਸਰਹੱਦੀ ਪਿੰਡ ਜਿਨ੍ਹਾਂ ਦੇ ਦੋ ਪਾਸੇ ਦਰਿਆ (ਰਾਵੀ ਅਤੇ ਉੱਝ) ਵਹਿੰਦੇ ਹਨ ਅਤੇ ਤੀਜੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ। ਪਿੰਡਾਂ 'ਚ ਜਾਣ ਲਈ ਕੋਈ ਸੜਕ ਨਹੀਂ, ਦਰਿਆਵਾਂ 'ਤੇ ਪੁਲ ਵੀ ਨਹੀਂ, ਇਲਾਕੇ 'ਚ ਨਾ ਕੋਈ ਪੁਲਸ ਥਾਣਾ, ਨਾ ਸਕੂਲ, ਨਾ ਹਸਪਤਾਲ ਅਤੇ ਨਾ ਹੀ ਬਾਜ਼ਾਰ ਹੈ ਜਿਥੋਂ ਘਰੇਲੂ ਵਸਤਾਂ ਮਿਲ ਸਕਣ। ਹਰ ਲੋੜ ਵੇਲੇ ਉਥੋਂ ਦੇ ਲੋਕਾਂ ਨੂੰ 10-15 ਕਿਲੋਮੀਟਰ ਦੂਰ ਦੀਨਾ ਨਗਰ, ਗੁਰਦਾਸਪੁਰ ਆਦਿ ਜਾਣਾ ਪੈਂਦਾ ਹੈ। ਲਾਕ ਡਾਊਨ ਅਤੇ ਕਰਫਿਊ ਦੀ ਸਥਿਤੀ ਵਿਚ ਤਾਂ ਇਥੇ ਰਹਿਣ ਵਾਲੇ ਲੋਕ ਪਿੰਜਰਿਆਂ 'ਚ ਬੰਦ ਪੰਛੀਆਂ ਵਾਂਗ ਆਪਣੇ ਘਰਾਂ ਦੀ ਵਲਗਣ 'ਚ ਕੈਦ ਹੋ ਕੇ ਰਹਿ ਗਏ ਹਨ। ਇਸ ਖੇਤਰ ਦੇ ਲੋਕਾਂ ਦਾ ਦੁੱਖ ਦਰਦ ਪਛਾਣਦਿਆਂ ਅਤੇ ਉਨ੍ਹਾਂ ਦੇ 'ਜ਼ਖਮਾਂ 'ਤੇ ਮੱਲ੍ਹਮ' ਲਾਉਣ ਦੇ ਯਤਨਾਂ ਅਧੀਨ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 567ਵੇਂ ਟਰੱਕ ਦੀ ਰਾਹਤ ਸਮੱਗਰੀ ਲੋੜਵੰਦ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਹ ਸਮੱਗਰੀ ਆਰ. ਕੇ. ਐੈੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਦੇ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਰਾਜੀਵ ਸੂਦ ਨੇ ਆਪਣੇ ਪਿਤਾ ਸਵ. ਸ਼੍ਰੀ ਰਾਮ ਕ੍ਰਿਸ਼ਨ ਸੂਦ ਜੀ ਦੀ ਪਵਿੱਤਰ ਯਾਦ ਵਿਚ ਭਿਜਵਾਈ ਸੀ। ਇਸ ਸਿਲਸਿਲੇ ਅਧੀਨ ਉਕਤ ਖੇਤਰ ਦੇ ਭਰਿਆਲ, ਲਸਿਆਣ, ਚੇਬੇ, ਕੂਕਰ, ਚਕਰੰਗਾ ਆਦਿ ਪਿੰਡਾਂ ਦੇ 500 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਇਕ-ਇਕ ਗੁੱਥੀ ਆਟਾ ਮੁਹੱਈਆ ਕਰਵਾਇਆ ਗਿਆ।

ਇਸ ਰਾਹਤ ਵੰਡ ਆਯੋਜਨ ਦੀ ਅਗਵਾਈ ਕਰ ਰਹੇ ਸੀ. ਆਰ. ਪੀ. ਐੈੱਫ. ਦੇ ਰਿਟਾਇਰਡ ਅਧਿਕਾਰੀ ਸ਼੍ਰੀ ਰਾਜ ਸਿੰਘ ਨੇ ਪਿੰਡ ਭਰਿਆਲ ਵਿਚ ਰਾਸ਼ਨ ਵੰਡਣ ਦੇ ਮੌਕੇ 'ਤੇ ਕਿਹਾ ਕਿ ਵੱਡੇ ਖਤਰਿਆਂ ਅਤੇ ਮਾਰੂ ਕੋਰੋਨਾ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਮਜਬੂਰ ਅਤੇ ਲਾਚਾਰ ਲੋਕਾਂ ਦੀ ਬਾਂਹ ਜਿਸ ਤਰ੍ਹਾਂ ਪੰਜਾਬ ਕੇਸਰੀ ਪਰਿਵਾਰ ਨੇ ਫੜੀ ਹੈ। ਇਸ ਦੀ ਹੋਰ ਕੋਈ ਮਿਸਾਲ ਨਹੀਂ। ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਬੰਦਾ ਬੰਦੇ ਕੋਲੋਂ ਦੂਰ ਭੱਜਦਾ ਹੈ ਅਤੇ ਪ੍ਰਸ਼ਾਸਨ ਜਾਂ ਸੱਤਾਧਾਰੀ ਲੋਕ ਵੀ ਸਿਰਫ ਜ਼ੁਬਾਨੀ ਦਿਲਾਸੇ ਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਵੀ ਦੁੱਖ-ਸੁੱਖ ਪੁੱਛਣ ਜਾਂ ਵੰਡਾਉਣ ਦਾ ਹੌਸਲਾ ਨਹੀਂ ਕਰ ਸਕਦਾ। ਰਾਸ਼ਨ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਘਾਟ ਕਾਰਣ ਘਰਾਂ ਦੇ ਚੁੱਲ੍ਹੇ ਬੁੱਝਣ ਦੀ ਨੌਬਤ ਆ ਰਹੀ ਹੈ। ਇਸ ਸਥਿਤੀ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪੀੜਤ ਪਰਿਵਾਰਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਰਾਸ਼ਨ ਦਾ ਟਰੱਕ ਇਸ ਇਲਾਕੇ ਵਿਚ ਭਿਜਵਾਇਆ ਹੈ, ਜਿਥੋਂ ਦੇ ਲੋਕ ਬੇਹੱਦ ਮੁਸ਼ਕਲ ਸਥਿਤੀਆਂ 'ਚ ਦਿਨ ਗੁਜਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਇਸ ਖੇਤਰ ਦੇ ਲੋਕਾਂ ਦੀ ਸਹਾਇਤਾ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

