ਪਾਕਿਸਤਾਨੀ ਗੋਲਿਆਂ ਦੇ ਪਰਛਾਵਿਆਂ ਹੇਠ ਖੌਫਜ਼ਦਾ ਪਿੰਡ ਤਰੇਵਾ
Tuesday, Feb 18, 2020 - 03:33 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਨਾਲ ਸਬੰਧਤ ਪਿੰਡ ਤਰੇਵਾ ਨੂੰ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਨੇ ਘੇਰਿਆ ਹੋਇਆ ਹੈ। ਇਹ ਪਿੰਡ ਸਰਹੱਦ ਅਤੇ ਕਸਬਾ ਅਰਨੀਆ ਵਿਚਕਾਰ ਸਥਿਤ ਹੈ ਅਤੇ ਇਥੋਂ ਦੇ ਲੋਕ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਨ ਖੌਫਜ਼ਦਾ ਅਤੇ ਭੈਅਭੀਤ ਰਹਿੰਦੇ ਹਨ। ਅਸਲ 'ਚ ਪਾਕਿਸਤਾਨ ਦਾ ਨਿਸ਼ਾਨਾ ਬਹੁਤੀ ਵਾਰ ਅਰਨੀਆ ਹੀ ਹੁੰਦਾ ਹੈ ਅਤੇ ਇਸ ਗੱਲ ਦੀ ਗਵਾਹੀ ਅਰਨੀਆ ਦੀਆਂ, ਗੋਲੀਬਾਰੀ ਕਾਰਨ ਛਲਣੀ ਹੋਈਆਂ, ਕੰਧਾਂ ਭਰਦੀਆਂ ਹਨ। ਤਰੇਵਾ ਦੇ ਲੋਕਾਂ ਨੂੰ ਇਸ ਗੱਲ ਦਾ ਡਰ ਜਤਾਉਂਦਾ ਰਹਿੰਦਾ ਹੈ ਕਿ ਉਨ੍ਹਾਂ ਦੇ ਸਿਰ ਤੋਂ ਲੰਘਣ ਵਾਲੇ ਗੋਲੇ ਅਤੇ ਗੋਲੀਆਂ ਕਿਤੇ ਉਨ੍ਹਾਂ ਦੇ ਪਿੰਡ 'ਚ ਤਬਾਹੀ ਨਾ ਮਚਾ ਦੇਣ। ਬਹੁਤੀ ਵਾਰ ਅਜਿਹਾ ਹੋਇਆ ਵੀ ਹੈ, ਜਦੋਂ ਗੋਲੀਆਂ ਦੀ ਵਾਛੜ ਨੇ ਤਰੇਵਾ ਦੇ ਲੋਕਾਂ ਦੀ ਜਾਨ ਲਈ ਅਤੇ ਕਈ ਘਰ ਢਹਿ-ਢੇਰੀ ਕਰ ਦਿੱਤੇ।
ਇਹ ਹੈਰਾਨੀ ਦੀ ਗੱਲ ਹੈ ਕਿ ਇੰਨੀ ਦਹਿਸ਼ਤ ਹੇਠ ਜੀਵਨ ਬਸਰ ਕਰ ਰਹੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਬਾਰੇ ਸੋਚਦੇ ਵੀ ਨਹੀਂ। ਸ਼ਾਇਦ ਅਜਿਹਾ ਸੰਭਵ ਨਹੀਂ ਹੈ ਕਿ ਲੋਕ ਆਪਣੇ ਪਰਿਵਾਰਾਂ ਸਮੇਤ ਤਰੇਵਾ 'ਚੋਂ ਕਿਤੇ ਪਲਾਇਨ ਕਰ ਜਾਣ ਅਤੇ ਇਹ ਦੇਸ਼-ਹਿਤ 'ਚ ਵੀ ਠੀਕ ਨਹੀਂ ਹੈ। ਇਹੋ ਕਾਰਨ ਹੈ ਕਿ ਅਜਿਹੇ ਦਰਜਨਾਂ ਸਰਹੱਦੀ ਪਿੰਡਾਂ ਦੇ ਲੋਕ ਗੋਲੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਡਟੇ ਬੈਠੇ ਹਨ। ਪਿਛਲੇ ਤਿੰਨ ਦਹਾਕਿਆਂ 'ਚ ਉਹ ਜਿੰਨਾ ਨੁਕਸਾਨ ਸਹਿਣ ਕਰ ਚੁੱਕੇ ਹਨ, ਉਸ ਦਾ ਅੰਦਾਜ਼ਾ ਲਾਉਣਾ ਵੀ ਅਸੰਭਵ ਹੈ।
ਤਰੇਵਾ ਦੇ ਲੋਕਾਂ ਨੂੰ ਮਿਲਣ ਦਾ ਮੌਕਾ ਪਿਛਲੇ ਦਿਨੀਂ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ ਉੱਥੇ 558ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਇਹ ਰਾਹਤ ਸਮੱਗਰੀ ਲੁਧਿਆਣਾ ਤੋਂ ਸਿਲਵਰ ਸਮਾਜ ਸੇਵਾ ਸੋਸਾਇਟੀ ਅਤੇ ਗੁਪਤਾ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਪਿੰਡ 'ਚ ਇਕ ਘਰ ਦੇ ਖੁੱਲ੍ਹੇ ਵਿਹੜੇ 'ਚ ਇਕੱਠੇ ਹੋਏ 350 ਪਰਿਵਾਰਾਂ ਨੂੰ ਰਜਾਈਆਂ ਵੰਡੀਆਂ ਗਈਆਂ।
ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਪਿੰਡ ਦੀ ਮਹਿਲਾ ਸਰਪੰਚ ਬਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਅਤੇ ਹਮਲਿਆਂ ਕਾਰਨ ਇਥੋਂ ਦੇ ਲੋਕ ਤਰਸਯੋਗ ਹਾਲਤ 'ਚ ਜੀਵਨ ਗੁਜ਼ਾਰ ਰਹੇ ਹਨ। ਪਿਛਲੇ ਦਹਾਕਿਆਂ 'ਚ ਇੰਨਾ ਜ਼ਿਆਦਾ ਨੁਕਸਾਨ ਸਹਿਣ ਕਰਨਾ ਪਿਆ ਹੈ ਕਿ ਜਿਸ ਦੀ ਕਿਸੇ ਵੀ ਤਰ੍ਹਾਂ ਪੂਰਤੀ ਨਹੀਂ ਕੀਤੀ ਜਾ ਸਕਦੀ। ਤ੍ਰਾਸਦੀ ਇਹ ਹੈ ਕਿ ਭਵਿੱਖ 'ਚ ਵੀ ਅਜੇ ਹਾਲਾਤ ਸੁਧਰਨ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਲੋਕਾਂ ਨੇ ਦੁੱਖਾਂ-ਮੁਸੀਬਤਾਂ ਨੂੰ ਹੀ ਆਪਣਾ ਮੁਕੱਦਰ ਸਮਝ ਲਿਆ ਹੈ। ਸਰਪੰਚ ਨੇ ਕਿਹਾ ਕਿ ਤਰੇਵਾ ਅਤੇ ਆਸ-ਪਾਸ ਦੇ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਕਈ ਵਾਰ ਭੁੱਖੇ ਪੇਟ ਵੀ ਸੌਣਾ ਪੈਂਦਾ ਹੈ। ਉਨ੍ਹਾਂ ਦੀ ਕਮਾਈ ਦੇ ਵਸੀਲੇ ਨਹੀਂ ਰਹੇ ਅਤੇ ਖੇਤੀ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੁੱਖਦਾਈ ਗੱਲ ਹੈ ਕਿ ਉਨ੍ਹਾਂ ਨੂੰ ਬਹੁਤ ਮੰਦੇ ਹਾਲਾਤ 'ਚ ਰਹਿਣ ਵਾਲੇ ਲੋਕਾਂ ਦੀ ਸਰਪੰਚ ਬਣਨਾ ਪਿਆ ਅਤੇ ਉਹ ਫੌਰੀ ਤੌਰ 'ਤੇ ਲੋਕ-ਮਸਲਿਆਂ ਦਾ ਹੱਲ ਕਰਨ 'ਚ ਅਸਮਰਥ ਹੈ।
ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਇਆ ਜਾਵੇ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਉਲਟ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਪਰਿਵਾਰ ਨੇ ਜਿੰਮਾ ਸੰਭਾਲਿਆ ਅਤੇ ਸੈਂਕੜੇ ਟਰੱਕ ਸਮੱਗਰੀ ਇਨ੍ਹਾਂ ਲਈ ਭਿਜਵਾਈ। ਉਨ੍ਹਾਂ ਨੇ ਅਪੀਲ ਕੀਤੀ ਕਿ ਤਰੇਵਾ ਖੇਤਰ 'ਚ ਇਕ ਟਰੱਕ ਰਾਸ਼ਨ-ਸਮੱਗਰੀ ਦਾ ਭਿਜਵਾਇਆ ਜਾਣਾ ਚਾਹੀਦਾ ਹੈ।