ਡਾਕਟਰੀ ਸਹੂਲਤਾਂ ਦੀ ਵੱਡੀ ਘਾਟ: ਸਰਪੰਚ ਰੂਪ ਸਿੰਘ
ਪਿੰਡ ਭਰਿਆਲ ਦੇ ਸਾਬਕਾ ਸਰਪੰਚ ਸ. ਰੂਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅੱਠ ਪਿੰਡ ਅਜਿਹੇ ਹਨ ਜਿਨ੍ਹਾਂ ਦਾ ਭੁਗੋਲਿਕ ਨਜ਼ਰੀਏ ਤੋਂ ਸਬੰਧ ਭਾਰਤ ਦੀ ਬਜਾਏ ਪਾਕਿਸਤਾਨ ਨਾਲ ਜ਼ਿਆਦਾ ਜੁੜਦਾ ਹੈ ਜਿਧਰੋਂ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਜੀਵਨ ਲਈ ਲੋੜੀਂਦੀਆਂ ਸਹੂਲਤਾਂ ਦਾ ਨਾਂ-ਨਿਸ਼ਾਨ ਨਹੀਂ ਹੈ ਪਰ ਅਜੋਕੇ ਸਮੇਂ ਵਿਚ ਡਾਕਟਰੀ ਸਹੂਲਤਾਂ ਦੀ ਘਾਟ ਬਹੁਤ ਜ਼ਿਆਦਾ ਰੜਕ ਰਹੀ ਹੈ। ਬੀਮਾਰੀ ਦੀ ਸਥਿਤੀ ਵਿਚ ਲੋਕਾਂ ਨੂੰ ਗੁਰਦਾਸਪੁਰ ਜਾਣਾ ਪੈਂਦਾ ਹੈ ਜੋ ਕਿ ਕਰਫਿਊ ਕਾਰਣ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਨਜ਼ਰੀਏ ਤੋਂ ਜ਼ਰੂਰ ਪ੍ਰਬੰਧ ਕਰਨੇ ਚਾਹੀਦੇ।

ਸ. ਰੂਪ ਸਿੰਘ ਨੇ ਕਿਹਾ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ-ਵਾੜ ਦੇ ਅੰਦਰ ਸਰਹੱਦ ਦੇ ਕੰਢੇ ਸਥਿਤ ਹਨ, ਉਨ੍ਹਾਂ ਨੂੰ ਆਪਣੀਆਂ ਫਸਲਾਂ ਸੰਭਾਲਣ ਵਿਚ ਕਾਫੀ ਮੁਸ਼ਕਿਲ ਆ ਰਹੀ ਹੈ। ਪਾਕਿਸਤਾਨ ਵੱਲੋਂ ਸ਼ਰਾਰਤਾਂ ਲਗਾਤਾਰ ਜਾਰੀ ਰਹਿੰਦੀਆਂ ਹਨ ਅਤੇ ਦੂਜਾ ਕੋਰੋਨਾ ਕਾਰਨ ਕਰਫਿਊ ਲਾਗੂ ਹੋਣ ਨਾਲ ਵੀ ਹਾਲਾਤ ਬਹੁਤ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀ ਤਰਸਯੋਗ ਸਥਿਤੀ ਵਿਚ ਲੋਕਾਂ ਲਈ ਰਾਸ਼ਨ ਭਿਜਵਾ ਕੇ ਪੰਜਾਬ ਵਾਸੀਆਂ ਨੇ ਪੁੰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਇਲਾਕੇ 'ਚ ਹੋਰ ਸਮੱਗਰੀ ਭਿਜਵਾਈ ਜਾਣੀ ਚਾਹੀਦੀ ਹੈ। ਇਸ ਮੌਕੇ 'ਤੇ ਪਿੰਡ ਭਰਿਆਲ ਦੀ ਮਹਿਲਾ ਸਰਪੰਚ ਰਜਨੀ ਦੇਵੀ, ਸਰਪੰਚ ਸੰਤੋਖ ਸਿੰਘ (ਚੇਬੇ), ਸਲੋਵਰ ਸਿੰਘ ਲਸਿਆਣ, ਮੋਹਣ ਸਿੰਘ ਕੂਕਰ ਅਤੇ ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਵੀ ਮੌਜੂਦ ਸਨ। ਇਨ੍ਹਾਂ ਸਭ ਦੇ ਸਹਿਯੋਗ ਨਾਲ ਅਤੇ ਸੋਸ਼ਲ ਡਿਸਟੈਂਸ ਦੀ ਪੂਰਨ ਪਾਲਣ ਕਰਦਿਆਂ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਸਮੱਗਰੀ ਦੀ ਵੰਡ ਕੀਤੀ ਗਈ।


shivani attri

Content Editor

Related News