ਮੌਤ ਦੇ ਸਾਹਮਣੇ ਸੀਨਾ ਤਾਣ ਕੇ ਬੈਠੇ ਨੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਤਰੇਵਾ ਅਤੇ ਆਸ-ਪਾਸ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਮੌਤ ਦੇ ਸਾਹਮਣੇ ਸੀਨਾ ਤਾਣ ਕੇ ਬੈਠੇ ਹਨ। ਪਾਕਿਸਤਾਨੀ ਸੈਨਿਕ ਇਨ੍ਹਾਂ ਇਲਾਕਿਆਂ ਨੂੰ ਵਾਰ-ਵਾਰ ਗੋਲੀਆਂ ਦਾ ਨਿਸ਼ਾਨਾ ਬਣਾਉਂਦੇ ਹਨ ਪਰ ਜਿਸ ਹੌਸਲੇ ਅਤੇ ਬਹਾਦਰੀ ਨਾਲ ਲੋਕ ਇਸ ਖਤਰੇ ਦਾ ਸਾਹਮਣਾ ਕਰਦੇ ਹਨ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦਿਆਂ ਦੇਸ਼ ਵਾਸੀਆਂ ਨੂੰ ਇੱਥੋਂ ਦੇ ਪਰਿਵਾਰਾਂ ਦੀ ਸੇਵਾ-ਸਹਾਇਤਾ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ।
ਯੋਗ ਗੁਰੂ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ-ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਲਈ ਸੇਵਾ ਦਾ ਕੁੰਭ ਚਲਾ ਰਹੇ ਹਨ, ਜਿਸ ਅਧੀਨ ਵੱਖ-ਵੱਖ ਖੇਤਰਾਂ 'ਚ ਕਰੋੜਾਂ ਦੀ ਸਮੱਗਰੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਨੇ ਤਰੇਵਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਉਨ੍ਹਾਂ ਨੂੰ ਰਾਸ਼ਨ ਦਾ ਟਰੱਕ ਵੀ ਭਿਜਵਾਇਆ ਜਾਵੇਗਾ।
ਬਿਸ਼ਨਾਹ ਦੇ ਸਮਾਜ ਸੇਵੀ ਨੌਜਵਾਨ ਆਗੂ ਸ਼੍ਰੀ ਰੂਪੇਸ਼ ਮਹਾਜਨ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਤਰੇਵਾ ਪਿੰਡ ਦੀ ਸਥਿਤੀ ਅਜਿਹੀ ਹੈ ਕਿ ਇਸ ਦੀ ਫਿਰਨੀ 'ਤੇ ਡਿਫੈਂਸ ਲਾਈਨ ਬਣੀ ਹੋਈ ਹੈ। ਜੰਗ ਦੀ ਸਥਿਤੀ ਵਿਚ ਇਥੋਂ ਦੇ ਵਸਨੀਕਾਂ ਨੂੰ ਆਪਣੇ ਘਰ ਖਾਲੀ ਕਰਕੇ ਜਾਣਾ ਪੈਂਦਾ ਹੈ ਅਤੇ ਜੰਗ ਨਾ ਹੋਣ ਦੀ ਸੂਰਤ 'ਚ ਵੀ ਇਥੋਂ ਦੇ ਲੋਕ ਖਤਰਿਆਂ ਭਰਿਆ ਜੀਵਨ ਗੁਜ਼ਾਰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਦੀ ਭਲਾਈ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ।
ਸਰਹੱਦ 'ਤੇ ਵਿਗੜ ਰਹੇ ਨੇ ਹਾਲਾਤ : ਸਰਬਜੀਤ ਜੌਹਲ
ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ, ਪਾਕਿਸਤਾਨ ਦੇ ਬੁਰੇ ਇਰਾਦਿਆਂ ਕਾਰਨ, ਸਰਹੱਦ 'ਤੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪਿਛਲੇ ਸਾਲ 'ਚ ਪਾਕਿਸਤਾਨੀ ਸੈਨਿਕਾਂ ਵੱਲੋਂ ਹਜ਼ਾਰਾਂ ਵਾਰ ਗੋਲੀਬੰਦੀ ਦੀ ਉਲੰਘਣਾ ਕਰਕੇ ਭਾਰਤੀ ਖੇਤਰਾਂ 'ਚ ਫਾਇਰਿੰਗ ਕੀਤੀ ਗਈ। ਪਾਕਿਸਤਾਨ ਦੇ ਆਪਣੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ ਅਤੇ ਉਸ ਦੀ ਆਰਥਕ ਸਥਿਤੀ ਡਾਵਾਂਡੋਲ ਹੋ ਗਈ ਹੈ, ਜਦੋਂਕਿ ਉਹ ਭਾਰਤ ਨੂੰ ਬਰਬਾਦ ਕਰਨ ਦੇ ਰਾਹ ਤੁਰਿਆ ਹੋਇਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦੀਆਂ ਸਭ ਪਾਰਟੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਪਾਕਿਸਤਾਨ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਜੋ ਸਰਹੱਦੀ ਲੋਕ ਸੁੱਖ ਸ਼ਾਂਤੀ ਦਾ ਜੀਵਨ ਗੁਜ਼ਾਰ ਸਕਣ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਸੇਵਾ ਦੇ ਖੇਤਰ 'ਚ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਸ ਮੌਕੇ 'ਤੇ ਅਰਨੀਆ ਦੇ ਸਮਾਜ ਸੇਵੀ ਆਗੂ ਸ਼੍ਰੀ ਬਸੰਤ ਸੈਣੀ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਇਸ ਰਾਹਤ ਮੁਹਿੰਮ ਦਾ ਬਹੁਤ ਵੱਡਾ ਸਹਾਰਾ ਹੈ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਦੁੱਖ ਦੀ ਘੜੀ 'ਚ ਦੇਸ਼ ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਤੇ ਪਿੰਡ ਦੇ ਆਗੂ ਸ. ਗੁਰਿੰਦਰ ਸਿੰਘ ਬਬਲੀ, ਸੁਨੀਲ ਬਰਾਲ, ਰਾਹੁਲ ਸ਼ਰਮਾ, ਯਸ਼ਪਾਲ, ਅਮਨ ਸਿੰਘ, ਭੁਪਿੰਦਰ ਸਿੰਘ ਸੈਣੀ (ਗੋਰਖਾ), ਪ੍ਰੇਮ ਸਿੰਘ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਲੋਕ ਤਰੇਵਾ ਤੋਂ ਇਲਾਵਾ ਕੋਟਲੀ, ਜੱਬੋਵਾਲ ਅਤੇ ਗੋਰੀਆਂ ਚੱਕ ਆਦਿ ਪਿੰਡਾਂ ਨਾਲ ਸਬੰਧਤ ਸਨ।
ਗੋਲੀਬਾਰੀ ਨੇ ਖਾ ਲਿਆ ਮੰਜੂ ਦੇਵੀ ਦਾ ਸਹਾਰਾ
ਪਿੰਡ ਤਰੇਵਾ ਦੀ ਰਹਿਣ ਵਾਲੀ ਮੰਜੂ ਦੇਵੀ 'ਤੇ ਡੇਢ ਸਾਲ ਪਹਿਲਾਂ ਮੁਸੀਬਤਾਂ ਦਾ ਪਹਾੜ ਡਿੱਗ ਪਿਆ, ਜਦੋਂ ਪਾਕਿਸਤਾਨ ਵੱਲੋਂ ਦਾਗੇ ਗਏ ਮੋਰਟਾਰ ਨੇ ਨਾ ਸਿਰਫ ਉਸ ਦੇ ਪਤੀ ਦੀ ਜਾਨ ਲੈ ਲਈ, ਸਗੋਂ ਉਸ ਦਾ ਘਰ ਵੀ ਢਹਿ ਗਿਆ। ਉਸ ਨੂੰ ਸਰਕਾਰ ਵੱਲੋਂ ਸਿਰਫ ਭਰੋਸੇ ਹੀ ਮਿਲੇ ਹਨ, ਜਦੋਂਕਿ ਮਾਲੀ ਮਦਦ ਨਹੀਂ ਮਿਲੀ। ਉਹ ਆਪਣੇ ਮਕਾਨ ਦੀ ਛੱਤ ਵੀ ਨਹੀਂ ਬਣਵਾ ਸਕੀ। ਉਸ ਨੂੰ ਤਿੰਨ ਧੀਆਂ ਅਤੇ ਇਕ ਪੁੱਤਰ ਦਾ ਪੇਟ ਪਾਲਣਾ ਔਖਾ ਹੋ ਗਿਆ ਹੈ। ਿਦਹਾੜੀ-ਮਜ਼ਦੂਰੀ ਦਾ ਵੀ ਕੋਈ ਖਾਸ ਵਸੀਲਾ ਨਾ ਹੋਣ ਕਰਕੇ ਉਸ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਨੂੰ ਗੁਜ਼ਾਰਾ ਭੱਤਾ ਦੇਵੇ ਤਾਂ ਜੋ ਉਹ ਆਪਣਾ ਘਰ ਚਲਾ ਸਕੇ।